ਪਟਿਆਲਾ ਜ਼ਿਲ੍ਹੇ ਦੀ ਧਰਤੀ ਤੇ ਹੋਏ ਇਤਿਹਾਸਿਕ ਇਕੱਠ ਨੇ ਸਿਰਜਿਆ ਨਵਾਂ ਇਤਿਹਾਸ

ਪਟਿਆਲਾ : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਭਰਤੀ ਕਮੇਟੀ ਦਾ ਕਾਫ਼ਲਾ ਮੀਟਿੰਗਾਂ ਦੇ ਰੂਪ ਵਿੱਚ ਲਗਾਤਾਰ ਅੱਗੇ ਵਧ ਰਿਹਾ ਹੈ । ਅੱਜ ਪੰਜ ਮੈਂਬਰੀ ਭਰਤੀ ਕਮੇਟੀ ਦਾ ਕਾਫ਼ਲਾ ਪੰਥਕ ਧਰਤੀ ਪਟਿਆਲਾ ਪਹੁੰਚਿਆ । ਅੱਜ ਦੇ ਵੱਡੇ ਪੰਥਕ ਇਕੱਠ ਵਿੱਚ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਬਰ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰ ਅਤੇ ਬੀਬੀ ਸਤਵੰਤ ਕੌਰ ਖਾਸ ਤੌਰ ਤੇ ਪਹੁੰਚੇ। ਭਰਤੀ ਕਮੇਟੀ ਦੇ ਕਾਫ਼ਲੇ ਵਿੱਚ ਹਰ ਰੋਜ ਜੁੜਨ ਵਾਲੇ ਪਰਿਵਾਰਾਂ ਦੀ ਗਿਣਤੀ ਵਧ ਰਹੀ ਹੈ, ਅੱਜ ਦੇ ਇਕੱਠ ਵਿੱਚ ਸਤਵੀਰ ਸਿੰਘ ਖਟੜਾ ਨੇ ਖਾਸ ਤੌਰ ਤੇ ਹਾਜ਼ਰੀ ਭਰਦੇ ਹੋਏ, ਪੰਜ ਮੈਂਬਰੀ ਭਰਤੀ ਕਮੇਟੀ ਹੇਠ ਭਰਤੀ ਕਰਨ ਦਾ ਅਹਿਦ ਲਿਆ ।
ਮਲੇਰਕੋਟਲਾ, ਸੰਗਰੂਰ ਜ਼ਿਲ੍ਹਿਆਂ ਤੋ ਬਾਅਦ ਪਟਿਆਲਾ ਦੀ ਸਮੁੱਚੀ ਲੀਡਰਸ਼ਿਪ ਹੋਈ ਇਕਜੁੱਟ
ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਸੰਗਤ ਦੇ ਮੁਖ਼ਾਤਿਬ ਹੁੰਦੇ ਅੱਜ ਦੀਆਂ ਦਰਪੇਸ਼ ਸਮੱਸਿਆਵਾਂ ਦਾ ਕਾਰਨ ਕਮਜੋਰ ਪਈ ਅਗਵਾਈ ਨੂੰ ਕਰਾਰ ਦਿੱਤਾ ਤੇਕਿਹਾ ਕਿ, ਸਾਡੀ ਲੀਡਰਸ਼ਿਪ ਸਮੇਂ ਦੀ ਹਾਣੀ ਬਣ ਹੀ ਨਹੀਂ ਪਾਈ। ਅਸੀਂ ਆਪਣੀਆਂ ਸਰਕਾਰਾਂ ਵੇਲੇ ਵੀ ਗਲਤੀਆਂ ਕਰਦੇ ਰਹੇ ਅਤੇ ਸਮੇਂ ਦੇ ਨਾਲ ਵਰਕਰਾਂ ਦੀਆਂ ਭਾਵਨਾਵਾਂ ਨੂੰ ਸਮਝ ਹੀ ਨਹੀਂ ਸਕੇ । ਪਾਰਟੀ ਵਨਮੈਂਨ ਸ਼ੋਅ ਬਣ ਕੇ ਰਹਿ ਗਈ । ਵਾਰ ਵਾਰ ਬੇਨਤੀ ਕਰਨ ਉਪਰੰਤ ਵੀ ਅਸੀ ਕਿਸਾਨੀ ਮਸਲੇ ਤੇ ਅੰਨਦਾਤੇ ਦਾ ਭਰੋਸਾ ਨਹੀਂ ਜਿੱਤ ਸਕੇ । ਬਰਗਾੜੀ ਦੀ ਵੱਡੀ ਅਫਸੋਸਜਨਕ ਘਟਨਾ ਨੇ ਸਾਡੇ ਤੋ ਪੰਥਕ ਵੋਟ ਨੂੰ ਤੋੜਿਆ ਅਤੇ ਕਿਸਾਨੀ ਅੰਦੋਲਨ ਦੇ ਕੀਤੇ ਵਿਰੋਧ ਅਤੇ ਬੀ. ਜੇ. ਪੀ. ਦੀ ਹਮਾਇਤ ਨੇ ਸਾਡੇ ਤੋਂ ਕਿਸਾਨੀ ਦੀ ਵੋਟ ਤੋੜੀ, ਸਾਡੀ ਸਿਆਸੀ ਜਮਾਤ ਦੇ ਦੋ ਵੱਡੇ ਧੁਰੇ ਸਨ, ਜਿਹੜੇ ਸਮੇਂ ਸਮੇਂ ਤੇ ਸਾਡੇ ਤੋਂ ਦੂਰ ਹੋਏ ।
ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਮੁਲਾਜਮਾਂ, ਕਿਰਤੀ ਵਰਗ ਸਮੇਤ ਹਰ ਵਰਗ ਨੂੰ ਆਪਣੀ ਖੇਤਰੀ ਪਾਰਟੀ ਦੀ ਪੁਨਰ ਸੁਰਜੀਤੀ ਦਾ ਹਿੱਸਾ ਬਣਨ ਦੀ ਅਪੀਲ
ਸਰਦਾਰ ਇਯਾਲੀ ਨੇ ਸੂਬੇ ਦੇ ਕਿਸਾਨਾਂ ਨੂੰ, ਸੂਬੇ ਦੇ ਕਿਸਾਨ ਆਗੂਆਂ ਨੂੰ, ਕਿਰਤੀਆਂ ਮਜਦੂਰਾਂ, ਵਪਾਰੀ ਵਰਗ, ਦੁਕਾਨਦਾਰਾਂ ਅਤੇ ਮੁਲਾਜ਼ਮ ਵਰਗ ਨੂੰ ਅਪੀਲ ਕੀਤੀ ਆਓ, ਆਪਣੇ ਹੱਕ ਹਕੂਕਾਂ ਦੀ ਰਾਖੀ ਕਰਨ ਵਾਲੀ ਆਪਣੀ ਧਿਰ ਨੂੰ ਮਜ਼ਬੂਤ ਕਰੀਏ। ਇਸ ਦੇ ਨਾਲ ਹੀ ਸਰਦਾਰ ਇਯਾਲੀ ਨੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਚੇਤੇ ਕਰਦਿਆਂ ਕਿਹਾ ਕਿ, ਅੱਜ ਪੰਥਕ ਇਕੱਠ ਗਵਾਹੀ ਭਰਦਾ ਹੈ, ਅੱਜ ਵੀ ਪਟਿਆਲਾ ਜ਼ਿਲੇ ਦੇ ਵਰਕਰ ਜੱਥੇਦਾਰ ਸਾਹਿਬ ਦੀ ਸੋਚ ਨੂੰ ਸਮਰਪਿਤ ਹਨ ਅਤੇ ਪਹਿਰਾ ਦੇ ਰਹੇ ਹਨ ।
ਅੱਜ ਜਿਸ ਦੁਬਿਧਾ ਵਿੱਚ ਪੰਜਾਬ ਫਸ ਚੁੱਕਾ ਹੈ, ਉਸ ਦੁਬਿਧਾ ਨੂੰ ਕੱਢਣ ਦੀ ਸ਼ਕਤੀ ਸਿਰਫ ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਕੋਲ ਹੈ
ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਅੱਜ ਜਿਸ ਦੁਬਿਧਾ ਵਿੱਚ ਪੰਜਾਬ ਫਸ ਚੁੱਕਾ ਹੈ, ਉਸ ਦੁਬਿਧਾ ਨੂੰ ਕੱਢਣ ਦੀ ਸ਼ਕਤੀ ਸਿਰਫ ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਕੋਲ ਹੈ। ਜੱਥੇਦਾਰ ਵਡਾਲਾ ਨੇ ਕਿਹਾ ਕਿ ਅੱਜ ਆਪਣੇ ਆਪ ਨੂੰ ਅਕਾਲੀ ਕਹਾਉਣ ਦਾ ਦਾਅਵਾ ਕਰਨ ਵਾਲੀ ਲੀਡਰਸ਼ਿਪ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਤੋਂ ਭਗੌੜਾ ਹੋ ਚੁੱਕੀ ਹੈ। ਜਿਸ ਲੀਡਰਸ਼ਿਪ ਨੇ ਸਾਡੀਆਂ ਸੰਸਥਾਵਾਂ ਦੀ ਰਾਖੀ ਕਰਨੀ ਸੀ ਉਹ ਲੀਡਰਸ਼ਿਪ ਖੁਦ ਸੰਸਥਾਵਾਂ ਸਿਧਾਂਤਾ ਨੂੰ ਕਮਜੋਰ ਕਰ ਰਹੀ ਹੈ। ਜੱਥੇਦਾਰ ਵਡਾਲਾ ਨੇ ਨੌਜਵਾਨਾਂ, ਖਾਸ ਕਰਕੇ ਪੰਥ ਪ੍ਰਸਤ ਲੋਕਾਂ ਨੂੰ ਬੇਨਤੀ ਕੀਤੀ ਕਿ, ਅਗਾਮੀ ਐਸਜੀਪੀਸੀ ਚੋਣਾਂ ਵਿੱਚ ਅੱਗੇ ਆਕੇ ਪੰਥ ਪ੍ਰਸਤ ਲੋਕਾਂ ਨੂੰ ਚੁਣਨ ।
ਅਸੀਂ ਵਰਕਰਾਂ ਦੀਆਂ ਭਾਵਨਾਵਾਂ ਨੂੰ ਕਦੇ ਸਮਝ ਨਹੀਂ ਸਕੇ : ਜੱਥੇਦਾਰ ਇਕਬਾਲ ਸਿੰਘ ਝੂੰਦਾ
ਜੱਥੇਦਾਰ ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਅਸੀਂ ਵਰਕਰਾਂ ਦੀਆਂ ਭਾਵਨਾਵਾਂ ਨੂੰ ਕਦੇ ਸਮਝ ਨਹੀਂ ਸਕੇ । ਅਸੀਂ ਪਿਛਲੀਆਂ ਪੰਜ ਚੋਣਾਂ ਇਸ ਕਰਕੇ ਹਾਰੇ ਕਿਉਂ ਕਿ ਸਾਡੇ ਵਰਕਰ ਸਾਨੂੰ ਫੈਸਲੇ ਵਰਕਰਾਂ ਦੀਆਂ ਭਾਵਨਾਵਾਂ ਨਾਲ ਲੈਣ ਲਈ ਕਹਿੰਦੇ ਰਹੇ ਪਰ ਅਫਸੋਸ ਕਿ ਸਾਡੀ ਲੀਡਰਸ਼ਿਪ ਨੇ ਭਾਵਨਾਵਾਂ ਨੂੰ ਹਰ ਵਾਰ ਤਲਾਂਜਲੀ ਦਿੱਤੀ । ਜੱਥੇਦਾਰ ਝੂੰਦਾਂ ਨੇ ਕਿਹਾ ਕਿ, ਸਭ ਤੋਂ ਵੱਡਾ ਨਿਘਾਰ ਪਾਰਟੀ ਦੇ ਸੰਗਠਨ ਤੇ ਮਜ਼ਬੂਤ ਅਗਵਾਈ ਨਾ ਰਹਿਣਾ ਸੀ,ਪਾਰਟੀ ਪ੍ਰਧਾਨ ਦਾ ਅਹੁਦਾ ਅਤੇ ਮੁੱਖ ਮੰਤਰੀ ਦਾ ਅਹੁਦਾ ਇਕੋ ਵਿਅਕਤੀ ਵਿਸ਼ੇਸ਼ ਲਈ ਰਹਿਣਾ ਸਾਡੀ ਗਿਰਾਵਟ ਦਾ ਕਾਰਨ ਰਿਹਾ।ਜੱਥੇਦਾਰ ਝੂੰਦਾਂ ਨੇ ਨੌਜਵਾਨੀ ਨੂੰ ਅਪੀਲ ਕੀਤੀ ਕਿ ਆਓ ਆਪਣੇ ਹੱਕਾਂ, ਆਪਣੀ ਆਵਾਜ ਨੂੰ ਬੁਲੰਦ ਕਰੀਏ ।
