ਖ਼ਾਲਸਾ ਕਾਲਜ ਪਟਿਆਲਾ ਦੇ ਨਾਨ-ਟੀਚਿੰਗ ਸਟਾਫ ਦਾ 6ਵਾਂ ਪੇ-ਕਮਿਸ਼ਨ ਲਾਗੂ ਨਾ ਕਰਨ ਦੇ ਵਿਰੋੋਧ ਵਿੱਚ ਸਰਕਾਰ ਖ਼ਿਲਾਫ ਰੋਸ ਧਰਨਾ

ਖ਼ਾਲਸਾ ਕਾਲਜ ਪਟਿਆਲਾ ਦੇ ਨਾਨ-ਟੀਚਿੰਗ ਸਟਾਫ ਦਾ 6ਵਾਂ ਪੇ-ਕਮਿਸ਼ਨ ਲਾਗੂ ਨਾ ਕਰਨ ਦੇ ਵਿਰੋੋਧ ਵਿੱਚ ਸਰਕਾਰ ਖ਼ਿਲਾਫ ਰੋਸ ਧਰਨਾ ਪਟਿਆਲਾ—ਸਹਾਇਤਾ ਪ੍ਰਾਪਤ ਕਾਲਜਾਂ ਦੇ ਨਾਨ-ਟੀਚਿੰਗ ਅਮਲੇ ਨੂੰ ਛੇਵਾਂ ਪੇ ਕਮੀਸ਼ਨ ਲਾਗੂ ਨਾ ਕਰਨ ‘ਤੇ ਅੱਜ ਮਿਤੀ 28 ਜੁਲਾਈ 2023 ਨੂੰ ਸੈਂਟਰ ਯੂਨੀਅਨ ਦੇ ਸੱਦੇ ਤੇ ਕਾਲਜ ਵਿੱਚ ਧਰਨਾ ਦਿੱਤਾ ਗਿਆ। ਸ. ਸ਼ਮਸ਼ੇਰ ਸਿੰਘ ਪ੍ਰਧਾਨ ਨਾਨ ਟੀਚਿੰਗ ਯੂਨੀਅਨ ਨੇ ਦੱਸਦੇ ਹੋਏ ਕਿਹਾ ਕਿ 6ਵਾਂ ਪੇ ਕਮਿਸ਼ਨ ਲਾਗੂ ਕਰਨ ਦੇ ਸਬੰਧ ਵਿੱਚ ਨਾਨ-ਟੀਚਿੰਗ ਯੂਨੀਅਨ ਪੰਜਾਬ ਦਾ ਇੱਕ ਵਫਦ 24-04-2023 ਨੂੰ ਡੀ.ਪੀ.ਆਈ. ਕਾਲਜਾਂ ਅਤੇ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਨੂੰ ਮਿਲੇ ਸਨ। ਉਹਨਾਂ ਵੱਲੋਂ ਇੱਕ ਪੱਤਰ ਦੀ ਕਾਪੀ ਨੰ. 270 ਸੌਂਪੀ ਗਈ ਸੀ ਅਤੇ ਇਸ ਦੀ ਜਲਦੀ ਕਾਰਵਾਈ ਕਰਨ ਵਾਸਤੇ ਕਿਹਾ ਗਿਆ ਸੀ। ਸਾਨੂੰ ਦੱਸਦੇ ਹੋਏ ਅਫਸੋਸ ਹੈ ਕਿ ਇੰਨੇ ਦਿਨ ਬੀਤ ਜਾਣ ‘ਤੇ ਵੀ ਕੋਈ ਅੰਤਿਮ ਰੂਪ ਨਹੀਂ ਦਿਤਾ ਗਿਆ। ਜਿਸ ਨਾਲ ਮੁਲਾਜ਼ਮ ਮਾਨਸਿਕ ਪੱਧਰ ਤੇ ਬਹੁਤ ਪ੍ਰੇਸ਼ਾਨ ਹੋ ਰਹੇ ਹਨ। ਯੂਨੀਅਨ ਦੇ ਸਕੱਤਰ ਸ. ਹਰਮਿੰਦਰ ਸਿੰਘ ਸਾਹੀਵਾਲ ਨੇ ਆਪਣਾ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਜਲਦੀ ਤੋਂ ਜਲਦੀ ਇਸ ਜਾਇਜ਼ ਮੰਗ ਨੂੰ ਲਾਗੂ ਕਰਵਾਵੇ ਅਤੇ ਛੇਵੇਂ ਪੇ ਕਮੀਸ਼ਨ ਦਾ ਨੋਟੀਫਿਕੈਸ਼ਨ ਤੁਰੰਤ ਲਾਗੂ ਕਰੇੇ। ਜੇ ਇਹਨਾਂ ਮੰਗਾਂ ਨੂੰ ਤੁਰੰਤ ਲਾਗੂ ਨਾ ਕੀਤਾ ਗਿਆ ਤਾਂ 02 ਅਗਸਤ ਨੂੰ ਕਾਲਜ ਗੇਟ ਮੁਹਰੇ ਧਰਨਾ ਦਿੱਤਾ ਜਾਵੇਗਾ। ਜੇ ਫਿਰ ਵੀ ਸਰਕਾਰ ਕੋਈ ਸੁਣਵਾਈ ਨਹੀਂ ਕਰਦੀ ਤਾਂ 07 ਅਗਸਤ 2023 ਨੂੰ ਸਿੱਖਿਆ ਮੰਤਰੀ ਦੇ ਹਲਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਮੂਹ ਨਾਨ-ਟੀਚਿੰਗ ਯੂਨੀਅਨ ਪੰਜਾਬ ਵੱਲੋਂ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਕਾਲਜ ਦਾ ਸਮੂਹ ਨਾਨ-ਟੀਚਿੰਗ ਸਟਾਫ ਮੌਜੂਦ ਰਿਹਾ।
