ਗਿੱਧੇ ਅਤੇ ਕੱਥਕ ਵਿੱਚ ਭਾਵਾਂ ਦੇ ਪੱਧਰ ਉੱਤੇ ਹੈ ਸਮਾਨਤਾ : ਪੰਜਾਬੀ ਯੂਨੀਵਰਸਿਟੀ ਦੇ ਨਾਚ ਵਿਭਾਗ ਦਾ ਅਧਿਐਨ
ਗਿੱਧੇ ਅਤੇ ਕੱਥਕ ਵਿੱਚ ਭਾਵਾਂ ਦੇ ਪੱਧਰ ਉੱਤੇ ਹੈ ਸਮਾਨਤਾ : ਪੰਜਾਬੀ ਯੂਨੀਵਰਸਿਟੀ ਦੇ ਨਾਚ ਵਿਭਾਗ ਦਾ ਅਧਿਐਨ
-ਨਾਟ ਸ਼ਾਸ਼ਤਰ ਨੂੰ ਆਧਾਰ ਬਣਾ ਕੇ ਕੀਤੀ ਖੋਜ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਨਾਚ ਵਿਭਾਗ ਵੱਲੋਂ ਕੀਤੀ ਗਈ ਇੱਕ ਖੋਜ ਰਾਹੀਂ ਪੰਜਾਬ ਦੇ ਲੋਕ-ਨਾਚ ਗਿੱਧੇ ਅਤੇ ਸ਼ਾਸਤਰੀ ਨਾਚ ਕੱਥਕ ਦੀਆਂ ਆਪਸੀ ਸਮਾਨਤਾਵਾਂ ਨੂੰ ਲੱਭਿਆ ਅਤੇ ਪੜਚੋਲਿਆ ਗਿਆ ਹੈ। ਦੋਹੇਂ ਨਾਚਾਂ ਦੀਆਂ ਵੱਖਰੀਆਂ ਸ਼ੈਲੀਆਂ ਹੋਣ ਦੇ ਬਾਵਜੂਦ ਇਸ ਖੋਜ ਅਧਿਐਨ ਰਾਹੀਂ ਇਹਨਾਂ ਦੋਹਾਂ ਨਾਚਾਂ ਵਿੱਚ ਭਾਵਾਂ ਦੇ ਆਧਾਰ ਉੱਤੇ ਸਮਾਨਤਾ ਵੇਖਣ ਨੂੰ ਮਿਲੀ ਹੈ।
‘ਲੋਕ-ਨਾਚ ਗਿੱਧਾ ਅਤੇ ਸ਼ਾਸ਼ਤਰੀ ਨ੍ਰਿਤ ਕੱਥਕ ਦੀਆਂ ਸੰਚਾਰ ਵਿਧੀਆ: ਇੱਕ ਤੁਲਨਾਤਮਿਕ ਅਧਿਐਨ’ ਨਾਮ ਦਾ ਇਹ ਖੋਜ ਕਾਰਜ ਡਾ. ਇੰਦਿਰਾ ਬਾਲੀ ਦੀ ਨਿਗਰਾਨੀ ਵਿੱਚ ਖੋਜਾਰਥੀ ਕਿਰਨਪ੍ਰੀਤ ਕੌਰ ਵੱਲੋਂ ਕੀਤਾ ਗਿਆ ਹੈ।
ਖੋਜਾਰਥੀ ਕਿਰਨਪ੍ਰੀਤ ਕੌਰ ਨੇ ਦੱਸਿਆ ਕਿ ਲੋਕ-ਨਾਚ ਗਿੱਧਾ ਅਤੇ ਸ਼ਾਸਤਰੀ ਨਾਚ ਕੱਥਕ ਵਿੱਚ ਸਮਾਨਤਾ ਦੇ ਸਿੱਟੇ ਕਲਾਵਾਂ ਦੇ ਖੇਤਰ ਨਾਲ਼ ਸੰਬੰਧਤ ਪੁਰਾਤਨ ਅਤੇ ਪ੍ਰਮਾਣਿਤ ਭਾਰਤੀ ਗ੍ਰੰਥ ‘ਨਾਟਯ-ਸ਼ਾਸਤਰ’ ਨੂੰ ਆਧਾਰ ਬਣਾ ਕੇ ਕੱਢੇ ਗਏ ਹਨ ਜੋ ਕਿ ਭਰਤ ਮੁਨੀ ਵੱਲੋਂ ਰਚਿਤ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕ ਨਾਚਾਂ ਦੇ ਖੇਤਰ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਖੋਜ ਕਾਰਜ ਹੈ ਜਿੱਥੇ ਔਰਤਾਂ ਦੇ ਲੋਕ ਨਾਚ ਗਿੱਧੇ ਨੂੰ ਭਾਰਤੀ ਸ਼ਾਸਤਰੀ ਨ੍ਰਿਤ ਕੱਥਕ ਨਾਲ ਨਾਟਯ-ਸ਼ਾਸਤਰ ਦੇ ਹਵਾਲੇ ਨਾਲ਼ ਤੁਲਨਾ ਵਿੱਚ ਰੱਖ ਕੇ ਅਧਿਐਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਖੋਜ ਕਾਰਜ ਦੇ ਸਿੱਟਿਆਂ ਦਾ ਲਾਭ ਦੋਹਾਂ ਨਾਚਾਂ ਦੇ ਖੇਤਰਾਂ ਨਾਲ਼ ਸੰਬੰਧਤ ਲੋਕਾਂ ਨੂੰ ਮਿਲਣਾ ਹੈ।
