ਯੂਕ੍ਰੇਨੀਅਨ 10 ਸਤੰਬਰ ਤੱਕ ਇਮੀਗ੍ਰੇਸ਼ਨ ਸਥਿਤੀ ਨੂੰ ਕਾਨੂੰਨੀ ਬਣਾਉਣ ਜਾਂ ਰੂਸ ਛੱਡਣ : ਵਲਾਦੀਮੀਰ ਪੁਤਿਨ

ਰੂਸ : ਸੰਸਾਰ ਪ੍ਰਸਿੱਧ ਦੇਸ਼ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰੂਸ ਵਿਚ ਰਹਿ ਰਹੇ ਯੂਕਰੇਨੀਅਨਾਂ ਨੂੰ ਇਕ ਹੋਰ ਅਲਟੀਮੇਟਮ ਦਿੰਦਿਆਂ ਆਖਿਆ ਹੈ ਕਿ ਯੂਕਰੇਨੀ ਨਾਗਰਿਕ 10 ਸਤੰਬਰ ਤਕ ਅਪਣੀ ਇਮੀਗ੍ਰੇਸ਼ਨ ਸਥਿਤੀ ਨੂੰ ਕਾਨੂੰਨੀ ਬਣਾਉਣ ਜਾਂ ਰੂਸ ਛੱਡਣ । ਮਾਸਕੋ ਟਾਈਮਜ਼ ਨੇ ਵੀਰਵਾਰ ਨੂੰ ਪ੍ਰਕਾਸ਼ਤ ਰਾਸ਼ਟਰਪਤੀ ਦੇ ਆਦੇਸ਼ ਦਾ ਹਵਾਲਾ ਦਿੰਦਿਆਂ ਇਹ ਰਿਪੋਰਟ ਦਿਤੀ ਹੈ। ਹੁਕਮ ਵਿਚ ਕਿਹਾ ਗਿਆ ਹੈ ਕਿ “ਰੂਸ ਵਿਚ ਰਹਿਣ ਵਾਲੇ ਜਾਂ ਰਹਿਣ ਦਾ ਕਾਨੂੰਨੀ ਆਧਾਰ ਨਾ ਹੋਣ ਵਾਲੇ ਯੂਕਰੇਨੀਅਨਾਂ ਨੂੰ 10 ਸਤੰਬਰ ਦੇ ਅੰਦਰ-ਅੰਦਰ ਰੂਸ ਛੱਡਣਾ ਪਵੇਗਾ ਜਾਂ ਨਾਗਰਿਕਤਾ ਪ੍ਰਾਪਤ ਕਰਨੀ ਪਵੇਗੀ ।
ਕਰੇਨ ਨੇ ਕੀਤੀ ਰੂਸ ਦੇ “ਪਾਸਪੋਰਟੀਕਰਨ” ਦੀ ਨਿੰਦਾ
ਰੂਸੀ ਅਧਿਕਾਰੀਆਂ ਨੇ ਹਾਲ ਹੀ ਦੇ ਸਾਲਾਂ ਵਿਚ ਇਨ੍ਹਾਂ ਕਬਜ਼ੇ ਵਾਲੇ ਖੇਤਰਾਂ ਦੇ ਯੂਕਰੇਨੀਅਨਾਂ `ਤੇ ਨਾਗਰਿਕਤਾ ਪ੍ਰਾਪਤ ਕਰਨ ਲਈ ਦਬਾਅ ਪਾਇਆ ਹੈ। ਮਾਸਕੋ ਟਾਈਮਜ਼ ਦੀ ਰਿਪੋਰਟ ਅਨੁਸਾਰ ਪੁਤਿਨ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਪਿਛਲੇ ਸਾਲ ਉਨ੍ਹਾਂ ਖੇਤਰਾਂ ਵਿਚ ਰੂਸੀ ਪਾਸਪੋਰਟ ਜਾਰੀ ਕਰਨ ਦਾ ਕੰਮ “ਲਗਭਗ ਪੂਰਾ” ਕਰ ਲਿਆ ਸੀ । ਇਸ ਦੌਰਾਨ ਯੂਕਰੇਨ ਨੇ ਰੂਸ ਦੇ “ਪਾਸਪੋਰਟੀਕਰਨ” ਦੀ ਨਿੰਦਾ ਕੀਤੀ ਹੈ ਅਤੇ ਇਸ ਨੂੰ “ਗ਼ੈਰ-ਕਾਨੂੰਨੀ ਅਤੇ ਯੂਕਰੇਨ ਦੀ ਪ੍ਰਭੂਸੱਤਾ ਦੀ ਘੋਰ ਉਲੰਘਣਾ” ਮੰਨਿਆ ਹੈ। ਮਾਸਕੋ ਟਾਈਮਜ਼ ਦੀ ਰਿਪੋਰਟ ਅਨੁਸਾਰ, ਪੱਛਮੀ ਸਰਕਾਰਾਂ ਨੇ ਵੀ ਇਸ ਕਦਮ ਦੀ ਆਲੋਚਨਾ ਕੀਤੀ ਹੈ, ਜਦੋਂ ਕਿ ਯੂਰਪੀਅਨ ਯੂਨੀਅਨ ਨੇ ਪਾਸਪੋਰਟਾਂ ਨੂੰ ਵੈਧ ਯਾਤਰਾ ਦਸਤਾਵੇਜ਼ਾਂ ਵਜੋਂ ਮਾਨਤਾ ਨਾ ਦੇਣ ਦਾ ਫ਼ੈਸਲਾ ਕੀਤਾ ਹੈ।
