ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਵਿਸਾਖੀ ਤੇ ਵਿਚਾਰ ਵਟਾਂਦਰੇ ਉਪਰੰਤ ਕੌਮ ਦੇ ਨਾਮ ਸੰਦੇਸ਼ ਜਾਰੀ ਕਰਨਗੇ : ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਦੁਆਰਾ: Punjab Bani ਪ੍ਰਕਾਸ਼ਿਤ :Monday, 31 March, 2025, 06:48 PM

ਅੰਮ੍ਰਿਤਸਰ, 31 ਮਾਰਚ : ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਸੱਚਖੰਡ ਵਾਸੀ ਬਾਬਾ ਮੱਖਣ ਸਿੰਘ ਅਤੇ ਬਾਬਾ ਗੱਜਣ ਸਿੰਘ ਦੀ ਸਲਾਨਾ ਬਰਸੀ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣ ਲਈ ਪੁਜੇ । ਉਨ੍ਹਾਂ ਬਰਸੀ ਸਮਾਗਮ ਵਿੱਚ ਪੁਜੀਆਂ ਪ੍ਰਮੁੱਖ ਸਖ਼ਸ਼ੀਅਤਾਂ ਤੇ ਸੰਗਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ, ਉਨ੍ਹਾਂ ਤਰਨਾ ਦਲ ਬਾਬਾ ਬਕਾਲਾ ਦੇ ਮੁਖੀ ਰਹੇ ਬਾਬਾ ਮੱਖਣ ਸਿੰਘ ਅਤੇ ਬਾਬਾ ਗੱਜਣ ਸਿੰਘ ਨੂੰ ਸਰਧਾ ਸਤਿਕਾਰ ਭੇਟ ਕਰਦਿਆਂ ਕਰਦਿਆਂ ਕਿਹਾ ਕਿ ਨਿਹੰਗ ਸਿੰਘ ਜਥੇਬੰਦੀਆਂ ਨੂੰ ਗੁਰੂ ਦੀ ਭੈ ਭਾਵਨੀ ਹੇਠ ਇੱਕਮੁਠ ਹੋ ਕੇ ਆਪਣੀ ਸ਼ਕਤੀ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ । ਨਿਹੰਗ ਸਿੰਘ ਗੁਰੂ ਦੀ ਬਖਸ਼ਿਸ਼ ਦਾ ਥਾਪੜਾ ਪ੍ਰਾਪਤ ਸਿੰਘ ਹਨ ।

ਨਿਹੰਗ ਸਿੰਘਾਂ ਦੇ ਮੁਖੀ ਨੂੰ ਹਰ ਗੱਲ ਦਾ ਗਿਆਨ ਹੁੰਦਾ ਹੈ ਤੇ ਹਰ ਬਾਰੇ ਉਹ ਜਾਣਕਾਰੀ ਵੀ ਰਖਦੇ ਹਨ

