"ਧਾਮੀ ਸਾਹਿਬ ਆਪਣੇ ਗੈਰ ਜਿੰਮੇਵਾਰਨਾ ਰਵੱਈਏ ਅਤੇ ਵਰਤਾਰੇ ਲਈ ਸਮੁੱਚੀ ਸਿੱਖ ਸੰਗਤ ਤੋਂ ਮੁਆਫੀ ਮੰਗੋ : ਰੱਖੜਾ

ਦੁਆਰਾ: Punjab Bani ਪ੍ਰਕਾਸ਼ਿਤ :Saturday, 29 March, 2025, 08:29 PM

ਪਟਿਆਲਾ  : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਰਦਾਰ ਸੁਰਜੀਤ ਸਿੰਘ ਰੱਖੜਾ ਨੇ ਬੀਤੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਮੌਕੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਸਿੰਘ ਧਾਮੀ ਵੱਲੋ ਕੌਮ ਪ੍ਰਤੀ ਪਹਿਰੇਦਾਰੀ ਨਾ ਨਿਭਾਏ ਜਾਣ ਤੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਇਸ ਦੇ ਨਾਲ ਸਰਦਾਰ ਰੱਖੜਾ ਨੇ ਕਿਹਾ ਕਿ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਇਸ ਵਿੱਚ ਭਲਾ ਨਹੀਂ ਹੋ ਸਕਦਾ,ਸਰਦਾਰ ਧਾਮੀ ਸਾਹਿਬ ਦੇ ਵਾੜ ਹੇਠ ਪੰਥ ਅਤੇ ਕੌਮ ਦਾ ਵੱਡਾ ਨੁਕਸਾਨ ਹੋਇਆ, ਇਸ ਕਰਕੇ ਧਾਮੀ ਸਾਹਿਬ ਦਾ ਪੱਕੀ ਛੁੱਟੀ ਕਰਕੇ ਘਰ ਬੈਠਣਾ ਹੀ ਕੌਮ ਅਤੇ ਪੰਥ ਦੇ ਲਈ ਬੇਹਤਰ ਹੈ ।

