ਪੰਜਾਬੀ ਯੂਨੀਵਰਸਿਟੀ ਦੀ ਇੱਕ ਖੋਜ ਰਾਹੀਂ ਇੰਟਰਨੈੱਟ ਤੋਂ ਜਾਣਕਾਰੀ ਲੱਭਣ ਨੂੰ ਬਣਾਇਆ ਗਿਆ ਬਿਹਤਰ

ਪਟਿਆਲਾ, 30 ਮਾਰਚ : ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨ ਵਿਭਾਗ ਦੀ ਇੱਕ ਖੋਜ ਰਾਹੀਂ ਇੰਟਰਨੈੱਟ ਉੱਤੇ ਜਾਣਕਾਰੀਆਂ ਲੱਭਣ ਨਾਲ਼ ਸਬੰਧਤ ਪ੍ਰਸ਼ਨਾਵਾਲ਼ੀ (ਕਿਊ. ਏ. ਐੱਸ.) ਨੂੰ ਬਿਹਤਰ ਬਣਾਉਣ ਅਤੇ ਆਟੋਮੈਟਿਕ ਢੰਗ ਨਾਲ਼ ਤਿਆਰ ਕਰਨ ਦੇ ਢੰਗ ਲੱਭੇ ਹਨ। ਇਹ ਖੋਜ ਡਾ. ਅਮਨਦੀਪ ਵਰਮਾ ਦੀ ਨਿਗਰਾਨੀ ਹੇਠ ਖੋਜਾਰਥੀ ਵਿਕਾਸ ਬਾਲੀ ਵੱਲੋਂ ਕੀਤੀ ਗਈ ।
-ਜਾਣਕਾਰੀ ਲੱਭਣ ਲਈ ਲੋੜੀਂਦੇ ਕਿਊ. ਏ. ਐੱਸ. ਨੂੰ ਬਿਹਤਰ ਅਤੇ ਆਟੋਮੈਟਿਕ ਢੰਗ ਨਾਲ਼ ਸਿਰਜਣ ਦੇ ਢੰਗ ਲੱਭੇ
ਡਾ. ਅਮਨਦੀਪ ਵਰਮਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੂਗਲ ਸਮੇਤ ਵੱਖ-ਵੱਖ ਸਰਚ ਇੰਜਣਾਂ ਰਾਹੀਂ ਇੰਟਰਨੈੱਟ ਤੋਂ ਲੱਭਣ ਸਮੇਂ ਲੋੜੀਂਦੀ ਜਾਣਕਾਰੀ ਸਪਸ਼ਟ ਰੂਪ ਵਿੱਚ ਪ੍ਰਾਪਤ ਨਹੀਂ ਹੁੰਦੀ । ਸਰਚ ਇੰਜਣਾਂ ਵੱਲੋਂ ਜਾਣਕਾਰੀ ਦੇ ਸਰੋਤਾਂ ਨਾਲ਼ ਸਬੰਧਤ ਲਿੰਕ ਹੀ ਸੁਝਾਏ ਜਾਂਦੇ ਹਨ । ਲੋੜੀਂਦੀ ਜਾਣਕਾਰੀ ਨੂੰ ਹੋਰ ਵਧੇਰੇ ਸਪਸ਼ਟਤਾ ਨਾਲ਼ ਲੱਭੇ ਜਾਣ ਹਿਤ ਅੱਜਕਲ੍ਹ ਇੰਟਰਨੈੱਟ ਵੱਲੋਂ ਸਵਾਲ ਜਵਾਬ ਵਿਧੀ ਦਾ ਸਹਾਰਾ ਲਿਆ ਜਾਂਦਾ ਹੈ, ਜਿਸ ਨੂੰ ਕੰਪਿਊਟਰ ਦੀ ਭਾਸ਼ਾ ਵਿੱਚ ਕੁਐਸ਼ਚਨ ਅੰਸਰਿੰਗ ਸਿਸਟਮ (ਕਿਊ. ਏ. ਐੱਸ.) ਕਿਹਾ ਜਾਂਦਾ ਹੈ ।
ਕਿਸੇ ਵੀ ਵਿਸ਼ੇ ਉੱਤੇ ਜਦੋਂ ਕੋਈ ਇੰਟਰਨੈੱਟ ਉੱਤੇ ਕੁੱਝ ਜਾਣਕਾਰੀ ਲੱਭਦਾ ਹੈ ਤਾਂ ਉਸ ਨੂੰ ਲੋੜੀਂਦੀ ਜਾਣਕਾਰੀ ਬਾਰੇ ਹੋਰ ਸਪੱਸ਼ਟ ਜਾਣਨ ਲਈ ਉਸ ਦੇ ਸਾਹਮਣੇ ਕੁੱਝ ਸਵਾਲ-ਜਵਾਬ ਦੇ ਰੂਪ ਵਿੱਚ ਵੀ ਸਮੱਗਰੀ ਪੇਸ਼ ਹੁੰਦੀ ਹੈ
ਉਨ੍ਹਾਂ ਦੱਸਿਆ ਕਿ ਕਿਸੇ ਵੀ ਵਿਸ਼ੇ ਉੱਤੇ ਜਦੋਂ ਕੋਈ ਇੰਟਰਨੈੱਟ ਉੱਤੇ ਕੁੱਝ ਜਾਣਕਾਰੀ ਲੱਭਦਾ ਹੈ ਤਾਂ ਉਸ ਨੂੰ ਲੋੜੀਂਦੀ ਜਾਣਕਾਰੀ ਬਾਰੇ ਹੋਰ ਸਪੱਸ਼ਟ ਜਾਣਨ ਲਈ ਉਸ ਦੇ ਸਾਹਮਣੇ ਕੁੱਝ ਸਵਾਲ-ਜਵਾਬ ਦੇ ਰੂਪ ਵਿੱਚ ਵੀ ਸਮੱਗਰੀ ਪੇਸ਼ ਹੁੰਦੀ ਹੈ । ਸਬੰਧਤ ਵਰਤੋਂਕਾਰ ਇਸ ਸਵਾਲ ਜਵਾਬ ਵਿੱਚੋਂ ਆਪਣੇ ਆਪ ਨੂੰ ਲੋੜੀਂਦੀ ਸਮੱਗਰੀ ਦੀ ਸੌਖਿਆਂ ਚੋਣ ਕਰ ਸਕਣ ਦੇ ਸਮਰੱਥ ਹੁੰਦਾ ਹੈ । ਇਹ ਸਵਾਲ ਆਮ ਬੋਲਚਾਲ ਦੀ ਭਾਸ਼ਾ ਦੇ ਨੇੜੇ ਹੁੰਦੇ ਹਨ ਤਾਂ ਕਿ ਸਬੰਧਤ ਵਿਅਕਤੀ ਨੂੰ ਲੋੜੀਂਦੀ ਜਾਣਕਾਰੀ ਬਾਰੇ ਸਹੀ ਅੰਦਾਜ਼ਾ ਲਗਾ ਕੇ ਉਸ ਨੂੰ ਸਹੀ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ ।
ਤਾਜ਼ਾ ਖੋਜ ਰਾਹੀਂ ਵੱਖ-ਵੱਖ ਵਿਸ਼ਿਆਂ ਨਾਲ਼ ਸਬੰਧਤ ਅਜਿਹੇ ਸਵਾਲਾਂ ਅਤੇ ਉੱਤਰ ਦੇ ਰੂਪ ਵਿੱਚ ਲੋੜੀਂਦੀ ਸਾਰੀ ਸਮੱਗਰੀ ਦੇ ਨਿਰਮਾਣ ਸਮੇਂ ਆਉਂਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ
ਉਨ੍ਹਾਂ ਦੱਸਿਆ ਕਿ ਤਾਜ਼ਾ ਖੋਜ ਰਾਹੀਂ ਵੱਖ-ਵੱਖ ਵਿਸ਼ਿਆਂ ਨਾਲ਼ ਸਬੰਧਤ ਅਜਿਹੇ ਸਵਾਲਾਂ ਅਤੇ ਉੱਤਰ ਦੇ ਰੂਪ ਵਿੱਚ ਲੋੜੀਂਦੀ ਸਾਰੀ ਸਮੱਗਰੀ ਦੇ ਨਿਰਮਾਣ ਸਮੇਂ ਆਉਂਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਖੋਜ ਰਾਹੀਂ ਲੱਭੀਆਂ ਵਿਧੀਆਂ ਰਾਹੀਂ ਕਿਊ. ਏ. ਐੱਸ. ਦੀ ਸਿਰਜਣਾ ਨੂੰ ਆਟੋਮੇਸ਼ਨ ਢੰਗ ਨਾਲ਼ ਸੌਖਿਆਂ ਅਤੇ ਬਿਹਤਰ ਬਣਾਇਆ ਗਿਆ ਹੈ ।
ਖੋਜਾਰਥੀ ਡਾ. ਵਿਕਾਸ ਬਾਲੀ ਨੇ ਦੱਸਿਆ ਕਿ ਖੋਜ ਰਾਹੀਂ ਲੱਭੀਆਂ ਗਈਆਂ ਵਿਧੀਆਂ ਰਾਹੀਂ ਬਿਹਤਰ ਢੰਗ ਨਾਲ਼ ਕਿਊ. ਏ. ਐੱਸ. ਦੀ ਸਿਰਜਣਾ ਕੀਤੀ ਜਾ ਸਕਦੀ ਹੈ । ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਧੀਆਂ ਦੀ ਪ੍ਰਮਾਣਿਕਤਾ ਅਤੇ ਸਮਰਥਾ ਬਾਰੇ ਚੰਗੇ ਨਤੀਜੇ ਸਾਹਮਣੇ ਆਏ ਹਨ, ਜਿਸ ਨਾਲ਼ ਇੰਟਰਨੈੱਟ ਉੱਤੇ ਸਰਚ ਕਰਨ ਦੇ ਖੇਤਰ ਦੀ ਸਮਰਥਾ ਵਿੱਚ ਵਾਧਾ ਹੋ ਸਕਦਾ ਹੈ ਜਿਸ ਨਾਲ਼ ਇੰਟਰਨੈੱਟ ਵਰਤੋਂਕਾਰਾਂ ਲਈ ਹੋਰ ਅਸਾਨੀ ਪੈਦਾ ਹੋਵੇਗੀ । ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਵੱਲੋਂ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਚੰਗੀਆਂ ਖੋਜਾਂ ਨਾਲ਼ ਅਦਾਰੇ ਦੇ ਵੱਕਾਰ ਵਿੱਚ ਵਾਧਾ ਹੁੰਦਾ ਹੈ । ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕੰਪਿਊਟਰ ਦੇ ਖੇਤਰ ਵਿੱਚ ਅਗਲੇਰੇ ਪੱਧਰ ਦੀਆਂ ਖੋਜਾਂ ਕਰਨਾ ਸਮੇਂ ਦੀ ਲੋੜ ਵੀ ਹੈ ।
