ਪਾਰਕ ਦੀ ਜਗ੍ਹਾ 'ਚ ਬਣਾਈ ਬੇਸਮੈਂਟ ਤੋੜ ਕੇ ਨਗਰ ਨਿਗਮ ਨੇ ਲਿਆ ਕਬਜ਼ਾ

ਪਟਿਆਲਾ : ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਅਗਵਾਈ ਹੇਠ ਸਥਾਨਕ ਗੁਰਦੇਵ ਨਗਰ ਵਾਰਡ ਨੰਬਰ 41 ਵਿਖੇ ਲੋਕਾਂ ਨੂੰ ਨਵਾਂ ਪਾਰਕ ਮਿਲਿਆ ਹੈ। ਇਸ ਪਾਰਕ ਦੀ ਜਗ੍ਹਾ ਜੋ ਲਗਭਗ 500 ਗਜ਼ ਹੈ, ਇਸ ਉੱਪਰ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ, ਜਿਸ ਨੂੰ ਕੌਂਸਲਰ ਪਤੀ ਅੰਮ੍ਰਿਤਪਾਲ ਸਿੰਘ ਪਾਲੀ ਦੀ ਮਿਹਨਤ ਸਦਕਾ ਕਬਜ਼ਾ ਬਹਾਲ ਕਰਕੇ ਨਗਰ ਨਿਗਮ ਦੇ ਸਪੁਰਦ ਕੀਤਾ ਗਿਆ ।
ਇਹ ਪਾਰਕ ਜੋ ਕਾਫੀ ਪੁਰਾਣਾ ਹੈ ਅਤੇ ਇਸ ਦੀ ਜਗ੍ਹਾ ਨਗਰ ਨਿਗਮ ਦੇ ਖਾਤੇ ਵਿਚ ਬੋਲਦੀ ਹੈ
ਇਸ ਮੌਕੇ ਅੰਮ੍ਰਿਤਪਾਲ ਪਾਲੀ ਨੇ ਦੱਸਿਆ ਕਿ ਇਹ ਪਾਰਕ ਜੋ ਕਾਫੀ ਪੁਰਾਣਾ ਹੈ ਅਤੇ ਇਸ ਦੀ ਜਗ੍ਹਾ ਨਗਰ ਨਿਗਮ ਦੇ ਖਾਤੇ ਵਿਚ ਬੋਲਦੀ ਹੈ ਪਰ ਕਈ ਲੋਕਾਂ ਨੇ ਇਸ ‘ਤੇ ਕਬਜ਼ਾ ਕੀਤਾ ਹੋਇਆ ਸੀ । ਇਥੋਂ ਤੱਕ ਕਿ ਇੱਕ ਵਿਅਕਤੀ ਨੇ ਪਾਰਕ ਹੇਠਾਂ ਬੇਸਮੈਂਟ ਬਣਾਈ ਹੋਈ ਸੀ, ਜਦਕਿ ਕੁਝ ਲੋਕਾਂ ਨੇ ਪਾਰਕ ਵੱਲ ਦਰਵਾਜ਼ੇ ਕੱਢੇ ਹੋਏ ਸਨ, ਇਸ ਲਈ ਹੁਣ ਨਗਰ ਨਿਗਮ ਅਧਿਕਾਰੀਆਂ ਦੀ ਸੁਚੱਜੀ ਮੌਜੂਦਗੀ ਵਿਚ ਅਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਅਗਵਾਈ ਹੇਠ ਇਸ ਪਾਰਕ ਦਾ ਕਬਜ਼ਾ ਲੈ ਕੇ ਬੇਸਮੈਂਟ ਤੋੜ ਕੇ ਬਰਾਬਰ ਕਰ ਦਿੱਤੀ ਹੈ, ਜਦਕਿ ਲੋਕਾਂ ਵੱਲੋਂ ਕੱਢੇ ਦਰਵਾਜ਼ੇ ਬੰਦ ਕਰਕੇ ਨਗਰ ਨਿਗਮ ਨੇ ਪਾਰਕ ਬਨਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ । ਇਸੇ ਤਰ੍ਹਾਂ ਇੱਕ ਹੋਰ ਪਾਰਕ ਜੋ 225 ਗਜ਼ ਦਾ ਹੈ, ਉਸ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਪਾਰਕ ਵਿਚ ਬੱਚਿਆਂ ਦੇ ਝੂਲੇ ਲਗਾਏ ਜਾਣਗੇ ਅਤੇ ਬੈਠਣ ਲਈ ਕੁਰਸੀਆਂ ਲਗਾ ਕੇ ਇਸ ਨੂੰ ਸ਼ਾਨਦਾਰ ਤਰੀਕੇ ਨਾਲ ਬਣਾਇਆ ਜਾਵੇਗਾ । ਕੌਂਸਲਰ ਦੇ ਪਤੀ ਪਾਲੀ ਨੇ ਦੱਸਿਆ ਕਿ ਦੂਜੇ ਕਰੀਬ 500 ਗਜ ਵਿਚ ਜਿਮ ਅਤੇ ਬੈਂਚ ਲਗਾ ਕੇ ਨਾਲ ਹੀ ਲੋਕਾਂ ਦੇ ਬੈਠਣ ਲਈ ਘਾਹ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਲਗਾਏ ਜਾਣਗੇ ।