ਅੱਜ ਲੋੜ ਹੈ ਸਾਨੂੰ ਪੰਥ ਪ੍ਰਸਤ, ਪੰਜਾਬ ਪ੍ਰਸਤ ਸੋਚ ਵਾਲੀ ਲੀਡਰਸ਼ਿਪ ਨੂੰ ਅੱਗੇ ਲੈਕੇ ਆਈਏ : ਜੱਥੇਦਾਰ ਸੰਤਾ ਸਿੰਘ ਉਮੈਦਪੁਰ
ਜੱਥੇਦਾਰ ਸੰਤਾ ਸਿੰਘ ਉਮੈਦਪੁਰ ਨੇ ਖਾਲਸਾਈ ਰੂਪ ਨੂੰ ਪੇਸ਼ ਕਰਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਈ ਆਵਾਜ਼, ਖਾਲਸਾ ਪੰਥ ਜ਼ਿੰਦਾਬਾਦ ਦਾ ਨਾਅਰਾ ਲਗਾਉਂਦੇ ਕਿਹਾ ਕਿ, ਅੱਜ ਲੋੜ ਹੈ ਸਾਨੂੰ ਪੰਥ ਪ੍ਰਸਤ, ਪੰਜਾਬ ਪ੍ਰਸਤ ਸੋਚ ਵਾਲੀ ਲੀਡਰਸ਼ਿਪ ਨੂੰ ਅੱਗੇ ਲੈਕੇ ਆਈਏ। ਜੱਥੇਦਾਰ ਉਮੈਦਪੁਰ ਨੇ ਕਿਹਾ ਕਿ ਜਿਹੜਾ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਹੁਕਮਾਂ ਨੂੰ ਕਬੂਲ ਨਹੀਂ ਕਰਦਾ ਉਸ ਨੂੰ ਸਿੱਖ ਕਹਾਉਣ ਦੀ ਕੋਈ ਇਖਲਾਕੀ ਹੱਕ ਨਹੀਂ ਹੈ। ਜੱਥੇਦਾਰ ਉਮੈਦਪੁਰੀ ਵਲੋਂ ਭਰਤੀ ਕਮੇਟੀ ਦੇ ਕਾਰਜ ਵਿੱਚ ਅੜਚਨਾਂ ਪਾਉਣ ਵਾਲਿਆਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਅੱਜ ਪੰਥ ਜਾਗ ਉੱਠਿਆ ਹੈ, ਹੁਣ ਹਰ ਅਕਾਲੀ ਸੋਚ ਦਾ ਹਿਤੈਸ਼ੀ ਬਾਸ਼ਿੰਦਾ ਆਪ ਮੁਹਾਰੇ ਅੱਗੇ ਆਕੇ ਆਪਣੀ ਸਿਆਸੀ ਜਮਾਤ ਨੂੰ ਮਜ਼ਬੂਤ ਕਰਨ ਲਈ ਲਾਮਬੰਦ ਹੈ ।
ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੇ ਅਕੀਦੇ ਨਾਲ ਜੁੜੀਏ : ਬੀਬੀ ਸਤਵੰਤ ਕੌਰ
