ਬਿਨਾਂ ਵੀ. ਸੀ. ਤੋਂ ਪੀ. ਯੂ. ਲਵਾਰਸ ; ਸੈਂਕੜੇ ਵਿਦਿਆਰਥੀਆਂ ਨੇ ਕੀਤਾ ਵੀ. ਸੀ. ਦਫ਼ਤਰ ਬਾਹਰ ਰੋਸ ਪ੍ਰਦਰਸ਼ਨ

ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਪੰਜ ਵਿਦਿਆਰਥੀ ਜਥੇਬੰਦੀ (ਸੈਫ਼ੀ ਸੋਈ, ਯੂ. ਐਸ. ਐਸ. ਐਫ., ਪੂਸੂ, ਐਨ. ਐਸ. ਯੂ. ਆਈ. ) ਦੇ ਸਾਂਝੇ ”ਪੰਜਾਬੀ ਯੂਨੀਵਰਸਿਟੀ ਬਚਾਓ ਮੰਚ ‘ ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵਿਰੁੱਧ ਰੋਸ਼ ਪ੍ਰਦਰਸ਼ਨ ਕੀਤਾ । ਮੋਰਚੇ ਦੇ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਗਭਗ ਇੱਕ ਸਾਲ ਹੋਣ ਵਾਲਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਦਾ ਪੱਕਾ ਵਾਈਸ ਚਾਂਸਲਰ ਨਿਯੁਕਤ ਨਹੀਂ ਕੀਤਾ ਗਿਆ, ਜਿਸ ਕਾਰਨ ਯੂਨੀਵਰਸਿਟੀ ਲਾਵਾਰਸ ਹਾਲਤ ਵਿੱਚ ਹੈ ।
ਤੁਰੰਤ ਵਾਈਸ ਚਾਂਸਲਰ ਦੀ ਨਿਯੁਕਤੀ ਹੋਵੇ
ਉਨ੍ਹਾਂ ਕਿਹਾ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਅਧਿਕਾਰੀ ਵਿਦਿਆਰਥੀਆਂ ਨੂੰ ਮਿਲਦੇ ਨਹੀਂ ਜਿਸ ਕਰਕੇ ਵਿਦਿਆਰਥੀਆਂ ਦੀ ਖੱਜਲ ਖੁਆਰੀ ਹੋ ਰਹੀ ਹੈ । ਮੰਚ ਵੱਲੋਂ ਸਰਕਾਰ ਦੁਆਰਾ ਸ਼ੰਭੂ ਅਤੇ ਖਨੌਰੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਜਬਰੀ ਚੁੱਕਣ ਦੇ ਕਾਰੇ ਦੀ ਨਿਖੇਧੀ ਕੀਤੀ ਗਈ ਤੇ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਵਿਦਿਆਰਥੀ ਚੋਣਾਂ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਅਜੇ ਤੱਕ ਯੂਨੀਵਰਸਿਟੀ ਵਿੱਚ ਬੰਦ ਵਿਦਿਆਰਥੀ ਚੋਣਾਂ ਨੂੰ ਬਹਾਲ ਨਹੀਂ ਕੀਤਾ ਗਿਆ ।
ਯੂਨੀਵਰਸਿਟੀ ਵਿੱਚ ਵਿਦਿਆਰਥੀ ਚੋਣਾਂ ਤਰੁੰਤ ਕਰਵਾਈਆਂ ਜਾਣ
ਉਹਨਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਜਿਵੇਂ ਅਧਿਆਪਕਾਂ ਅਤੇ ਕਰਮਚਾਰੀਆ ਦੀਆਂ ਚੋਣਾਂ ਹੁੰਦੀਆਂ ਹਨ ਉਸੇ ਤਰ੍ਹਾਂ ਯੂਨੀਵਰਸਿਟੀ ਵਿੱਚ ਵਿਦਿਆਰਥੀ ਚੋਣਾਂ ਤਰੁੰਤ ਕਰਵਾਈਆਂ ਜਾਣ। ਉਹਨਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਦਾ ਆਧੁਨੀਕਰਨ ਕਰ ਪਿਛਲ਼ੇ ਲੰਮੇ ਸਮੇਂ ਤੋਂ ਬੰਦ ਪਈਆਂ ਕਿਤਾਬਾਂ ਦੀ ਖਰੀਦ ਨੂੰ ਬਹਾਲ ਕਰੇ ਅਤੇ ਯੂਨੀਵਰਸਿਟੀ ਵਿਚ ਲੜਕੀਆਂ ਦੇ ਨਵੇਂ ਹੋਸਟਲਾਂ ਦੀ ਉਸਾਰੀ ਕਰਵਾਈ ਜਾਵੇ। ਇਸ ਮੌਕੇ ਯਾਦਵਿੰਦਰ ਸਿੰਘ ਯਾਦੂ, ਕੁਲਦੀਪ ਸਿੰਘ ਝਿੰਜਰ, ਨਿਰਮਲਜੀਤ ਸਿੰਘ ਮਝੈਲ, ਸਾਹਿਲਪ੍ਰੀਤ ਸਿੰਘ, ਲਵਪ੍ਰੀਤ ਸਿੰਘ ਸੇਖੋਂ ਮਨਵਿੰਦਰ ਸਿੰਘ ਵੜੈਚ, ਨਾਰਦਨ ਸਿੰਘ ਸਰਾਂ, ਗੁਰਪ੍ਰੀਤ ਸਿੰਘ ਅਫ਼ਤਾਬ, ਗੁਰਪਿੰਦਰ ਸਿੰਘ ਸਿੱਧੂ , ਰਮਨਜੀਤ ਸਿੰਘ ਸੰਘਾ, ਮਨਦੀਪ ਸਿੰਘ ਸਿੱਧੂ, ਸਾਹਿਲ ਬਾਂਸਲ, ਰਾਜਦੀਪ ਸਿੰਘ ਸਿੱਧੂ, ਰਿਹਾਨ ਕੁਰੈਸ਼ੀ ਆਦਿ ਹਾਜ਼ਰ ਸਨ ।
