ਆਪਣੇ ਹੀ 4 ਬੱਚਿਆਂ ਨੂੰ ਮਾਰ ਖੁਦ ਵੀ ਕੀਤੀ ਖ਼ੁਦਕੁਸ਼ੀ

ਸ਼ਾਹਜਹਾਂਪੁਰ : ਭਾਰਤ ਦੇਸ਼ ਦੇ ਸ਼ਾਹਜਹਾਂਪੁਰ ਜਿ਼ਲ੍ਹੇ ਵਿੱਚ ਇੱਕ ਵਿਅਕਤੀ ਵਲੋਂ ਕਥਿਤ ਤੌਰ `ਤੇ ਆਪਣੇ ਹੀ ਚਾਰ ਬੱਚਿਆਂ ਦਾ ਗਲਾ ਵੱਢ ਕੇ ਕਤਲ ਕਰ ਦਿੱਤੇ ਜਾਣ ਤੋਂ ਬਾਅਦ ਖ਼ੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਮਿਲਿਆ ਹੈ । ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਵੀਰਵਾਰ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ । ਪੁਲਸ ਸੁਪਰਡੈਂਟ ਰਾਜੇਸ਼ ਦਿਵੇਦੀ ਨੇ ਦੱਸਿਆ ਕਿ ਰੋਜ਼ਾ ਥਾਣਾ ਖੇਤਰ ਦੇ ਮਾਨਪੁਰ ਚਾਚਰੀ ਪਿੰਡ ਦੇ ਵਸਨੀਕ ਰਾਜੀਵ ਕੁਮਾਰ (36) ਨੇ ਆਪਣੇ ਚਾਰ ਬੱਚਿਆਂ – ਸਮ੍ਰਿਤੀ (12), ਕੀਰਤੀ (9), ਪ੍ਰਗਤੀ (7) ਅਤੇ ਰਿਸ਼ਭ (5) – ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਅਤੇ ਫਿਰ ਆਪਣੇ ਆਪ ਨੂੰ ਦੂਜੇ ਕਮਰੇ ਵਿੱਚ ਫਾਹਾ ਲੈ ਲਿਆ ।
ਵੀਰਵਾਰ ਸਵੇਰੇ 7 ਵਜੇ ਰਾਜੀਵ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ
ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਦਿਵੇਦੀ ਨੇ ਕਿਹਾ ਕਿ ਜਦੋਂ ਵੀਰਵਾਰ ਸਵੇਰੇ 7 ਵਜੇ ਰਾਜੀਵ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ, ਤਾਂ ਉਸ ਦੇ ਪਿਤਾ ਛੱਤ `ਤੇ ਚੜ੍ਹ ਗਏ ਅਤੇ ਪੌੜੀਆਂ ਰਾਹੀਂ ਘਰ ਦੇ ਅੰਦਰ ਚਲੇ ਗਏ । ਫਿਰ ਉਸ ਨੂੰ ਘਟਨਾ ਬਾਰੇ ਪਤਾ ਲੱਗਾ ਅਤੇ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ ।
ਰਾਜੀਵ ਦਾ ਇੱਕ ਸਾਲ ਪਹਿਲਾਂ ਇੱਕ ਹਾਦਸਾ ਹੋਇਆ ਸੀ
ਉਨ੍ਹਾਂ ਮ੍ਰਿਤਕ ਦੇ ਪਿਤਾ ਦੇ ਹਵਾਲੇ ਨਾਲ ਕਿਹਾ ਕਿ ਰਾਜੀਵ ਦਾ ਇੱਕ ਸਾਲ ਪਹਿਲਾਂ ਇੱਕ ਹਾਦਸਾ ਹੋਇਆ ਸੀ, ਜਿਸ ਕਾਰਨ ਉਸ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ । ਉਸ ਨੇ ਕਿਹਾ ਕਿ ਇਸ ਕਾਰਨ ਰਾਜੀਵ ਅਕਸਰ ਗੁੱਸੇ ਵਿੱਚ ਆ ਜਾਂਦਾ ਸੀ ਅਤੇ ਬੁੱਧਵਾਰ ਨੂੰ ਰਾਜੀਵ ਦੀ ਪਤਨੀ ਆਪਣੀ ਮਾਂ ਦੇ ਘਰ ਗਈ ਹੋਈ ਸੀ । ਪੁਲਸ ਸੁਪਰਡੈਂਟ ਨੇ ਕਿਹਾ ਕਿ ਰਾਜੀਵ ਨੇ ਅਪਰਾਧ ਕਰਨ ਤੋਂ ਪਹਿਲਾਂ ਬੁੱਧਵਾਰ ਰਾਤ ਨੂੰ ਹਥਿਆਰ ਵੀ ਤਿੱਖਾ ਕਰ ਲਿਆ ਸੀ । ਪੁਲਸ ਨੇ ਘਟਨਾ ਵਾਲੀ ਥਾਂ ਤੋਂ ਸੈਂਡਪੇਪਰ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ । ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ।