ਬੀਬੀ ਸਤਵੰਤ ਕੌਰ ਵਲੋ ਆਪਣੇ ਸੰਬੋਧਨ ਵਿੱਚ ਨੌਜਵਾਨੀ ਨੂੰ ਸਿੱਖੀ ਦੇ ਧੁਰੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੇ ਅਕੀਦੇ ਨਾਲ ਜੁੜੀਏ। ਸਾਡੇ ਅਕੀਦੇ ਉਪਰ ਜਿਸ ਤਰਾਂ ਤੋਪਾਂ, ਟੈਕਾਂ ਨਾਲ ਹਮਲੇ ਹੋਏ, ਅੱਜ ਦੇ ਅਜੋਕੇ ਦੌਰ ਵਿੱਚ ਸਾਡੇ ਸਿਧਾਤਾਂ ਉਪਰ ਹਮਲਾ ਕੀਤਾ ਗਿਆ ਹੈ। ਬੀਬੀ ਸਤਵੰਤ ਕੌਰ ਨੇ ਕਿਹਾ ਕਿ ਇਹ ਵੀ ਦੁੱਖ ਦੀ ਗੱਲ ਹੈ ਕਿ ਸਿਧਾਂਤਾ ਉੱਪਰ ਹਮਲਾ ਕਰਨ ਵਾਲੇ ਹੋਏ ਕੋਈ ਨਹੀਂ ਸਗੋ ਸਾਡੇ ਆਪਣੇ ਹੀ ਹਨ, ਜਿਹੜੇ ਆਪਣੇ ਨਿੱਜੀ ਹਿੱਤਾਂ, ਸਵਾਰਥਾਂ ਲਈ ਸਾਡੀਆਂ ਸੰਸਥਾਵਾਂ, ਸਿਧਾਤਾਂ ਤੇ ਹਮਲਾ ਕਰ ਰਹੇ ਹਨ। ਬੀਬੀ ਸਤਵੰਤ ਕੌਰ ਨੇ ਕਿਹਾ ਕਿ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਮੁਆਫ ਨਹੀ ਕਰਨਗੀਆਂ ਜੇਕਰ ਅਸੀਂ ਇੱਕ ਹੁਕਮਨਾਮੇ ਹੇਠ ਇੱਕਠਾ ਨਾ ਹੋ ਪਾਏ। ਅਸੀ ਆਪਣੀ ਨੁਮਾਇਦਾ ਜਮਾਤ ਨੂੰ ਕਿਸ ਦੇ ਹੱਥਾਂ ਵਿੱਚ ਦੇਕੇ ਜਾਣਾ ਹੈ, ਇਹ ਤੈਅ ਕਰਨਾ, ਸਾਨੂੰ ਪੰਥ ਲਈ ਹਾਅਰਾ ਨਾਅਰਾ ਮਾਰਨਾ ਪਵੇਗਾ। ਸਿਧਾਤਾਂ ਦੀ ਲੜਾਈ ਲੜਨ ਲਈ ਅੱਗੇ ਆਉਣਾ ਪਵੇਗਾ ।
ਜਿੱਥੇ ਹਾਜ਼ਰ ਪੰਜ ਮੈਬਰੀ ਭਰਤੀ ਕਮੇਟੀ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ ਉਥੇ ਹੀ ਹਾਜ਼ਰ ਸੰਗਤ ਦੀ ਆਮਦ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉੱਜਵਲ ਭਵਿੱਖ ਦੀ ਨਿਸ਼ਾਨੀ ਕਰਾਰ ਦਿੱਤਾ
ਸਰਦਾਰ ਸੁਰਜੀਤ ਸਿੰਘ ਰੱਖੜਾ ਵੱਲੋਂ ਆਪਣੇ ਧੰਨਵਾਦੀ ਭਾਸ਼ਣ ਦੌਰਾਨ ਕਿਹਾ ਜਿੱਥੇ ਹਾਜ਼ਰ ਪੰਜ ਮੈਬਰੀ ਭਰਤੀ ਕਮੇਟੀ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ ਉਥੇ ਹੀ ਹਾਜ਼ਰ ਸੰਗਤ ਦੀ ਆਮਦ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉੱਜਵਲ ਭਵਿੱਖ ਦੀ ਨਿਸ਼ਾਨੀ ਕਰਾਰ ਦਿੱਤਾ । ਸਰਦਾਰ ਰੱਖੜਾ ਨੇ ਕਿਹਾ ਕਿ ਅਤੀਤ ਵਿੱਚ ਬਹੁਤ ਵੱਡੀਆਂ ਗਲਤੀਆਂ ਹੋਈਆਂ, ਅਸੀ ਮਜ਼ਬੂਤੀ ਨਾਲ ਅਵਾਜ ਨਹੀਂ ਉਠਾ ਸਕੇ, ਇਸ ਲਈ ਅੱਜ ਅਸੀਂ ਸਮੁੱਚੇ ਰੂਪ ਵਿੱਚ ਵਰਕਰਾਂ ਤੋ ਮੁਆਫੀ ਵੀ ਮੰਗਦੇ ਹਾਂ ।
ਪਟਿਆਲਾ ਦੀ ਧਰਤੀ ਨੇ ਹਮੇਸ਼ਾ ਹੀ ਇਤਿਹਾਸ ਸਿਰਜਿਆ ਹੈ, ਅੱਜ ਵੀ ਇਤਿਹਾਸ ਬਣਾਇਆ ਹੈ
ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਜ਼ਿਲਾ ਪਟਿਆਲਾ ਦੀ ਸਿਆਸੀ ਧਰਾਤਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਟਿਆਲਾ ਦੀ ਧਰਤੀ ਨੇ ਹਮੇਸ਼ਾ ਹੀ ਇਤਿਹਾਸ ਸਿਰਜਿਆ ਹੈ, ਅੱਜ ਵੀ ਇਤਿਹਾਸ ਬਣਾਇਆ ਹੈ। ਸਰਦਾਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੱਜ ਵਰਕਰਾਂ ਨੇ ਦੇ ਜੋਸ਼ ਨੇ ਇਸ ਗੱਲ ਦਾ ਸਬੂਤ ਪੇਸ਼ ਕੀਤਾ ਹੈ ਕਿ ਪੰਜ ਮੈਂਬਰੀ ਭਰਤੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦਾ ਆਧਾਰ ਬਣੇਗੀ । ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਰਦਾਰ ਚਰਨਜੀਤ ਸਿੰਘ ਬਰਾੜ ਨੇ ਨਿਭਾਈ । ਇਸ ਮੌਕੇ ਹਲਕਾ ਸਨੌਰ ਤੋਂ ਇੰਚਾਰਜ ਭੁਪਿੰਦਰ ਸਿੰਘ ਸ਼ੇਖੂਪੁਰ, ਰਣਧੀਰ ਸਿੰਘ ਰੱਖੜਾ, ਸਤਵਿੰਦਰ ਸਿੰਘ ਟੌਹੜਾ, ਜਰਨੈਲ ਸਿੰਘ ਕਰਤਾਰਪੁਰ, ਹਰੀ ਸਿੰਘ ਨਾਭਾ, ਕਪੂਰ ਚੰਦ ਬਾਂਸਲ ਸਾਬਕਾ ਨਗਰ ਕੌਂਸਲ ਪ੍ਰਧਾਨ, ਧਰਮ ਸਿੰਘ, ਗੁਰਮੀਤ ਸਿੰਘ ਕੋਟ, ਇੰਦਰਜੀਤ ਸਿੰਘ ਰੱਖੜਾ, ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਹੋਏ ।
