ਸ਼ੰਭੂ ਤੋਂ ਬਾਅਦ ਖਨੌਰੀ ਬਾਰਡਰ ਵੀ ਆਮ ਜਨਤਾ ਲਈ ਪੂਰੀ ਤਰ੍ਹਾਂ ਖੁੱਲ੍ਹਿਆ

ਦੁਆਰਾ: Punjab Bani ਪ੍ਰਕਾਸ਼ਿਤ :Saturday, 22 March, 2025, 10:48 AM

ਪਟਿਆਲਾ, ਸਨੌਰ, 22 ਮਾਰਚ :  ਕਿਸਾਨਾਂ ਦੇ ਧਰਨੇ ਚੁੱਕਵਾਉਣ ਤੋਂ ਬਾਅਦ ਲੰਘੇ ਕੱਲ ਸ਼ੰਭੂ ਬਾਰਡਰ ‘ਤੇ ਆਵਾਜਾਈ ਬਹਾਲ ਹੋ ਗਈ ਸੀ ਤੇ ਅੱਜ ਖਨੌਰੀ ਬਾਰਡਰ ‘ਤੇ ਵੀ ਆਮ ਜਨਤਾ ਲਈ ਪੂਰੀ ਤਰ੍ਹਾਂ ਬਹਾਲ ਕਰ ਦਿੱਤਾ ਗਿਆ ਹੈ । ਅੱਜ ਪਾਤੜਾਂ ਦੇ ਐਸ. ਡੀ. ਐਮ. ਅਸ਼ੋਕ ਕੁਮਾਰ ਅਤੇ ਡੀ. ਐਸ. ਪੀ. ਇੰਦਰਜੀਤ ਸਿੰਘ ਚੌਹਾਨ ਨੇ ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਅੱਜ ਬਾਰਡਰ ਦੇ ਦੋਵੇਂ ਪਾਸੇ ਰਸਤੇ ਖੁਲ੍ਹਵਾ ਦਿੱਤੇ ਹਨ ਅਤੇ ਆਵਾਜਾਈ ਆਮ ਵਾਂਗ ਚਾਲੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਹੁਕਮਾਂ ਮੁਤਾਬਕ ਉਨ੍ਹਾਂ ਨੇ ਬੀਤੇ ਦਿਨਾਂ ਤੋਂ ਲਗਾਤਾਰ ਖਨੌਰੀ ਬਾਰਡਰ ਦਾ ਦੌਰਾ ਕਰਕੇ ਇਸ ਰਸਤੇ ਨੂੰ ਖੁਲ੍ਹਵਾਉਣ ਲਈ ਚਾਰਾਜੋਈ ਕੀਤੀ ਅਤੇ ਕਿਸਾਨਾਂ ਦਾ ਜੋ ਸਮਾਨ ਇੱਥੇ ਪਿਆ ਹੈ, ਉਸ ਨੂੰ ਸੁਰੱਖਿਅਤ ਸਬੰਧਤਾਂ ਨੂੰ ਸੌਂਪਿਆ ਜਾ ਰਿਹਾ ਹੈ । ਐਸ. ਡੀ. ਐਮ. ਅਸ਼ੋਕ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਰਾਹਗੀਰਾਂ ਦੀ ਸਹੂਲਤ ਲਈ ਆਵਾਜਾਈ ਆਮ ਵਾਂਗ ਬਹਾਲ ਕਰਵਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਾਲੇ ਪਾਸੇ ਤੋਂ ਹਰਿਆਣਾ ਨਾਲ ਲੱਗਦੇ ਬਾਰਡਰਾਂ ‘ਤੇ ਰੁਕਾਵਟਾਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਹਰਿਆਣਾ ਵਾਲੇ ਪਾਸਿਓਂ ਵੀ ਰੁਕਾਵਟਾਂ ਦੂਰ ਕਰਨ ਨਾਲ ਦੋਵੇਂ ਪਾਸੇ ਆਵਾਜਾਈ ਬਹਾਲ ਹੋ ਗਈ ਹੈ ।

