ਖਾਲਸਾ ਸਾਜਣਾ ਦਿਹਾੜੇ ਮੌਕੇ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਵਿਖੇ ਸੰਗਤਾਂ ਵੱਡੀ ਗਿਣਤੀ ’ਚ ਨਤਮਸਤਕ

ਬਹਾਦਰਗੜ੍ਹ/ਪਟਿਆਲਾ 13 ਅਪ੍ਰੈਲ : ਸ਼ੋ੍ਰਮਣੀ ਕਮੇਟੀ ਪ੍ਰਬੰਧ ਅਧੀਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਵਿਖੇ ਵਿਸਾਖੀ ਜੋੜ ਮੇਲੇ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੱਡੀ ਗਿਣਤੀ ਵਿਚ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਹਜ਼ੂਰੀ ਕੀਰਤਨੀ ਜੱਥਿਆਂ ਨੇ ਗੁਰਬਾਣੀ ਸਰਵਣ ਕੀਤੀ। ਦੀਵਾਨ ਹਾਲ ਵਿਖੇ ਆਯੋਜਿਤ ਧਾਰਮਕ ਸਮਾਗਮ ਦੌਰਾਨ ਉਚੇਚੇ ਤੌਰ ’ਤੇ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਜਥੇਦਾਰ ਜਸਮੇਰ ਸਿੰਘ ਲਾਛੜੂ ਅਤੇ ਇਲਾਕੇ ਦੀਆਂ ਸਖਸ਼ੀਅਤਾਂ ਪੁੱਜੀਆਂ ਹੋਈਆਂ ਸਨ ।
ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਗੜ੍ਹੀ ਨੇ ਖਾਲਸੇ ਦੇ ਸਿਧਾਂਤ ਨੂੰ ਅਪਣਾਉਣ ’ਤੇ ਜ਼ੋਰ
ਧਾਰਮਕ ਦੀਵਾਨਾਂ ਵਿਚ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਸਮੁੱਚੀ ਸੰਗਤਾਂ ਨੂੰ ਖਾਲਸਾ ਪੰਥ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਖਾਲਸੇ ਦੀ ਰਹਿਣੀ ਬਹਿਣੀ ਅਨੁਸਾਰ ਆਪਣਾ ਜੀਵਨ ਬਤੀਤ ਕਰੀਏ । ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਅਜਿਹੇ ਖਾਲਸੇ ਪੰਥ ਦੀ ਸਿਰਜਣਾ ਕੀਤੀ, ਜਿਸ ਦੀ ਦੁਨੀਆ ਦੇ ਕਿਸੇ ਵੀ ਧਰਮ ਵਿਚ ਮਿਸਾਲ ਨਹੀਂ ਮਿਲਦੀ ਹੈ । ਉਨ੍ਹਾਂ ਕਿਹਾ ਕਿ ਅੱਜ ਦਾ ਇਹ ਵਿਸ਼ੇਸ਼ ਦਿਨ ਖਾਲਸੇ ਦੇ ਸਿਧਾਂਤ ਨੂੰ ਅਪਣਾਉਣ ’ਤੇ ਜ਼ੋਰ ਦਿੰਦਾ ਹੈ ਅਤੇ ਸ਼ਬਦ ਗੁਰੂ ਦਾ ਆਸਰਾ ਪ੍ਰਾਪਤ ਕਰਨ ਮਗਰੋਂ ਹੀ ਸਿੱਖੀ ਦੇ ਨਿਆਰੇਪਣ ਨੂੰ ਕਾਇਮ ਰੱਖਿਆ ਜਾ ਸਕਦਾ । ਇਸ ਮੌਕੇ ਹੈਡ ਗ੍ਰੰਥੀ ਭਾਈ ਅਵਤਾਰ ਸਿੰਘ ਨੇ ਸਰਬੱਤ ਦੇ ਭਲੇ ਅਰਦਾਸ ਕੀਤੀ ਅਤੇ ਸੰਗਤਾਂ ਨੂੰ ਗੁਰੂ ਆਸ਼ੇ ਅਨੁਸਾਰ ਜੀਵਨ ਬਤੀਤ ਕਰਨ ਲਈ ਪ੍ਰੇਰਿਆ ।
ਗੁਰਦੁਆਰਾ ਪ੍ਰਬੰਧਕਾਂ ਨੇ ਪੁੱਜੀਆਂ ਸਖਸ਼ੀਅਤਾਂ ਨੂੰ ਕੀਤਾ ਸਨਮਾਨਤ
