ਸਿੰਡੀਕੇਟ ਵਿੱਚ ਪੀ. ਯੂ. ਦੇ ਗੈਰ ਅਧਿਆਪਨ ਕਰਮਚਾਰੀਆਂ ਲਈ ਵਰਤੀ ਮਾੜੀ ਸ਼ਬਦਾਵਲੀ ਵਿਰੁੱਧ ਮੁਲਾਜ਼ਮਾਂ ਘੇਰਿਆ ਰਜਿਸਟਰਾਰ ਦਫ਼ਤਰ

ਪਟਿਆਲਾ : ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ ਸਿੰਡੀਕੇਟ ਮੀਟਿੰਗ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ, ਜਿਸ ਸਬੰਧੀ ਅੱਜ ਗੈਰ ਅਧਿਆਪਨ ਕਰਮਚਾਰੀ ਸੰਗਠਨਾਂ ਵੱਲੋਂ ਮੁਲਾਜ਼ਮਾਂ ਦੀ ਅਗਵਾਈ ਹੇਠ ਰਜਿਸਟਰਾਰ ਦਫ਼ਤਰ ਦੇ ਬਾਹਰ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ । ਜਾਣਕਾਰੀ ਦਿੰਦਿਆਂ ਵੱਖ ਵੱਖ ਕਰਮਚਾਰੀ ਆਗੂਆਂ ਰਾਜਿੰਦਰ ਸਿੰਘ ਬਾਗੜੀਆਂ, ਗੁਰਜੀਤ ਸਿੰਘ ਗੋਪਾਲਪੁਰੀ,ਗਗਨ ਸ਼ਰਮਾ, ਗੁਰਿੰਦਰਪਾਲ ਸਿੰਘ ਬੱਬੀ, ਪੁਸ਼ਪਿੰਦਰ ਸਿੰਘ ਬਰਾੜ, ਜਰਨੈਲ ਸਿੰਘ , ਅਮਰਜੀਤ ਕੌਰ, ਰੇਖਾਂ ਨੇ ਦੱਸਿਆ ਕਿ ਯੂਨੀਵਰਸਿਟੀ ਵਿਖੇ ਹੋਈ ਸਿੰਡੀਕੇਟ ਮੀਟਿੰਗ ਵਿੱਚ ਗੈਰ ਅਧਿਆਪਨ ਕਰਮਚਾਰੀਆਂ ਦੇ ਕੰਮਾਂ ਸਬੰਧੀ ਭੇਜੇ ਗਏ ਏਜੰਡੇ ਨੂੰ ਜਾਣ ਬੁੱਝ ਕੇ ਸਿੰਡੀਕੇਟ ਮੈਂਬਰਾਂ ਵਲੋਂ ਅਣਗੋਲਿਆਂ ਕੀਤਾ ਗਿਆ ਹੈ । ਆਗੂਆਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦਾ ਧੁਰਾ ਪ੍ਰੀਖਿਆ ਸ਼ਾਖਾ ਦੇ ਕਰਮਚਾਰੀਆਂ ਵਿਰੁੱਧ ਬੋਲੀ ਮਾੜੀ ਸ਼ਬਦਾਵਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਰਮਚਾਰੀਆਂ ਨੇ ਮੰਗ ਕੀਤੀ ਕਿ ਪ੍ਰੀਖਿਆ ਸ਼ਾਖਾ ਪ੍ਰਤੀ ਬੋਲੇ ਸ਼ਬਦਾਂ ਬਾਰੇ ਪ੍ਰਸ਼ਾਸਨ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ।
ਸਿੰਡੀਕੇਟ ਮੈਂਬਰਾਂ ਕੀਤਾ ਪ੍ਰੀਖਿਆ ਸ਼ਾਖਾ ਸਬੰਧੀ ਸਿੰਡੀਕੇਟ ਵਿੱਚ ਕੀਤੇ ਫੈਸਲੇ ਦਾ ਵਿਰੋਧ
ਸਿੰਡੀਕੇਟ ਮੈਂਬਰਾਂ ਵਲੋਂ ਪ੍ਰੀਖਿਆ ਸ਼ਾਖਾ ਸਬੰਧੀ ਸਿੰਡੀਕੇਟ ਵਿੱਚ ਕੀਤੇ ਫੈਸਲੇ ਦਾ ਵਿਰੋਧ ਕੀਤਾ ਗਿਆ, ਜਿਸ ਵਿੱਚ ਭਾਸ਼ਾ ਵਿਭਾਗ ਦੇ ਡਾਇਰੈਕਟਰ ਸਮੇਤ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਕੇ ਪ੍ਰੀਖਿਆ ਸ਼ਾਖਾ ਦੇ ਕੰਮਾਂ ਸਬੰਧੀ ਫੈਸਲਾ ਕਰੇਗੀ । ਰੋਸ ਜ਼ਾਹਿਰ ਕਰਦਿਆਂ ਰਾਜਿੰਦਰ ਸਿੰਘ ਬਾਗੜੀਆਂ ਨੇ ਕਿਹਾ ਕਿ ਗੈਰ ਅਧਿਆਪਨ ਕਰਮਚਾਰੀਆਂ ਦੇ ਕੰਮਾਂ ਵਰਕਚਾਰਜ ਤੋਂ ਰੈਗੂਲਰ, ਸਕੱਤਰੇਤ ਪੇਅ ਸਬੰਧੀ ਫੈਸਲਾ ਕਰਮਚਾਰੀਆਂ ਦੇ ਹੱਕ ਵਿੱਚ ਤੁਰੰਤ ਲਾਗੂ ਕੀਤਾ ਜਾਵੇ । ਨੇਤਾਵਾਂ ਨੇ ਯੂਨੀਵਰਸਿਟੀ ਦੇ ਵੱਖ ਵੱਖ ਕਰਮਚਾਰੀ ਸੰਗਠਨਾਂ ਨੇ ਮੰਗਾਂ ਲਾਗੂ ਹੋਣ ਤੱਕ ਕੱਲ੍ਹ ਸਵੇਰੇ ਪ੍ਰੀਖਿਆ ਸ਼ਾਖਾ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ । ਇਸ ਮੌਕੇ ਨਿਗਰਾਨ ਰਾਜ ਕੁਮਾਰ, ਨਵਦੀਪ ਸਿੰਘ, ਪ੍ਰਭਜੋਤ ਸਿੰਘ, ਪ੍ਰਦੀਪ ਕੁਮਾਰ ਮਹਿਤਾ, ਭੁਪਿੰਦਰ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਸੁੱਖੀ,ਦੇਵਕੀ ਸਹਾਇਕ ਰਜਿਸਟਰਾਰ, ਤੇਜਿੰਦਰ ਸਿੰਘ, ਸੁਖਬੀਰ ਸਿੰਘ ਨਿਗਰਾਨ, ਜਸਬੀਰ ਸਿੰਘ ਨਿਗਰਾਨ, ਕੰਵਲਜੀਤ ਸਿੰਘ,ਲੱਖੀ ਰਾਮ, ਗੁਰਪਿਆਰ ਸਿੰਘ, ਕਰਨੈਲ ਸਿੰਘ ਆਦਿ ਵੱਡੀ ਗਿਣਤੀ ਵਿੱਚ ਪ੍ਰੀਖਿਆ ਸ਼ਾਖਾ ਅਤੇ ਵਰਕਚਾਰਜ ਕਰਮਚਾਰੀਆਂ ਸਾਮਲ ਹੋਏ ।
ਸਿੰਡੀਕੇਟ ਨੇ ਪ੍ਰੀਖਿਆ ਸ਼ਾਖਾ ਵਿਚ ਹੋ ਰਹੀਆਂ ਗੜਬੜੀਆਂ ਲਈ ਬਣਾਈ ਹੈ ਜਾਂਚ ਕਮੇਟੀ
ਲੰਘੇ ਦਿਨ ਪੰਜਾਬੀ ਯੂਨੀਵਰਸਿਟੀ ਦੀ ਸਿੰਡੀਕੇਟ ਵਿਚ ਇਸ ਗੱਲ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ ਕਿ ਪ੍ਰੀਖਿਆ ਸ਼ਾਖਾ ਵਿਚ ਵਿਦਿਆਰਥੀਆਂ ਨੂੰ ਬੇਹਦ ਖੱਜਲ ਖੁਆਰ ਹੋਣਾ ਪੈਂਦਾ ਹੈ। ਕਈ ਵਿਦਿਆਰਥੀਆਂ ਨਾਲ ਬਤਮੀਜੀ ਦੀਆਂ ਰਿਪੋਰਟਾ ਵੀ ਸਨ । ਮੀਟਿੰਗ ਵਿਚ ਇਹ ਵੀ ਗੰਭੀਰਤਾ ਨਾਲ ਵਿਚਾਰਿਆ ਗਿਆ ਕਿ ਇਕ ਕੰਟਰੋਲਰ ਤੇ ਪੰਜ ਐਡੀਸ਼ਨਲ ਕੰਟਰੋਲਰ ਹਨ। ਫਿਰ ਵੀ ਪ੍ਰੀਖਿਆ ਸ਼ਾਖਾ ਵਿਦਿਆਰਥੀਆਂ ਨੂੰ ਸੰਤੁਸ਼ਟ ਕਰਨ ਵਿਚ ਨਾਕਾਮ ਹੈ, ਜਿਸ ਕਾਰਨ ਸਿੰਡੀਕੇਟ ਦੀ ਰਾਏ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਲੇ ਪ੍ਰੀਖਿਆ ਸ਼ਾਖਾ ਲਈ ਭਾਸ਼ਾ ਵਿਭਾਗ ਦੇ ਡਾਇਰੈਕਟਰ ਡਾ. ਜਫਰ ਦੀ ਅਗਵਾਈ ਵਿਚ ਪੰਜ ਮੈਂਬਰੀ ਕਮੇਟੀ ਬਣਾਈ ਸੀ, ਜਿਹੜੀ ਕਿ ਪ੍ਰੀਖਿਆਸ਼ਾਖਾ ਸਬੰਧੀ ਚੈਕਿੰਗ ਰਿਪੋਰਟ ਤਿਆਰ ਕਰੇਗੀ। ਇਸ ਕਮੇਟੀ ਨੇ ਅਜੇ ਕੰਮ ਸ਼ੁਰੂ ਹੀ ਕੀਤਾ ਹੈ ਕਿ ਅੱਜ ਮੁਲਾਜ਼ਮਾਂ ਨੇ ਧਰਨਾ ਲਗਾ ਲਿਆ ਹੈ । ਕਮੇਟੀ ਦੇ ਮੈਂਬਰਾਂ ਨੇ ਮੁਲਾਜਮਾਂ ਨੂੰ ਅਪੀਲ ਕੀਤੀ ਹੈ ਕਿ ਉਹ ਜੇਕਰ ਸਾਫ ਸੁਥਰਾ ਕੰਮ ਕਰਦੇ ਹਨ ਤਾਂ ਉਹ ਕਮੇਟੀ ਨੂੰ ਸਹਿਯੋਗ ਦੇਣ ।