ਨਗਰ ਕੌਂਸਲ ਵੱਲੋਂ ਢਾਬੀ ਗੁੱਜਰਾਂ ਵਿਖੇ ਸੜਕ ਦੀ ਸਾਫ਼-ਸਫਾਈ ਕਰਵਾਈ ਗਈ ਹੈ
ਐਸ. ਡੀ. ਐਮ. ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਢਾਬੀ ਗੁੱਜਰਾਂ ਵਿਖੇ ਸੜਕ ਦੀ ਸਾਫ਼-ਸਫਾਈ ਕਰਵਾਈ ਗਈ ਹੈ । ਉਨ੍ਹਾਂ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਸੜਕ ਦੀ ਸੁਰੱਖਿਆ ਅਤੇ ਮਜ਼ਬੂਤੀ ਦੀ ਜਾਂਚ ਕਰਕੇ ਸੁਰੱਖਿਆ ਦਾ ਸਰਟੀਫਿਕੇਟ ਮਿਲਣ ਮਗਰੋਂ ਸਾਰੇ ਵਹੀਕਲਾਂ ਦੀ ਆਵਾਜਾਈ ਬਹਾਲ ਹੋ ਗਈ ਅਤੇ ਹੁਣ ਪੰਜਾਬ ਦੇ ਲੋਕ ਜੀਂਦ, ਨਰਵਾਣਾ, ਰੋਹਤਕ, ਦਿੱਲੀ ਆਦਿ ਸ਼ਹਿਰਾਂ ਲਈ ਬੇਰੋਕ ਆ-ਜਾ ਸਕਣਗੇ ।  ਇਸ ਮੌਕੇ ਨਗਰ ਕੌਂਸਲ ਪਾਤੜਾਂ ਦੇ ਕਾਰਜ ਸਾਧਕ ਅਫ਼ਸਰ ਬਰਜਿੰਦਰ ਸਿੰਘ ਵੀ ਮੌਜੂਦ ਸਨ ।

ਪੁਲਸ ਹਿਰਾਸਤ ਵਿਚ ਵੀ ਡੱਲੇਵਾਲ ਵਲੋਂ ਮਰਨ ਵਰਤ ਜਾਰੀ
ਪਾਣੀ ਪੀਣਾ ਵੀ ਕੀਤ ਬੰਦ ; ਸਮਾਨ ਚੋਰੀ ਹੋਣ ਦੇ ਲਗਾਏ ਦੋਸ਼

