‘ਕਾਲੇ ਅੱਖਰਾਂ’ ਵਿੱਚ ਲਿਖਿਆ ਜਾਵੇਗਾ ਇਤਿਹਾਸ ਵਿੱਚ ਇਸ ਬਦਲਾਅ ਵਾਲੀ ਸਰਕਾਰ ਦਾ ਨਾਮ : ਰੇਖਾ ਅਗਰਵਾਲ

ਪਟਿਆਲਾ, 20 ਮਾਰਚ () : ਜਿ਼ਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਮਹਿਲਾ ਵਿੰਗ ਦੀ ਪ੍ਰਧਾਨ ਰੇਖਾ ਅਗਰਵਾਲ ਨੇ ਕਿਹਾ ਕਿ ਇਤਿਹਾਸ ਵਿੱਚ ਇਸ ਬਦਲਾਅ ਵਾਲੀ ਸਰਕਾਰ ਦਾ ਨਾਮ ‘ਕਾਲੇ ਅੱਖਰਾਂ’ ਵਿੱਚ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਅੱਜ ਤੱਕ ਕਿਸੇ ਵੀ ਲੋਕਤੰਤਰਿਕ ਸਰਕਾਰ ਜਾਂ ਇਤਿਹਾਸ ਵਿੱਚ ਕਿਸੇ ਵੀ ਤਾਨਾਸ਼ਾਹ ਵੱਲੋਂ ਵੀ ਕਦੇ ਕਿਸੇ ਧਿਰ ਨੂੰ ਗੱਲਬਾਤ ਲਈ ਬੁਲਾ ਕੇ ਧੋਖੇ ਨਾਲ ਗ੍ਰਿਫਤਾਰ ਨਹੀਂ ਕੀਤਾ ਅਤੇ ਨਾ ਹੀ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਲੱਗੇ ਮੋਰਚੇ ਉੱਪਰ ਹਮਲਾ ਕੀਤਾ ਪ੍ਰੰਤੂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਪਿੰਡ ਖਟਕੜ ਕਲਾਂ ਵਿਖੇ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਦਾ ਵਾਅਦਾ ਕਰਕੇ ਅਤੇ ਕਸਮਾਂ ਖਾ ਕੇ ਪੰਜਾਬ ਦੀ ਸੱਤਾ ਸੰਭਾਲਣ ਵਾਲੀ ਇਸ ਬਦਲਾਅ ਵਾਲੀ ਸਰਕਾਰ ਵੱਲੋਂ ਮੀਟਿੰਗ ਉੱਪਰ ਆਏ ਹੋਏ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਪਿੱਠ ਵਿੱਚ ਛੁਰਾ ਮਾਰਨ ਦਾ ਕੰਮ ਕੀਤਾ ਹੈ।
ਜਿਹੜਾ ਮਸਲਾ ਮੀਟਿੰਗਾਂ ਰਾਹੀਂ ਹੋਲੀ ਹੋਲੀ ਹੱਲ ਹੁੰਦਾ ਜਾ ਰਿਹਾ ਸੀ ਨੂੰ ਪੰਜਾਬ ਸਰਕਾਰ ਨੇ ਬੀਤੀ ਰਾਤ ਕਾਰਵਾਈ ਕਰਕੇ ਹੋਰ ਉਲਝਾ ਦਿੱਤਾ ਹੈ :
ਰੇਖਾ ਅਗਰਵਾਲ ਨੇ ਕਿਹਾ ਕਿ 2018 ਵਿੱਚ ਇਨ੍ਹਾਂ ਹੀ ਇਨਕਲਾਬੀਆਂ ਨੂੰ ਸੜਕਾਂ ਚੰਗੀਆਂ ਲੱਗਦੀਆਂ ਸਨ ਪਰ ਪੰਜਾਬ ਇਸਨੂੰ ਕਦੇ ਨਹੀਂ ਭੁੱਲੇਗਾ। ਉਨ੍ਹਾਂ ਕਿਹਾ ਕਿ ਜਿਹੜਾ ਮਸਲਾ ਮੀਟਿੰਗਾਂ ਰਾਹੀਂ ਹੋਲੀ ਹੋਲੀ ਹੱਲ ਹੁੰਦਾ ਜਾ ਰਿਹਾ ਸੀ ਨੂੰ ਪੰਜਾਬ ਸਰਕਾਰ ਨੇ ਬੀਤੀ ਰਾਤ ਕਾਰਵਾਈ ਕਰਕੇ ਹੋਰ ਉਲਝਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਇਹੋ ਪੰਜਾਬ ਸਰਕਾਰ ਦਾ ਮੁਖੀ ਕਹਿੰਦਾ ਹੁੰਦਾ ਸੀ ਕਿ ਸਾਡੀ ਸਰਕਾਰ ਆਉਣ ਤੇ ਪੰਜ ਮਿੰਟਾਂ ਵਿਚ ਐਮ. ਐਸ. ਪੀ. ਅਨਾਊਂਸ ਕਰ ਦਿੱਤੀ ਜਾਵੇਗੀ ਤੇ ਹੁਣ ਤਿੰਨ ਸਾਲ ਹੋ ਗਏ ਹਨ ਐਮ. ਐਸ. ਪੀ. ਤਾਂ ਦੂਰ ਉਲਟਾ ਕਿਸਾਨਾਂ ਨੂੰ ਘਸੀਟ ਘਸੀਟ ਕੇ ਕੁੱਟਿਆ ਜਾ ਰਿਹਾ ਹੈ ਤੇ ਧੱਕੇ ਮਾਰ ਮਾਰ ਕੇ ਹੱਕ ਮੰਗਣ ਤੋਂ ਭਜਾਇਆ ਜਾ ਰਿਹਾ ਹੈ। ਰੇਖਾ ਅਗਰਵਾਲ ਨੇ ਕਿਹਾ ਕਿ ਪੀਲੀ ਪੱਗ ਬੰਨ੍ਹਣ ਨਾਲ ਕੋਈ ਭਗਤ ਸਿੰਘ ਨਹੀਂ ਬਣ ਜਾਂਦਾ ਤੇ ਨਾ ਹੀ ਉਸਦੀ ਸੋਚ ਤੇ ਪਹਿਰਾ ਦਿੱਤਾ ਜਾ ਸਕਦਾ ਹੈ।
