ਜੰਮੂ ਕਸ਼ਮੀਰ ਵਿਧਾਨ ਸਭਾ ਵਿਚ ਦੋ ਸੀਟਾਂ ਸਿੱਖਾਂ ਲਈ ਰਾਖਵੀਆਂ ਕੀਤੀਆਂ ਜਾਣ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ

ਦੁਆਰਾ: Punjab Bani ਪ੍ਰਕਾਸ਼ਿਤ :Friday, 28 July, 2023, 06:13 PM

ਜੰਮੂ ਕਸ਼ਮੀਰ ਵਿਧਾਨ ਸਭਾ ਵਿਚ ਦੋ ਸੀਟਾਂ ਸਿੱਖਾਂ ਲਈ ਰਾਖਵੀਆਂ ਕੀਤੀਆਂ ਜਾਣ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ

ਅੰਮ੍ਰਿਤਸਰ :- 28 ਜੁਲਾਈ ( ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14 ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਜੰਮੂ ਕਸ਼ਮੀਰ ਪੁਨਰਗਠਨ ਐਕਟ 2019 ਵਿੱਚ ਵਿਧਾਨ ਸਭਾ ਵਿੱਚ ਰਾਖਵੀਆਂ ਸੀਟਾਂ ਸਬੰਧੀ ਸੋਧ ਕਰਨ ਸਬੰਧੀ ਆਪਣਾ ਪ੍ਰਤੀਕਰਮ ਦੇਂਦਿਆਂ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਤਿੰਨ ਦੀ ਬਜਾਏ 5 ਸੀਟਾਂ ਰਾਖਵੀਆਂ ਰੱਖੀਆਂ ਜਾਣ ਜਿਨ੍ਹਾਂ ਵਿੱਚ ਦੋ ਸੀਟਾਂ ਸਿੱਖ ਭਾਈਚਾਰੇ ਨੂੰ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਸਰਕਾਰ ਲੋਕ ਸਭਾ ਦੀਆਂ ਚੋਣਾਂ ਦੇ ਨਾਲ ਜੰਮੂ ਕਸ਼ਮੀਰ ਦੀਆਂ ਚੋਣਾਂ ਕਰਵਾਉਣ ਲਈ ਅੰਦਰ ਖਾਤੇ ਕਾਹਲੀ ਨਜ਼ਰ ਆ ਰਹੀ ਹੈ।

ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇਕ ਲਿਖਤੀ ਪ੍ਰੈਸ ਬਿਆਨ ਵਿੱਚ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ ਸਿੱਖ ਰਾਜ ਦਾ ਹਿੱਸਾ ਰਿਹਾ ਹੈ। ਪਹਿਲਾਂ ਲੰਮਾਂ ਸਮਾਂ ਸਿੱਖ ਰਾਜ ਕਾਇਮ ਕਰਨ ਵੇਲੇ ਅਤੇ ਬਾਅਦ ਵਿੱਚ ਇਸਦਾ ਵੱਡਾ ਹਿੱਸਾ ਪਾਕਿਸਤਾਨ ਤੋਂ ਬਚਾਉਣ ਸਮੇਂ ਹਜ਼ਾਰਾਂ ਸਿੱਖਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ। ਉਨ੍ਹਾਂ ਕਿਹਾ 1947 ਦੀ ਵੰਡ ਵਿਚ ਕਬਾਇਲੀ ਹਮਲੇ ਵਿਚ 70 ਹਜ਼ਾਰ ਸਿੱਖਾਂ ਦਾ ਕਤਲੇਆਮ ਹੋਇਆ ਉਨ੍ਹਾਂ ਕਿਹਾ ਕਿ ਇਕ ਖੋਜੀ ਅਨੁਸਾਰ ਵੀਹ ਹਜ਼ਾਰ ਸਿੱਖਾਂ ਦੀਆਂ ਹਤਿਆਵਾਂ 21 ਤੋਂ 26 ਅਕਤੂਬਰ 1947 ਦਰਮਿਆਨ ਹੋਈਆਂ ਜੋ ਕਿਤੇ ਦਰਜ ਨਹੀਂ ਹਨ। ਇਸ ਵੇਲੇ ਵੀ ਜੰਮੂ ਕਸ਼ਮੀਰ ਵਿੱਚ ਸਿੱਖਾਂ ਦੀ ਗਿਣਤੀ ਤਿੰਨ ਲੱਖ ਦੇ ਕਰੀਬ ਹੈ ਜੋ ਦੋ ਵਿਧਾਨ ਸਭਾ ਸੀਟਾਂ ਦੇ ਨੇੜੇ ਤੇੜੇ ਹੈ। ਸਿੱਖਾਂ ਦੀਆਂ ਕੁਰਬਾਨੀਆਂ ਤੇ ਗਿਣਤੀ ਦੇ ਲਿਹਾਜ ਨਾਲ ਜੰਮੂ ਕਸ਼ਮੀਰ ਵਿੱਚ ਦੋ ਵਿਧਾਨ ਸਭਾ ਸੀਟਾਂ ਸਿੱਖਾਂ ਲਈ ਰਾਖਵੀਆਂ ਹੋਈਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਅਸੀ ਕਿਸੇ ਹੋਰ ਭਾਈਚਾਰੇ ਦੇ ਰਾਖਵੇਂ ਕਰਨ ਦੇ ਵਿਰੁੱਧ ਨਹੀਂ ਹਾਂ ਪਰ ਸਿੱਖ ਭਾਈਚਾਰੇ ਨੂੰ ਆਪਣਾ ਬਣਦਾ ਹੱਕ ਨਾ ਮਿਲਣ ਦੀ ਸੂਰਤ ਵਿੱਚ ਸਮੁੱਚੀ ਸਿੱਖ ਕੌਮ ਸੰਘਰਸ਼ ਵਿਢਣ ਲਈ ਮਜ਼ਬੂਰ ਹੋਵੇਗੀ। ਉਨ੍ਹਾਂ ਕਿਹਾ ਕਿ ਸਿੱਖ ਅੱਖੋ ਉਹਲੇ ਨਹੀਂ ਹੋਣੇ ਚਾਹੀਦੇ ਅਤੇ ਨਾ ਹੀ ਸਿੱਖਾਂ ਨਾਲ ਬੇਇਨਸਾਫੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਤਿੰਨ ਸੀਟਾਂ ਵਿਚੋਂ ਦੋ ਕਸ਼ਮੀਰੀ ਪੰਡਤਾਂ ਲਈ ਅਤੇ ਇੱਕ ਸੀਟ ਪਾਕਿ ਕਬਜ਼ੇ ਹੇਠਲੇ ਕਸ਼ਮੀਰ ਵਿਚੋਂ ਉਜੜ ਕਿ ਆਏ ਲੋਕਾਂ ਲਈ ਰਾਖਵੀ ਹੋਵੇਗੀ।



Scroll to Top