ਪਟਿਆਲਾ, 22 ਮਾਰਚ : ਅੱਜ 116ਵੇਂ ਦਿਨ ਵੀ ਪੁਲਸ ਦੀ ਗ੍ਰਿਫਤ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ ਰਿਹਾ, ਆਪਣੀਆਂ ਹੱਕੀ ਮੰਗਾਂ ਲਈ 13 ਫਰਵਰੀ 2024 ਤੋਂ ਖਨੌਰੀ, ਸ਼ੰਭੂ ਅਤੇ ਰਤਨਪੁਰਾ ਦੇ ਬਾਰਡਰਾਂ ਉੱਪਰ ਕਿਸਾਨਾਂ ਵੱਲੋਂ ਅੰਦੋਲਨ ਲੜਿਆ ਜਾ ਰਿਹਾ ਹੈ ।
ਕਿਸਾਨ ਆਗੂਆਂ ਕਿਹਾ ਕਿ ਪੁਲਿਸ ਦੇ ਮੋਰਚਿਆਂ ਉੱਪਰ ਕੀਤੇ ਗਏ ਹਮਲੇ ਸਮੇਂ ਕਿਸਾਨਾਂ ਦਾ ਬਹੁਤ ਸਾਰਾ ਕੀਮਤੀ ਸਮਾਨ ਗਾਇਬ ਹੋ ਗਿਆ ਹੈ, ਜਿਸ ਦੀ ਭਰਪਾਈ ਪੰਜਾਬ ਸਰਕਾਰ ਨੂੰ ਕਰਨੀ ਪਵੇਗੀ । ਕਿਸਾਨ ਆਗੂਆਂ ਕਿਹਾ ਕਿ ਚੰਡੀਗੜ੍ਹ ਵਿਖੇ ਮੋਰਚੇ ਦੇ ਆਗੂਆਂ ਨਾਲ ਮੀਟਿੰਗ ਵਿੱਚ ਆਏ ਹੋਏ ਕਿਸਾਨਾਂ ਵੱਲੋਂ ਗ੍ਰਿਫਤਾਰੀ ਤੋਂ ਬਾਅਦ ਕੁਰਾਲੀ ਥਾਣੇ ਵਿੱਚ ਹੀ ਸਰਕਾਰ ਦੇ ਵਿਸਵਾਸਘਾਤ ਅਤੇ ਜਬਰ ਦੇ ਵਿਰੁੱਧ ਗ੍ਰਿਫਤਾਰੀ ਸਮੇਂ ਹੀ ਭੁੱਖ ਹੜਤਾਲ ਸੁਰੂ ਕਰ ਦਿੱਤੀ ਗਈ ਸੀ ਅਤੇ ਹੁਣ ਉਹਨਾ ਕਿਸਾਨ ਆਗੂਆਂ ਵੱਲੋਂ ਰੋਪੜ ਜੇਲ ਅੰਦਰ ਉਸੇ ਤਰ੍ਹਾਂ ਭੁੱਖ ਹੜਤਾਲ ਨਿਰੰਤਰ ਜਾਰੀ ਹੈ । ਪੰਜਾਬ ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਮੀਟਿੰਗ ਵਿੱਚ ਬੁਲਾ ਕੇ ਗ੍ਰਿਫਤਾਰ ਕਰਨ ਅਤੇ ਹੱਕੀਂ ਮੰਗਾਂ ਲਈ ਲੱਗੇ ਮੋਰਚੇ ਉੱਪਰ ਹਮਲਾ ਕਰਕੇ ਮੋਰਚੇ ਨੂੰ ਉਖੇੜਨ ਦੀਆਂ ਸਾਜਿਸ਼ਾਂ ਦੇ ਵਿਰੋਧ ਵਿੱਚ ਅੱਜ ਪੰਜਾਬ ਭਰ ਵਿੱਚ ਅਰਥੀ ਫੂਕ ਮੁਜਾਰਾ ਕਰਦੇ ਹੋਏ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ । ਕਿਸਾਨ ਆਗੂਆਂ ਕਿਹਾ ਕਿ ਸਰਕਾਰ ਵੱਲੋਂ ਪੁਲਸੀਆ ਰਾਜ ਕਾਇਮ ਕਰਦੇ ਹੋਏ ਪੁਲਿਸ ਬਲ ਦੇ ਜੋਰ ਨਾਲ ਬੇਸੱਕ ਸਾਂਤਮਈ ਚੱਲਦੇ ਅੰਦੋਲਨ ਉੱਪਰ ਹਮਲਾ ਕਰਕੇ ਸੜਕਾਂ ਖਾਲੀ ਕਰਵਾ ਲਈਆਂ ਗਈਆਂ ਹਨ ਪਰੰਤੂ ਅੰਦੋਲਨ ਉਸੇ ਤਰ੍ਹਾਂ ਜਾਰੀ ਹੈ ਅਤੇ ਆਪਣੀਆਂ ਹੱਕੀ ਮੰਗਾਂ ਤੱਕ ਜਾਰੀ ਰਹੇਗਾ ।