ਕੌਮ ਪ੍ਰਤੀ ਪਹਿਰੇਦਾਰੀ ਨਾ ਨਿਭਾਅ ਸਕਣ ਕਾਰਨ ਤੁਸੀਂ ਪੱਕੇ ਤੌਰ ਤੇ ਘਰ ਬੈਠੋਂ ਇਹੀ ਪੰਥ ਲਈ ਬੇਹਤਰ : ਰੱਖੜਾ
ਸਰਦਾਰ ਰੱਖੜਾ ਨੇ ਕਿਹਾ ਕਿ, ਕੱਲ ਜਨਰਲ ਇਜਲਾਸ ਤੋਂ ਬਾਅਦ ਮੀਡੀਆ ਨਾਲ ਮੁਖ਼ਾਤਿਬ ਹੁੰਦੇ ਜਿਹੜੀ ਭਾਸ਼ਾ ਅਤੇ ਭਾਵਨਾ ਸਰਦਾਰ ਧਾਮੀ ਸਾਹਿਬ ਦੇ ਸ਼ਬਦਾਂ ਵਿੱਚ ਝਲਕੀ, ਉਸ ਨੂੰ ਸੁਣ ਕੇ ਮਹਿਸੂਸ ਹੁੰਦਾ ਹੈ ਕਿ ਧਾਮੀ ਸਾਹਿਬ ਆਪ ਖੁਦ ਜਲੀਲ ਕਰਕੇ ਹਟਾਏ ਗਏ ਸਿੰਘ ਸਾਹਿਬਾਨ ਪ੍ਰਤੀ ਮੰਦੀ ਭਾਵਨਾ ਨਾਲ ਪੇਸ਼ ਆਉਂਦੇ ਰਹੇ। ਧਾਮੀ ਸਾਹਿਬ ਦਾ ਇਹ ਦਾਅਵਾ ਕਰਨਾ ਕਿ ਸਿੰਘ ਸਾਹਿਬਾਨ ਦੀ ਮੁੜ ਬਹਾਲੀ ਲਈ ਦਿੱਤੀ ਦਰਖਾਸਤ ਉਪਰ ਦਸਤਖ਼ਤ ਕਰਨ ਵਾਲੇ ਮੈਬਰਾਂ ਨੇ ਭੁਲੇਖੇ ਵਿੱਚ ਪ੍ਰੋੜਤਾ ਕਰ ਦਿੱਤੀ, ਇਸ ਤੋਂ ਵੱਡਾ ਪੰਥਕ ਗੁਨਾਹ ਵਾਲਾ ਦਾਅਵਾ ਕੋਈ ਹੋਰ ਹੋ ਨਹੀਂ ਸਕਦਾ। ਇਸ ਤੋਂ ਬਾਅਦ ਵਾਰ ਵਾਰ ਮਤਾ ਲਿਆਉਣ ਲਈ ਬੇਨਤੀ ਕਰਨ ਵਾਲੇ ਸਤਿਕਾਰਯੋਗ ਮੈਬਰਾਂ ਦੀ ਬੇਨਤੀ ਨੂੰ ਘੜਮੱਸ ਕਹਿ ਕੇ ਤੌਹੀਨ ਕਰਨਾ, ਧਾਮੀ ਸਾਹਿਬ ਨੂੰ ਸ਼ੋਭਦਾ ਨਹੀਂ ਮਹਿਲਾਵਾਂ ਲਈ ਏਨੇ ਇਤਰਾਜਯੋਗ ਸ਼ਬਦ ਆਪਣੇ ਮੁਖਾਤਿਬ ਤੋ ਵਰਤਣੇ, ਇਹ ਸਮੁੱਚੀ ਮਹਿਲਾਵਾਂ ਦੇ ਸਨਮਾਨ ਨੂੰ ਠੇਸ ਦੇਣ ਬਰਾਬਰ ਹੈ, ਇਸ ਤੋਂ ਪਹਿਲਾਂ ਆਪਣੀ ਮਾਨਸਿਕ ਸੋਚ ਦੇ ਪ੍ਰਗਟਾਵਾ ਬੇਸ਼ਕ ਧਾਮੀ ਸਾਹਿਬ, ਬੀਬੀ ਜਗੀਰ ਕੌਰ ਪ੍ਰਤੀ ਸ਼ਬਦ ਵਰਤ ਕੇ ਵੀ ਦੇ ਚੁੱਕੇ ਹਨ, ਇਸ ਕਰਕੇ ਧਾਮੀ ਸਾਹਿਬ ਨੂੰ ਮੁਆਫੀ ਮੰਗਣੀ ਚਾਹੀਦੀ ਹੈ ।

ਐਸ. ਜੀ. ਪੀ. ਸੀ. ਦੀ ਮਹਿਲਾ ਮੈਂਬਰ ਨਾਲ ਹੋਏ ਨਿੰਦਣਯੋਗ ਵਰਤਾਰੇ ਲਈ ਪ੍ਰਧਾਨ ਧਾਮੀ ਸਮੇਤ ਸਕੱਤਰ ਐਸਜੀਪੀਸੀ ਤੁਰੰਤ ਅਸਤੀਫ਼ਾ ਦੇਣ
ਸਰਦਾਰ ਰੱਖੜਾ ਨੇ ਕਿਹਾ ਜਿਸ ਤਰੀਕੇ ਕੱਲ ਐਸਜੀਪੀਸੀ ਦੇ ਜਨਰਲ ਇਜਲਾਸ ਮੌਕੇ ਦਰਬਾਰ ਸਾਹਿਬ ਦੇ ਗੇਟ ਬੰਦ ਕਰਵਾਏ ਗਏ, ਉਸ ਨਾਲ ਨਤਮਸਤਕ ਹੋਣ ਲਈ ਆਏ ਹਰ ਸ਼ਰਧਾਲੂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਦਰਬਾਰ ਸਾਹਿਬ ਦੇ ਕੰਪਲੈਕਸ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰਨਾ, ਇਸ ਤੋਂ ਜੱਗ ਜਹਿਰ ਹੋ ਰਿਹਾ ਹੈ ਕਿਸ ਤਰੀਏ ਆਪਣੀਆਂ ਸੰਸਥਾਵਾਂ ਦੀ ਹੋਂਦ ਤੇ ਆਪਣੇ ਘਰ ਹੀ ਹਮਲੇ ਕੀਤੇ ਜਾ ਰਹੇ ਹਨ ਅਤੇ ਰਾਖੀ ਦੀ ਅਵਾਜ ਚੁੱਕਣ ਵਾਲਿਆਂ ਨੂੰ ਪੁਲਿਸ ਦਾ ਡਰ ਵਿਖਾ ਕੇ ਅਵਾਜ ਬੁਲੰਦ ਕੀਤੀ ਜਾ ਰਹੀ ਹੈ। ਪ੍ਰਧਾਨ ਧਾਮੀ ਸਮੇਤ ਐਸਜੀਪੀਸੀ ਸਕੱਤਰ ਦੇ ਤੁਰੰਤ ਅਸਤੀਫੇ ਦੀ ਮੰਗ ਚੁੱਕਦਿਆਂ ਸਰਦਾਰ ਰੱਖੜਾ ਨੇ ਕਿਹਾ ਕਿ, ਅਜਿਹੇ ਵਰਤਾਰੇ ਨਾ ਬਰਦਾਸ਼ਤਯੋਗ ਹਨ ।

31 ਮਾਰਚ ਨੂੰ ਪਟਿਆਲਾ ਵਿਖੇ ਹੋਣ ਵਾਲੀ ਭਰਤੀ ਕਮੇਟੀ ਦੀ ਮੀਟਿੰਗ ਵਿੱਚ ਹੋਵੇਗੀ ਵਰਕਰਾਂ ਦੀ ਵੱਡੀ ਇਕਤੱਰਤਾ
ਸਰਦਾਰ ਰੱਖੜਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ, 31 ਮਾਰਚ ਨੂੰ ਪਟਿਆਲਾ ਵਿਖੇ ਹੋਣ ਵਾਲੀ ਪੰਜ ਮੈਂਬਰੀ ਭਰਤੀ ਕਮੇਟੀ ਦੀ ਮੀਟਿੰਗ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੀਟਿੰਗ ਵਿੱਚ ਜਿੱਥੇ ਸਮੁੱਚੇ ਜ਼ਿਲੇ ਦੀ ਲੀਡਰਸ਼ਿਪ ਹਾਜ਼ਰ ਰਹੇਗੀ ਉਥੇ ਹੀ ਹਰ ਪਿੰਡ ਤੋ ਵੱਡੀ ਗਿਣਤੀ ਵਿੱਚ ਵਰਕਰ ਸ਼ਮੂਲੀਅਤ ਕਰਨਗੇ। ਸਰਦਾਰ ਰੱਖੜਾ ਨੇ ਕਿਹਾ ਕਿ ਓਹਨਾ ਵਲੋ ਮੀਟਿੰਗ ਦੀ ਕਾਮਯਾਬੀ ਨੂੰ ਲੈਕੇ ਪਿੰਡ ਪਿੰਡ ਜਾ ਕੇ ਵਰਕਰਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ, ਵਰਕਰਾਂ ਵਿੱਚ ਉਤਸ਼ਾਹ ਅਤੇ ਜੋਸ਼ ਦੱਸਦਾ ਹੈ ਕਿ ਇਸ ਮੀਟਿੰਗ ਵਿੱਚ ਹੋਣ ਵਾਲਾ ਇਕੱਠ ਰਿਕਾਰਡ ਤੋੜ ਹੋਵੇਗਾ । ਇਸ ਮੌਕੇ ਉਨਾ ਨਾਲ ਸਾਬਕਾ ਚੇਅਰਮੈਨ ਤੇਜਿੰਦਰ ਪਾਲ ਸਿੰਘ ਸੰਧੂ, ਐਸਜੀਪੀਸੀ ਮੈਬਰ ਸਤਵਿੰਦਰ ਸਿੰਘ ਟੌਹੜਾ, ਰਣਧੀਰ ਸਿੰਘ ਰੱਖੜਾ ਸੀਨੀਅਰ ਅਕਾਲੀ ਨੇਤਾ ਆਦਿ ਮੌਜੂਦ ਸਨ।