ਗੁਰੂ ਦੀ ਰਹਿਮਤ ਤੇ ਬਖਸ਼ਿਸ਼ ਸਦਕਾ ਨਿਹੰਗ ਸਿੰਘ ਕਿਸੇ ਵੀ ਸਰੂਪ ਵਿੱਚ ਹੋਵੇ ਉਹ ਪੰਥਕ ਜਥੇਬੰਦੀਆਂ ਦੇ ਮੁਖੀ ਵੱਲੋਂ ਦਿਤੇ ਕਿਸੇ ਪ੍ਰੋਗਰਾਮ ਦੇ ਉਲਟ ਜਾਂਦਾ ਹੈ ਤਾਂ ਸਮੁੱਚੇ ਨਿਹੰਗ ਸਿੰਘਾਂ ਦੇ ਸਚਿਆਰ ਤੇ ਇਕਮੁੱਠਤਾ ਨੂੰ ਠੇਸ ਲਗਦੀ ਹੈ । ਕਿਸੇ ਵੀ ਨਿਹੰਗ ਸਿੰਘ ਨੂੰ ਏਦਾਂ ਨਹੀਂ ਕਰਨਾ ਚਹੀਦਾ । ਉਨ੍ਹਾਂ ਕਿਹਾ ਨਿਹੰਗ ਸਿੰਘਾਂ ਦੇ ਮੁਖੀ ਨੂੰ ਹਰ ਗੱਲ ਦਾ ਗਿਆਨ ਹੁੰਦਾ ਹੈ ਤੇ ਹਰ ਬਾਰੇ ਉਹ ਜਾਣਕਾਰੀ ਵੀ ਰਖਦੇ ਹਨ । ਉਨ੍ਹਾਂ ਸਮੁੱਚੇ ਨਿਹੰਗ ਸਿੰਘਾਂ ਨੂੰ ਵੈਸਾਖੀ ਪੁਰਬ ਤੇ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਇੱਕਤਰ ਹੋਣ ਦਾ ਸੱਦਾ ਦਿਤਾ ਹੈ । ਉਨ੍ਹਾਂ ਕਿਹਾ ਕਿ ਨਿਹੰਗ ਸਿੰਘ ਆਪਣੇ ਇਤਿਹਾਸ ਤੇ ਮਰਯਾਦਾ ਤੋਂ ਲਾਂਭੇ ਨਾ ਹੋਣ, ਸਗੋਂ ਚੱਲੀ ਆਉਂਦੀ ਪੁਰਾਤਨ ਮਰਯਾਦਾ ਅਤੇ ਰਵਾਇਤ ਤੇ ਪਹਿਰਾ ਦੇਣ । ਉਨ੍ਹਾਂ ਕਿਹਾ ਇਸੇ ਮਨਸ਼ਾ ਤਹਿਤ ਨਿਹੰਗ ਸਿੰਘ ਜਥੇਬੰਦੀਆਂ ਦੇ ਮਸਲਿਆਂ ਨੂੰ ਪੰਥਕ ਵਿਚਾਰ ਵਟਾਂਦਰੇ ਉਪਰੰਤ ਗੁਰਮਤੇ ਰਾਹੀਂ ਨਿਪਟਾਇਆ ਜਾਵੇਗਾ ।

ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਨ ਲਈ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਲਾਜ਼ਮੀ ਬਨਾਉਣ

ਉਨ੍ਹਾਂ ਕਿਹਾ ਕਿ ਪੰਥਕ ਸੰਕਟ ਤੇ ਸਿੱਖ ਮਰਯਾਦਾ ਦੇ ਹੋ ਰਹੇ ਘਾਣ ਨੂੰ ਰੋਕਣ ਲਈ ਨਿਹੰਗ ਸਿੰਘ  ਜਥੇਬੰਦੀਆਂ ਦੇ ਮੁਖੀ ਵਿਸਾਖੀ ਪੁਰਬ ਤੇ ਆਪਸੀ ਵਿਚਾਰ ਵਟਾਂਦਰੇ ਉਪਰੰਤ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਬੁੱਢਾ ਦਲ ਦੀ ਅਗਵਾਈ ਵਿੱਚ ਕੌਮ ਨੂੰ ਪ੍ਰੋਗਰਾਮ ਦੇਣਗੇ । ਉਨ੍ਹਾਂ ਕਿਹਾ ਕਿ ਗਰਮੀਆਂ ਦੀ ਰੁੱਤ ਆ ਗਈ ਹੈ ਤੇਜ਼ ਹਵਾਵਾਂ ਤੇ ਬਿਜਲੀ ਦੀ ਤਾਰਾਂ ਦੇ ਪਿਘਲਣ ਅਤੇ ਸਰਕਟ ਸ਼ਾਟ ਹੋਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ । ਹਰੇਕ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਨ ਲਈ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਲਾਜ਼ਮੀ ਬਨਾਉਣ ਅਤੇ ਬਿਜਲੀ ਦੀਆਂ ਤਾਰਾਂ ਦੇ ਜੋੜਾਂ ਆਦਿ ਨੂੰ ਸਹੀ ਤਰੀਕੇ ਨਾਲ ਸੰਭਾਲਣ ਦਾ ਯਤਨ ਕਰਨ ।