ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਦਿੱਤੇ ਕਰਨਲ ਬਾਠ ਕੁੱਟਮਾਰ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਸ ਨੂੰ ਕਰਨ ਦੇ ਹੁਕਮ

ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਹੁਕਮ ਦਿੱਤੇ ਹਨ ਕਿ ਕਰਨਲ ਪੁਸ਼ਪਿੰਦਰ ਸਿੰਘ ਬਾਠ ਕੁੱਟਮਾਰ ਮਾਮਲੇ ਦੀ ਜਾਂਚ ਹੁਣ ਚੰਡੀਗੜ੍ਹ ਪੁਲਸ ਵਲੋਂ ਕੀਤੀ ਜਾਵੇਗੀ । ਦੱਸਣਯੋਗ ਹੈ ਕਿ ਕਰਨਲ ਦੀ ਧਰਮ ਪਤਨੀ ਜਸਵਿੰਦਰ ਕੌਰ ਬਾਠ ਵਲੋਂ ਲਗਾਤਾਰ ਜਾਂਚ ਸੀ. ਬੀ. ਆਈ. ਤੋਂ ਕਰਵਾਏ ਜਾਣ ਦੀ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਉਨ੍ਹਾਂ ਵਲੋਂ ਵਾਰ ਵਾਰ ਇਹ ਬੇਭਰੋਸਗੀ ਜਾਹਰ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਨੂੰ ਪੰਜਾਬ ਪੁਲਸ ਦੇ ਅਧਿਕਾਰੀਆਂ ਵਲੋ਼ ਕੀਤੀ ਜਾਣ ਵਾਲੀ ਜਾਂਚ ਤੇ ਭੋਰਾ ਵੀ ਭਰੋਸਾ ਨਹੀਂ ਹੈ ।
ਪੰਜਾਬ ਦੇ 12 ਦੇ ਕਰੀਬ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਕੀਤੀ ਗਈ ਸੀ ਕਰਨਲ ਤੇ ਅੰਗਦ ਸਿੰਘ ਬਾਠ ਦੀ ਕੁੱਟਮਾਰ
ਜਿਕਰਯੋਗ ਹੈ ਕਿ ਸ਼ਾਹੀ ਸ਼ਹਿਰ ਪਟਿਆਲਾ ਦੇ ਪਟਿਆਲਾ ਸੰਗਰੂਰ ਰੋਡ ਤੇ ਬਣੇ ਰਾਜਿੰਦਰਾ ਹਸਪਤਾਲ ਦੇ ਬਾਹਰ ਬਣੇ ਇਕ ਢਾਬੇ ਤੇ 13 ਤੇ 14 ਮਾਰਚ ਦੀ ਦਰਮਿਆਨੀ ਰਾਤ ਨੂੰ ਢਾਬੇ ਤੇ ਮੈਗੀ ਖਾਣ ਲਈ ਰੁਕੇ ਭਾਰਤੀ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਨ੍ਹਾਂ ਦੇ ਸਪੁੱਤਰ ਅੰਗਦ ਸਿੰਘ ਬਾਠ ਦੀ ਕੁੱਟਮਾਰ ਪੰਜਾਬ ਦੇ 12 ਦੇ ਕਰੀਬ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਕੀਤੀ ਗਈ ਸੀ, ਜਿਸ ਦਾ ਵਿਰੋਧ ਕਰਦਿਆਂ ਕਰਨਲ ਦੇ ਪਰਿਵਾਰਕ ਮੈਂਬਰਾਂ ਵਲੋਂ ਵਾਰ ਵਾਰ ਦੋਸ਼ੀ ਪੁਲਸ ਅਧਿਕਾਰੀਆਂ ਤੇ ਐਫ. ਆਈ. ਆਰ. ਦਰਜ ਕਰਨ ਦੀ ਮੰਗ ਦੇ ਨਾਲ ਹੋਰ ਵੀ ਕਈ ਮੰਗਾਂ ਕੀਤੀਆਂ ਜਾ ਰਹੀਆਂ ਸਨ, ਜਿਸਦੇ ਚਲਦਿਆਂ ਪੁਲਸ ਵਲੋਂ ਭਾਰੀ ਦਬਾਅ ਹੇਠ ਆਉਂਦਿਆਂ ਘਟਨਾ ਤੋਂ 8 ਦਿਨਾਂ ਬਾਅਦ ਜਾ ਕੇ ਉਨ੍ਹਾਂ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ਼ ਨਾਮ ਸਣੇ ਕੇਸ ਦਰਜ ਕੀਤਾ ਜਿਨ੍ਹਾਂ ਦਾ ਨਾਮ ਵਾਰ ਵਾਰ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਪਰਿਵਾਰਕ ਮੈਂਬਰਾਂ ਵਲੋਂ ਅਤੇ ਢਾਬੇ ਤੇ ਬਣੀ ਸੀ. ਸੀ. ਟੀ. ਵੀ. ਫੁਟੇਜ਼ ਵਿਚ ਕੁੱਟਦੇ ਦਿਖਾਈ ਦੇ ਰਿਹਾ ਸੀ ।
ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਪੂਰੀ ਕੀਤੀ ਚੰਡੀਗੜ੍ਹ ਪੁਲਸ ਨੂੰ ਜਾਂਚ ਕਰਨ ਦਾ ਜਿੰਮਾ ਦੇ ਕੇ ਮੰਗ
ਇਥੇ ਇਹ ਵੀ ਦੱਸਣਯੋਗ ਹੈ ਕਿ ਪੁਲਸ ਅਧਿਕਾਰੀਆਂ ਕਰਮਚਾਰੀਆਂ ਤੇ ਕੇਸ ਦਰਜ ਕਰਨ ਤੋਂ ਪਹਿਲਾਂ ਪੁਲਸ ਦੇ ਅਧਿਕਾਰੀਆਂ ਵਲੋਂ 12 ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਸ ਘਟਨਾ ਦਾ ਜਿੰਮੇਵਾਰ ਮੰਨਦਿਆਂ ਮਾਹੌਲ ਨੂੰ ਸ਼ਾਂਤ ਕਰਨ ਲਈ ਟ੍ਰਾਂਸਫਰ ਕਰਨ ਦੇ ਨਾਲ ਨਾਲ ਸਸਪੈਂਡ ਵੀ ਕਰ ਦਿੱਤਾ ਗਿਆ ਸੀ ਪਰ ਹੁਣ ਜਾਂਚ ਦੀ ਮੰਗ ਸੀ. ਬੀ. ਆਈ. ਕੋਲੋਂ ਕਰਵਾਏ ਜਾਣ ਦੀਆਂ ਅਟਕਲਾਂ ਨੂੰ ਵੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ ਪੁਲਸ ਨੂੰ ਜਾਂਚ ਕਰਨ ਦਾ ਜਿੰਮਾ ਦੇ ਕੇ ਮੰਗ ਪੂਰੀ ਕੀਤੀ ਹੈ ।