ਇਸ ਮੌਕੇ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ ਨੇ ਵੀ ਸੰਗਤਾਂ ਨੂੰ ਬਾਣੀ ਅਤੇ ਬਾਣੇ ਨੂੰ ਧਾਰਨ ਕਰਨ ਦੀ ਪ੍ਰੇਰਨਾ ਦਿੱਤੀ। ਗੁਰਦੁਆਰਾ ਪ੍ਰਬੰਧਕ ਮੈਨੇਜਰ ਮਨਜੀਤ ਸਿੰਘ ਕੌਲੀ ਸੰਗਤਾਂ ਨੂੰ ਜੀ ਆਇਆ ਆਖਿਆ ਅਤੇ ਪੁੱਜੀਆਂ ਸਖਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ ਘੁਮਾਣਾ, ਬਲਵਿੰਦਰ ਸਿੰਘ ਦੌਣ ਕਲਾਂ, ਪ੍ਰਚਾਰਕ ਪਰਵਿੰਦਰ ਸਿੰਘ ਬਰਾੜਾ, ਲਖਵਿੰਦਰ ਸਿੰਘ ਅਜਰਾਵਰ, ਪਰਵਿੰਦਰ ਸਿੰਘ ਰਿਉਂਦ, ਭਾਈ ਕੁਲਵਿੰਦਰ ਸਿੰਘ, ਬਾਬਾ ਸੋਹਣ ਸਿੰਘ ਕਾਰ ਸੇਵਾ ਵਾਲੇ ਆਦਿ ਸਖਸ਼ੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ ।
ਦਸਤਾਰ ਸਿਖਲਾਈ ਕੈਂਪ ਦੌਰਾਨ ਕਰਵਾਏ ਦਸਤਾਰ ਮੁਕਾਬਲੇ
ਵਿਸਾਖੀ ਪੁਰਬ ਮੌਕੇ ਗੁਰਦੁਆਰਾ ਸਾਹਿਬ ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਨੌਜਵਾਨ ਸਿੱਖ ਸੇਵਾ ਸੁਸਾਇਟੀ ਵੱਲੋਂ ਦਸਤਾਰ ਸਿਖਲਾਈ ਕੈਂਪ ਲਗਾਇਆ ਅਤੇ ਦਸਤਾਰ ਮੁਕਾਬਲੇ ਵੀ ਕਰਵਾਏ ਗਏ। ਇਸ ਦੌਰਾਨ ਸੁਰਿੰਦਰ ਸਿੰਘ ਘੁਮਾਣਾ, ਨਿਰਮਲਪ੍ਰੀਤ ਸਿੰਘ, ਪ੍ਰਦੀਪ ਸਿੰਘ ਆਦਿ ਦੀ ਪ੍ਰੇਰਨਾ ਸਦਕਾ ਇਲਾਕੇ ਭਰ ਵਿਚੋਂ ਆਏ ਨੌਜਵਾਨਾਂ ਨੇ ਦਸਤਾਰ ਸਿਖਲਾਈ ਕੈਂਪ ਅਤੇ ਦਸਤਾਰ ਮੁਕਾਬਲਿਆਂ ਵਿਚ ਹਿੱਸਾ ਲਿਆ ।
ਜਥੇਦਾਰ ਗੜ੍ਹੀ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਕੀਤੇ ਸਨਮਾਨਤ
ਇਸ ਦੌਰਾਨ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਕਰਵਾਏ ਦਸਤਾਰ ਮੁਕਾਬਲਿਆਂ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲਿਆਂ ਨੂੰ ਮੈਡਲ ਅਤੇ ਕੇਸਰੀ ਦਸਤਾਰਾਂ ਦੇ ਕੇ ਸਨਮਾਨਤ ਵੀ ਕੀਤਾ। ਇਸ ਦੌਰਾਨ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਨੌਜਵਾਨਾਂ ਨੂੰ ਪ੍ਰੇਰਨਾ ਦਿੰਦਿਆਂ ਸਿੱਖੀ ਅਤੇ ਧਰਮ ਵਿਚ ਦਿ੍ਰੜ ਰਹਿਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਸਿੱਖੀ ਵਿਚ ਸਿਰ ’ਤੇ ਸਜੀ ਦਸਤਾਰ ਜਿਥੇ ਨਿਵੇਕਲੀ ਸਖਸ਼ੀਅਤ ਨੂੰ ਪ੍ਰਭਾਵਤ ਕਰਦੀ, ਉਥੇ ਹੀ ਖਾਲਸੇ ਦੀ ਰਹਿਣ ਬਹਿਣੀ ਅਤੇ ਜੀਵਨ ਜਾਂਚ ਵੀ ਪ੍ਰਦਾਨ ਹੁੰਦੀ ਹੈ।