ਡਾ. ਇੰਦਿਰਾ ਬਾਲੀ ਨੇ ਦੱਸਿਆ ਕਿ ਇਸ ਖੋਜ ਕਾਰਜ ਅਧੀਨ ਲੋਕ ਨਾਚ ਗਿੱਧਾ ਅਤੇ ਸ਼ਾਸਤਰੀ ਨ੍ਰਿਤ ਕੱਥਕ ਦੋਨੋਂ ਹੀ ਨਾਚ ਸ਼ੈਲੀਆਂ ਦੇ ਤਕਨੀਕੀ ਪੱਖ ਨੂੰ ਨ੍ਰਿਤ, ਨ੍ਰਿਤਯ ਅਤੇ ਨਾਟਯ ਦੇ ਅੰਤਰਗਤ ਘੋਖ ਕੇ 38 ਸਮਾਨ-ਅੰਤਰ ਤੱਤਾਂ ਨੂੰ ਸਾਹਮਣੇ ਲਿਆਂਦਾ ਗਿਆ ਹੈ ਜਿਸ ਦੇ ਅੰਤਰ-ਗਤ ਨ੍ਰਿਤ ਪੱਖ ਵਿੱਚ 25 ਹਸਤ ਮੁਦਰਾਵਾਂ, 1 ਪਦ ਸੰਚਾਲਨ, 1 ਭਰਮਰੀ ਦਾ ਪ੍ਰਕਾਰ ਅਤੇ ਕਸਕ-ਮਸਕ ਦੇ ਲਿਹਾਜ਼ ਨਾਲ਼ ਆਪਸੀ ਸਾਂਝ ਅਤੇ ਸਮਾਨਤਾ ਦੇ ਪ੍ਰਮਾਣ ਸਾਹਮਣੇ ਆਏ ਹਨ। ਨਾਚ ਪੱਖ ਵਿੱਚ ਨਾਟਯ ਸ਼ਾਸਤਰ ਵਿੱਚ ਦਰਜ ਅਸ਼ਟ-ਨਾਇਕਾਵਾਂ ਵਿਚੋਂ ਇਨ੍ਹਾਂ ਦੋਹਾਂ ਨਾਚਾਂ ਵਿੱਚ ਆਪਸ ਵਿੱਚ ਮੇਲ ਖਾਂਦੀਆਂ 5 ਨਾਇਕਾਵਾਂ ਅਤੇ 4 ਰਸ ਵੇਖੇ ਗਏ ਹਨ। ਨਾਟਯ ਪੱਖ ਵਿੱਚ ਅਭਿਨੈ ਦੇ ਚਾਰ ਤੱਤ- ਆਂਗਿਕ, ਵਾਚਿਕ, ਆਹਾਰਿਯ, ਸਾਤਵਿਕ ਅਤੇ ਚਿਹਰੇ ਦੇ ਹਾਵ-ਭਾਵ ਦੇ ਸੁਮੇਲ ਦੀ ਇਹਨਾਂ ਦੋਨੋਂ ਕਲਾਵਾਂ ਵਿੱਚ ਬਰੀਕੀ ਨਾਲ਼ ਤੁਲਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਖੋਜ ਕਾਰਜ ਕਲਾਵਾਂ ਦੇ ਸਿਖਿਆਰਥੀਆਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਲਈ ਦੋਨੋਂ ਨਾਚਾਂ ਨੂੰ ਬਿਹਤਰ ਤਰੀਕੇ ਨਾਲ਼ ਸਮਝਣ ਅਤੇ ਪੇਸ਼ਕਾਰੀ ਕਰਨ ਲਈ ਇੱਕ ਪ੍ਰਮਾਣਿਕ ਸਰੋਤ ਦਾ ਕੰਮ ਕਰੇਗਾ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਖੋਜ ਕਾਰਜ ਦੀ ਸ਼ਲਾਘਾ ਕਰਦਿਆਂ ਨਿਗਰਾਨ ਅਤੇ ਖੋਜਾਰਥੀ ਨੂੰ ਵਿਸ਼ੇਸ਼ ਵਧਾਈ ਦਿੱਤੀ ਗਈ। ਉਹਨਾਂ ਇਸ ਖੋਜ ਕਾਰਜ ਦੀ ਗੱਲ ਕਰਦਿਆਂ ਕਿਹਾ ਕਿ ਇਸ ਖੋਜ ਰਾਹੀਂ ਜਿੱਥੇ ਭਾਸ਼ਾ ਅਤੇ ਸੱਭਿਆਚਾਰ ਦੇ ਸੁਮੇਲ ਦਾ ਜੋ ਮਕਸਦ ਹੈ ਉਹ ਪੂਰਾ ਹੁੰਦਾ ਹੈ ਓਥੇ ਹੀ ਨਾਚ ਖੇਤਰ ਵਿੱਚ ਦਿਲਚਸਪੀ ਰੱਖਣ ਵਾਲੇ ਕਲਾਕਾਰ, ਭਾਵੇਂ ਉਹ ਲੋਕ ਨਾਚਾਂ ਨਾਲ ਜੁੜੇ ਹੋਣ ਭਾਵੇਂ ਸ਼ਾਸਤਰੀ ਨ੍ਰਿਤ ਨਾਲ਼, ਜੋ ਵੀ ਕਲਾਕਾਰ ਇਹਨਾਂ ਵਿਧਾਵਾਂ ਨੂੰ ਸਿੱਖਣ ਸਿਖਾਉਣ ਦਾ ਕੰਮ ਕਰਨਾ ਚਾਹੁੰਦੇ ਹਨ, ਉਹਨਾਂ ਲਈ ਇਹ ਖੋਜ ਕਾਰਜ ਲਾਭਦਇਕ ਹੋਵੇਗਾ।