ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਨਸ਼ਿਆਂ ਵਿਰੁੱਧ ਜੰਗ ਵਿੱਚ ਸਾਰੇ ਭਾਈਵਾਲਾਂ ਨੂੰ ਅੱਗੇ ਆਉਣ ਦਾ ਸੱਦਾ

ਚੰਡੀਗੜ੍ਹ, 31 ਮਾਰਚ : ਪੰਜਾਬ ਦੀ ਪਵਿੱਤਰ ਧਰਤੀ ਤੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਸਮੂਹ ਭਾਈਵਾਲਾਂ ਨੂੰ ਅੱਗੇ ਆਉਣ ਦਾ ਸੱਦਾ ਦਿੰਦਿਆਂ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਇਸ ਨੇਕ ਕਾਰਜ ਵਿੱਚ ਸਫ਼ਲਤਾ ਹਾਸਲ ਕਰਨ ਲਈ ਨਸ਼ਿਆਂ ਵਿਰੁੱਧ ਜੰਗ ਨੂੰ ਲੋਕ ਲਹਿਰ ਵਿੱਚ ਬਦਲਣ ਦੀ ਲੋੜ ਹੈ ।
ਪੰਜਾਬ ਦੇ ਰਾਜਪਾਲ 3 ਅਪ੍ਰੈਲ ਤੋਂ 8 ਅਪ੍ਰੈਲ ਤੱਕ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਪਦਯਾਤਰਾ ਕਰਨਗੇ
ਪੰਜਾਬ ਰਾਜ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਇਸ ਮਹਾਨ ਟੀਚੇ ਨੂੰ ਧਿਆਨ ਵਿੱਚ ਰੱਖਦੇ ਹੋਏ 3 ਅਪ੍ਰੈਲ ਤੋਂ 8 ਅਪ੍ਰੈਲ, 2025 ਤੱਕ ਗੁਰਦਾਸਪੁਰ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹਿਆਂ ਵਿੱਚ ਨਸ਼ਿਆਂ ਵਿਰੁੱਧ ਪਦਯਾਤਰਾ ਕੱਢੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਦਯਾਤਰਾ 3 ਅਪ੍ਰੈਲ ਨੂੰ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਤੋਂ ਸ਼ੁਰੂ ਹੋਵੇਗੀ ਅਤੇ ਸੇਂਟ ਫਰਾਂਸਿਸ ਕਾਨਵੈਂਟ ਸਕੂਲ, ਡੇਰਾ ਬਾਬਾ ਨਾਨਕ ਵਿਖੇ ਸਮਾਪਤ ਹੋਵੇਗੀ। 4 ਅਪ੍ਰੈਲ ਨੂੰ ਪਦਯਾਤਰਾ ਬਦੇਸ਼ਾ ਮੈਰਿਜ ਪੈਲੇਸ ਤੋਂ ਸ਼ੁਰੂ ਹੋ ਕੇ ਐਸਡੀ ਕਾਲਜ ਫਾਰ ਗਰਲਜ਼, ਫਤਿਹਗੜ੍ਹ ਚੂੜੀਆਂ ਵਿਖੇ ਸਮਾਪਤ ਹੋਵੇਗੀ ।
ਨਸ਼ਿਆਂ ਦੀ ਸਮੱਸਿਆ ਇਕੱਲੇ ਪੰਜਾਬ ਦੀ ਨਹੀਂ, ਸਗੋ ਪੂਰ ਦੇਸ਼ ਦੀ ਸਮੱਸਿਆ: ਰਾਜਪਾਲ
ਪਦਯਾਤਰਾ ਦਾ ਅੰਮ੍ਰਿਤਸਰ ਪੜਾਅ 5 ਅਪ੍ਰੈਲ ਨੂੰ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਨਵਾਂ ਪਿੰਡ ਤੋਂ ਸ਼ੁਰੂ ਹੋ ਕੇ ਗੁਰੂ ਰਾਮਦਾਸ ਕਾਲਜ ਆਫ਼ ਨਰਸਿੰਗ ਐਂਡ ਮੈਡੀਕਲ ਸਾਇੰਸਜ਼, ਪਿੰਡ ਪੰਧੇਰ ਵਿਖੇ ਸਮਾਪਤ ਹੋਵੇਗਾ । 6 ਅਪ੍ਰੈਲ ਨੂੰ ਇਹ ਯਾਤਰਾ ਦਾ ਪਿੰਡ ਮਾਜੂਪੁਰਾ ਵਿੱਚ ਆਕਸਫੋਰਡ ਸਕੂਲ ਤੋਂ ਸ਼ੁਰੂ ਹੋ ਕੇ ਐਸਬੀਐਸ ਨਰਸਿੰਗ ਐਂਡ ਮੈਡੀਕਲ ਸਾਇੰਸਜ਼ ਕੈਂਪਸ, ਪਿੰਡ ਚੇਤਨਪੁਰਾ ਵਿਖੇ ਸਮਾਪਤ ਹੋਵੇਗੀ । 