ਕੇਂਦਰੀ ਜੇਲ ਵਿਚ ਬੰਦ ਕਿਸਾਨ ਔਰਤਾਂ ਨੇ ਸਰਕਾਰ ਦੇ ਜਬਰ ਦੀ ਕੀਤੀ ਨਿਖੇਧੀ

ਪਟਿਆਲਾ, 22 ਮਾਰਚ : ਕੇਂਦਰੀ ਜੇਲ ਪਟਿਆਲਾ ਵਿੱਚ ਬੰਦ ਕਿਸਾਨ ਔਰਤਾਂ ਵੱਲੋਂ ਬਿਆਨ ਜਾਰੀ-ਸਰਕਾਰੀ ਜਬਰ ਦੀ ਸਖਤ ਸ਼ਬਦਾਂ ‘ਚ ਨਿਖੇਧੀ ਅੱਜ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ 13 ਕਿਸਾਨ ਔਰਤਾਂ ਜਿਨ੍ਹਾਂ ਵਿੱਚ ਬੀ. ਕੇ. ਯੂ. ਕ੍ਰਾਂਤੀਕਾਰੀ ਦੀ ਸੂਬਾਈ ਜਨਰਲ ਸਕੱਤਰ ਸੁਖਵਿੰਦਰ ਕੌਰ ਵੀ ਸਾਮਲ ਹੈ ਨੇ ਇੱਕ ਵਿਸ਼ੇਸ਼ ਮੀਟਿੰਗ ਕੀਤੀ।
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰੈੱਸ ਸਕੱਤਰ ਜਰਨੈਲ ਸਿੰਘ ਕਾਲੇਕੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੰਭੂ ਅਤੇ ਖਨੌਰੀ ਬਾਰਡਰ ‘ਤੇ ਕੀਤੇ ਗਏ ਤਸੱਦਦ ਦੀ ਅਤੇ ਕੇਂਦਰੀ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਦੀ ਸਖਤ ਸਬਦਾਂ ‘ਚ ਨਿਖੇਧੀ ਕੀਤੀ। ਉਹਨਾਂ ਮੰਗ ਕੀਤੀ ਕਿ ਸੰਭੂ ਅਤੇ ਖਨੌਰੀ ਬਾਰਡਰਾਂ ਤੇ ਕਿਸਾਨਾਂ ਦੇ ਕੀਮਤੀ ਸਮਾਨ ਨੂੰ ਕਿਸਾਨਾਂ ਨੂੰ ਵਾਪਸ ਕੀਤਾ ਜਾਵੇ ਅਤੇ ਖੁਰਦ ਬੁਰਦ ਕੀਤੇ ਗਏ ਸਮਾਨ ਦੀ ਖੁਦ ਸਰਕਾਰ ਭਰਪਾਈ ਕਰੇ ਅਤੇ ਜੇਲਾਂ ‘ਚ ਬੰਦ ਕੀਤੇ ਕਿਸਾਨ ਆਗੂਆਂ ਤੇ ਕਾਰਕੁਨਾਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕੀਤਾ ਜਾਵੇ। ਅਖੀਰ ‘ਚ ਉਹਨਾਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਅਤੇ ਪੰਜਾਬ ਦੇ ਕਿਸਾਨਾਂ ਤੇ ਇਨਸਾਫ ਪਸੰਦ ਸਹਿਰੀਆਂ ਨੂੰ ਇਹ ਸੱਦਾ ਦਿੱਤਾ ਹੈ ਕਿ ਉਹ ਕਿਸਾਨੀ ਸੰਘਰਸ ਦੀ ਹਮਾਇਤ ਵਿੱਚ ਨਿਤਰਨ ਉਹ ਚੜ੍ਹਦੀ ਕਲਾ ਚ ਹਨ ਉਹਨਾਂ ਨੂੰ ਕੋਈ ਵੀ ਸਰਕਾਰੀ ਜਬਰ ਦਬਾ ਨਹੀਂ ਸਕੇਗਾ।
ਉਨ੍ਹਾਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਆਪਣੀਆਂ ਹੱਕੀ ਮੰਗਾਂ ਲਈ ਆਪਣੀ ਜੱਦੋ ਜਹਿਦ ਜਾਰੀ ਰੱਖਣਗੀਆਂ।