ਪੰਜਾਬ ਵਣ ਨਿਗਮ ਦੇ ਦਿਹਾੜੀਦਾਰ ਕਰਮੀਆਂ ਨੂੰ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਤੇ ਦੂਜੇ ਦਿਨ ਵੀ ਭੁੱਖ ਹੜਤਾਲ ਕੀਤੀ

ਦੁਆਰਾ: Punjab Bani ਪ੍ਰਕਾਸ਼ਿਤ :Friday, 21 March, 2025, 03:54 PM

ਪਟਿਆਲਾ 21 ਮਾਰਚ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵੱਲੋਂ ਪੰਜਾਬ ਰਾਜ ਜੰਗਲਾਤ ਨਿਗਮ ਦੇ ਪ੍ਰਾਜੈਕਟ ਅਫਸਰ ਦਫਤਰ ਅੱਗੇ ਦੂਜੇ ਦਿਨ ਵੀ ਦਿਹਾੜੀਦਾਰ ਕਰਮੀਆਂ ਨੇ ਭੁੱਖ ਹੜਤਾਲ ਕਰਕੇ, ਅਧਿਕਾਰੀਆਂ ਦਾ ਪਿੱਟ ਸਿਆਪਾ ਕੀਤਾ। ਜੰਗਲਾਤ ਨਿਗਮ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਦਿਹਾੜੀਦਾਰ ਕਰਮੀਆਂ ਨੂੰ ਤਿੰਨ ਮਹੀਨਿਆਂ ਤੋਂ ਤਨਖਾਹਾਂ ਜਾਰੀ ਨਾ ਕਰਨ ਅਤੇ ਕੰਮਾਂ ਤੋਂ ਫਾਰਗ ਕਰਨ, ਸੀਨੀਆਰਤਾ ਅਨੁਸਾਰ ਸੇਵਾਵਾਂ ਦੀ ਨਿਯਮਤ ਨਿਯੁਕਤੀਆਂ ਕਰਨ ਵਰਗੇ ਇੱਕ ਦਰਜਨ ਇਸ਼ੂਆਂ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਗਿਆ ।

ਤਨਖਾਹਾਂ ਸਮੇਂ ਸਿਰ ਜਾਰੀ ਕਰਨ ਸਮੇਤ ਬਾਕੀ ਮੰਗਾਂ ਲਾਗੂ ਕਰਨ ਦਾ ਪਤਨਾਲਾ ਅੱਜ ਵੀ ਉੱਥੇ ਦਾ ਉੱਥੇ ਹੀ ਹੈ

ਮੁਲਾਜਮ ਆਗੂ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ ਨੇ ਦੱਸਿਆ ਕਿ ਜੰਗਲਾਤ, ਜਗਲਾਤ ਨਿਗਮ ਤੇ ਜੰਗਲੀ ਜੀਵ ਦੇ ਦਿਹਾੜੀਦਾਰ ਕਰਮੀਆਂ ਦੀਆਂ ਮੰਗਾਂ ਨੂੰ ਲੈ ਕੇ ਵਣ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨਾਲ ਮਿਤੀ 13 ਫਰਵਰੀ 2024 ਅਤੇ ਮਿਤੀ 18 ਫਰਵਰੀ 2025 ਨੂੰ ਯੂਨੀਅਨ ਨਾਲ ਹੋਈਆਂ ਮੀਟਿੰਗਾਂ ਵਿੱਚ ਤਨਖਾਹਾਂ ਹਰ ਮਹੀਨੇ 7 ਤਰੀਖ ਤੱਕ ਦੇਣ, ਕਰਮੀਆਂ ਦੀਆਂ ਸੇਵਾਵਾਂ ਦੀ ਨਿਯੁਮਤ ਨਿਯੁਕਤੀਆਂ ਕਰਨ, ਸਮੇਤ ਫਾਰਗ ਕੀਤੇ ਕਰਮੀਆਂ ਨੂੰ ਹਾਜ਼ਰ ਕਰਨ ਵਰਗੀਆਂ ਡੇਡ ਦਰਜਨ ਮੰਗਾਂ ਤੇ ਵਿਚਾਰ ਵਟਾਂਦਰਾ ਕਰਕੇ ਫੈਸਲੇ ਕੀਤੇ ਗਏ ਸਨ ਤੇ ਇਨ੍ਹਾਂ ਮੀਟਿੰਗਾਂ ਵਿੱਚ ਮੈਨੇਜਿੰਗ ਡਾਇਰੈਕਟਰ ਪੰਜਾਬ ਰਾਜ ਵਣ ਵਿਕਾਸ ਨਿਗਮ ਵੀ ਮੌਜੂਦ ਰਹਿੰਦੇ ਸਨ, ਪਰੰਤੂ ਤਨਖਾਹਾਂ ਸਮੇਂ ਸਿਰ ਜਾਰੀ ਕਰਨ ਸਮੇਤ ਬਾਕੀ ਮੰਗਾਂ ਲਾਗੂ ਕਰਨ ਦਾ ਪਤਨਾਲਾ ਅੱਜ ਵੀ ਉੱਥੇ ਦਾ ਉੱਥੇ ਹੀ ਹੈ।

26 ਮਾਰਚ ਨੂੰ ਕੀਤੀ ਜਾਵੇਗੀ ਅਰਥੀ ਫੁੱਕ ਰੈਲੀ

ਆਗੂਆਂ ਨੇ ਕਿਹਾ ਕਿ ਹੁਣ ਵਣ ਭਵਨ ਮੁਹਾਲੀ ਵਿਖੇ ਧਰਨੇ ਦੇਣ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਅਤੇ ਪ੍ਰਾਜੈਕਟ ਅਫਸਰ ਦਫਤਰ ਅੱਗੇ ਵਣ ਅਧਿਕਾਰੀਆਂ ਵਿਰੁੱਧ ਅਰਥੀ ਫੁੱਕ ਰੈਲੀ ਮਿਤੀ 26 ਮਾਰਚ ਨੂੰ ਕੀਤੀ ਜਾਵੇਗੀ। ਜਿਸ ਵਿੱਚ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ । ਇਸ ਮੌਕੇ ਹੋਰ ਜ਼ੋ ਆਗੂ ਹਾਜਰ ਸਨ ਉਹਨਾਂ ਵਿੱਚ ਤਰਲੋਚਨ ਮਾੜੂ, ਦਰਸ਼ਨ ਮਾਲੇਵਾਲ, ਤਰਲੋਚਨ ਸਿੰਘ ਮੰਡੋਲੀ, ਬਲਵਿੰਦਰ ਸਿੰਘ ਨਾਭਾ, ਕੁੱਕੀ ਸਮਾਣਾ, ਪਾਲ ਸਿੰਘ, ਚੰਦਰਭਾਨ ਵਣ ਨਿਗਮ ਪ੍ਰਧਾਨ, ਗੋਲਡੀ ਬਲਕਾਰ ਸਿੰਘ, ਸ਼ੇਰ ਸਿੰਘ, ਨਛੱਤਰ ਸਿੰਘ ਰਾਜਪੁਰਾ, ਅਮਰਜੀਤ ਸਿੰਘ, ਸ਼ਾਮ ਸਿੰਘ, ਹੈਪੀ ਨਾਭਾ, ਕੁਲਵਿੰਦਰ ਸਿੰਘ ਪ੍ਰਧਾਨ ਆਦਿ ਹਾਜਰ ਸਨ ।