7 ਅਪ੍ਰੈਲ ਨੂੰ ਸਰਕਟ ਹਾਊਸ, ਅੰਮ੍ਰਿਤਸਰ ਇਸ ਯਾਤਰਾ ਦਾ ਸ਼ੁਰੂਆਤੀ ਬਿੰਦੂ ਹੋਵੇਗਾ ਜਦੋਂ ਕਿ ਇਸ ਦੀ ਸਮਾਪਤੀ ਅੰਮ੍ਰਿਤਸਰ ਦੇ ਰਾਮਬਾਗ ਗਾਰਡਨ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਕੋਲ ਜਾ ਕੇ ਹੋਵੇਗੀ। ਆਖਰੀ ਦਿਨ ਯਾਨੀ 8 ਅਪ੍ਰੈਲ ਨੂੰ ਇਹ ਯਾਤਰਾ ਭੰਡਾਰੀ ਪੁਲ ਕੋਲ ਦੀਨ ਦਿਆਲ ਪਾਰਕਿੰਗ ਤੋਂ ਸ਼ੁਰੂ ਹੋਵੇਗੀ ਅਤੇ ਜਲ੍ਹਿਆਂਵਾਲਾ ਬਾਗ ਵਿਖੇ ਸਮਾਪਤ ਹੋਵੇਗੀ। ਦੱਸਣਯੋਗ ਹੈ ਕਿ ਇਹ ਯਾਤਰਾ ਰੋਜ਼ਾਨਾ ਸਵੇਰੇ 7 ਵਜੇ ਸ਼ੁਰੂ ਹੋਵੇਗੀ ।
ਯਾਤਰਾ ਦੌਰਾਨ ਪਿੰਡਾਂ ਅਤੇ ਕਸਬਿਆਂ ਦੇ ਵਸਨੀਕਾਂ ਨਾਲ ਗੱਲਬਾਤ ਵੀ ਕੀਤੀ ਜਾਵੇਗੀ
ਇਸ ਪਦਯਾਤਰਾ ਨੂੰ ਰਾਜ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਜੰਗ ਦੇ ਯਤਨਾਂ ਦਾ ਹਿੱਸਾ ਦੱਸਦਿਆਂ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਵਿਸਥਾਰ ਨਾਲ ਦੱਸਿਆ ਕਿ ਜਦੋਂ ਸਮਾਜ ਦੇ ਸਾਰੇ ਵਰਗ ਜਿਵੇਂ ਕਿ ਸਿੱਖਿਆ ਸ਼ਾਸਤਰੀ, ਧਾਰਮਿਕ ਆਗੂ, ਬੁੱਧੀਜੀਵੀ ਅਤੇ ਆਮ ਲੋਕ ਮਿਲ ਕੇ ਯਤਨ ਕਰਨਗੇ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਪੰਜਾਬ ਦੀ ਪਵਿੱਤਰ ਧਰਤੀ ਤੋਂ ਨਸ਼ਿਆਂ ਦਾ ਮੁਕੰਮਲ ਖ਼ਾਤਮਾ ਹੋ ਜਾਵੇਗਾ। ਇਸ ਯਾਤਰਾ ਦੌਰਾਨ ਪਿੰਡਾਂ ਅਤੇ ਕਸਬਿਆਂ ਦੇ ਵਸਨੀਕਾਂ ਨਾਲ ਗੱਲਬਾਤ ਵੀ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਇਸ ਲਹਿਰ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾ ਸਕੇ ।
ਨੇਕ ਮਿਸ਼ਨ ਵਿੱਚ ਮੀਡੀਆ ਦੇ ਸਰਗਰਮ ਸਹਿਯੋਗ ਦੀ ਵੀ ਮੰਗ ਕੀਤੀ
ਰਾਜਪਾਲ ਨੇ ਇਸ ਨੇਕ ਮਿਸ਼ਨ ਵਿੱਚ ਮੀਡੀਆ ਦੇ ਸਰਗਰਮ ਸਹਿਯੋਗ ਦੀ ਵੀ ਮੰਗ ਕੀਤੀ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਲੋਕਤੰਤਰ ਦਾ ਚੌਥਾ ਥੰਮ੍ਹ ਨਸ਼ਿਆਂ ਵਿਰੁੱਧ ਜਾਗਰੂਕਤਾ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਲਈ ਅਹਿਮ ਭੂਮਿਕਾ ਨਿਭਾਏਗਾ । ਰਾਜਪਾਲ ਨੇ ਅੱਗੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਇਕੱਲੇ ਪੰਜਾਬ ਦੀ ਨਹੀਂ, ਸਗੋਂ ਇਹ ਪੂਰੇ ਦੇਸ਼ ਨੂੰ ਪ੍ਰਭਾਵਿਤ ਕਰ ਰਹੀ ਹੈ। ਇਸ ਲਈ ਸਾਨੂੰ ਆਪਣੇ ਦੇਸ਼, ਸਮਾਜ ਅਤੇ ਬੱਚਿਆਂ ਨੂੰ ਬਚਾਉਣ ਲਈ ਇਸ ਜੰਗ ਵਿੱਚ ਮਿਲ ਕੇ ਯਤਨ ਕਰਨ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਸਾਨੂੰ ਨਸ਼ਿਆਂ ਵਿਰੁੱਧ ਇਸ ਲੜਾਈ ਵਿੱਚ ਸਰਗਰਮੀ ਨਾਲ ਠੋਸ ਤੇ ਨਿਰੰਤਰ ਯਤਨ ਕਰਨੇ ਹੋਣਗੇ ਅਤੇ ਫਿਰ ਉਹ ਦਿਨ ਦੂਰ ਨਹੀਂ ਜਦੋਂ ਸਫ਼ਲਤਾ ਸਾਡੀ ਝੋਲੀ ‘ਚੋ ਹੋਵੇਗੀ ।
