ਪੰਜਾਬ ਸਰਕਾਰ ਨੇ ਲਗਾ ਦਿੱਤੀ ਹੈ ਪੰਜਾਬ ਅੰਦਰ ਅਣਐਲਾਨੀ ਐਮਰਜੈਂਸੀ

ਪਟਿਆਲਾ : ਪੰਜਾਬ ਦੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਦਾ ਧਰਨਾ ਚੁੱਕਵਾਉਣ ਅਤੇ ਕਿਸਾਨ ਨੇਤਾਵਾਂ ਨੂੰ ਜ਼ਬਰਦਸਤੀ ਜੇਲਾਂ ਵਿਚ ਡੱਕ ਕੇ ਪੰਜਾਬ ਸਰਕਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਸਨੇ ਪੰਜਾਬ ਅੰਦਰ ਅਣਐਲਾਨੀ ਐਮਰਜੈਂਸੀ ਲਗਾ ਦਿੱਤੀ ਹੈ । ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਦੋਵੇਂ ਬਾਰਡਰਾਂ ‘ਤੇ ਇਕ ਪਾਸੇ ਬੈਠ ਕੇ ਧਰਨਾ ਦੇ ਰਹੇ ਸੀ ਪਰ ਸਰਕਾਰ ਨੇ ਮੀਟਿੰਗ ਵਿਚ ਰੁੱਝੇ ਕਿਸਾਨਾਂ ਦਾ ਧਰਨਾ ਚੁੱਕਵਾ ਕੇ ਸਿੱਧੇ ਸਿੱਧੇ ਧੋਖਾ ਕੀਤਾ ਹੈ, ਜਿਸਨੂੰ ਬਰਦਾਸ਼ਤ ਨਾ ਕਰਦਿਆਂ ਕਿਸਾਨਾਂ ਵਲੋਂ ਕਿਸਾਨ ਨੇਤਾਵਾਂ ਦੀਆਂ ਰਿਹਾਈਆਂ ਦਾ ਲੜੀਵਾਰ ਸੰਘਰਸ਼ ਵੀ ਜਿਥੇ ਕਾਨੂੰਨੀ ਤਰੀਕੇ ਨਾਲ ਜਾਰੀ ਹੈ, ਉਥੇ ਮੁੜ ਕਿਸਾਨੀ ਸੰਘਰਸ਼ ਨੂੰ ਲੀਹਾਂ ‘ਤੇ ਲਿਆਉਣ ਲਈ ਉਪਰਾਲੇ ਜਾਰੀ ਹਨ । ਪਿੰਡ ਡੱਲੇਵਾਲਾ ਵਿਖੇ ਚੱਲ ਰਹੇ ਧਰਨੇ ਤੋਂ ਬਾਅਦ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਨੇਤਾ ਬੋਹੜ ਸਿੰਘ ਰੁਪੱਈਆ ਜਿਲ੍ਹਾ ਪ੍ਰਧਾਨ ਫਰੀਦਕੋਟ ਨੇ ਕਿਹਾ ਕਿ ਇਕ ਤਰ੍ਹਾਂ ਨਾਲ ਲੋਕਾਂ ਦੇ ਖੁੱਲੀ ਹਵਾ ਵਿੱਚ ਸਾਂਹ ਲੈਣ ਉੱਤੇ ਪਾਬੰਦੀ ਲਗਾਈ ਜਾ ਰਹੀ ਹੈ ।
ਧਰਨਿਆਂ ਵਿੱਚੋਂ ਨਿਕਲੀ ਹੋਈ ਪਾਰਟੀ ਤੋਂ ਪੰਜਾਬ ਵਾਸੀਆਂ ਨੇ ਇਹ ਉਮੀਦ ਨਹੀਂ ਸੀ ਕੀਤੀ
ਉਹਨਾਂ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਧਰਨਿਆਂ ਵਿੱਚੋਂ ਨਿਕਲੀ ਹੋਈ ਪਾਰਟੀ ਤੋਂ ਪੰਜਾਬ ਵਾਸੀਆਂ ਨੇ ਇਹ ਉਮੀਦ ਨਹੀਂ ਕੀਤੀ ਸੀ ਕਿ ਉਹ ਲੋਕਾਂ ਤੋਂ ਖੁੱਲੀ ਹਵਾ ਵਿੱਚ ਸਾਹ ਲੈਣ ਦੀ ਆਜ਼ਾਦੀ ਨੂੰ ਵੀ ਖੋਹ ਲੈਣਗੇ, ਜਿਸ ਤਰ੍ਹਾਂ ਇਸ ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਪੁਲਿਸ ਬਲ ਦੇ ਜ਼ੋਰ ਨਾਲ ਘਰਾਂ ਵਿੱਚ ਡੱਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਪੰਜਾਬ ਸਰਕਾਰ ਵੱਲੋਂ ਪਿੱਠ ਵਿੱਚ ਛੁਰਾ ਮਾਰ ਕੇ ਗ੍ਰਿਫਤਾਰ ਕੀਤੇ ਗਏ ਆਪਣੇ ਕਿਸਾਨਾਂ ਨੂੰ ਰਿਹਾਅ ਕਰਵਾਉਣ ਦੀ ਮੰਗ ਨੂੰ ਲੈ ਕੇ ਆਪਣੇ ਹੀ ਪਿੰਡ ਡੱਲੇਵਾਲ ਵਿੱਚ ਰੋਸ ਪ੍ਰਦਰਸ਼ਨ ਕਰਨ ਤੋਂ ਵੀ ਰੋਕਿਆ ਜਾ ਰਿਹਾ ਹੈ ।
ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਲਈ ਮਾਰੇ ਜਾ ਰਹੇ ਹਨ ਛਾਪੇ
ਪਟਿਆਲਾ : ਜੇਲਾਂ ਵਿੱਚ ਬੰਦ ਕਿਸਾਨ ਆਗੂਆਂ ਦੀ ਬਿਨਾਂ ਸ਼ਰਤ ਰਿਹਾਈ ਅਤੇ ਮੋਰਚਿਆਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਸੰਯੂਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚੇ ਵਲੋਂ ਮੰਤਰੀਆਂ ਦੇ ਘਰਾਂ ਦੇ ਘਿਰਾਓ ਦੇ ਦਿੱਤੇ ਗਏ ਪ੍ਰੋਗਰਾਮਾਂ ਅਤੇ ਪਿੰਡ ਡੱਲੇਵਾਲ ਵਿਖੇ ਚਲ ਰਹੇ ਧਰਨੇ ਨੂੰ ਫੇਲ੍ਹ ਕਰਨ ਲਈ ਅੱਜ ਤੱੜਕੇ 3:30 ਵਜੇ ਮੋਰਚੇ ਦੇ ਆਗੂ ਅਤੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਦੇ ਘਰ ਪਿੰਡ ਭੋਜਰਾਜ ਵਿਖੇ ਭਾਰੀ ਗਿਣਤੀ ਵਿੱਚ ਪੁਲਿਸ ਕਰਮੀਆਂ ਨੇ ਘੇਰਾ ਪਾ ਕੇ ਭੋਜਰਾਜ ਨੂੰ ਚੁੱਕ ਕੇ ਲਿਜਾਣ ਦੀ ਕੋਸ਼ਿਸ਼ ਕੀਤੀ। ਪਰ ਪਿੰਡ ਭੋਜਰਾਜ ਵਿਖੇ ਲੋਕ ਮੌਕੇ ਤੇ ਇਕੱਤਰ ਹੋ ਗਏ ਅਤੇ ਪੁਲਿਸ ਨੇ ਆਗੂ ਨੂੰ ਚੁੱਕ ਕੇ ਲਿਜਾਣ ਦਾ ਫੈਸਲਾ ਬਦਲ ਕੇ ਘਰ ਵਿੱਚ ਹੀ ਨਜ਼ਰ ਬੰਦ ਕਰ ਦਿੱਤਾ ।
28 ਨੂੰ ਡੀ. ਸੀ ਦਫ਼ਤਰਾਂ ਤੇ ਧਰਨਿਆ ਵਿੱਚ ਦੋਨੋ ਫੋਰਮ ਕਰਨਗੇ ਭਾਰੀ ਸ਼ਮੂਲੀਅਤ
ਪਟਿਆਲਾ : ਬੀਤੀ ਰਾਤ ਤੋਂ ਪੁਲਸ ਦੁਆਰਾ ਦਿੱਲੀ ਅੰਦੋਲਨ 2 ਚਲਾ ਰਹੇ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਨਾਲ ਸਬੰਧਤ ਜਥੇਬੰਦੀਆਂ ਦੇ ਆਗੂਆਂ ਦੇ ਘਰਾਂ ‘ਤੇ ਕੀਤੀ ਜਾ ਰਹੀ ਛਾਪੇਮਾਰੀ ਪੂਰਾ ਦਿਨ ਜਾਰੀ ਰਹੀ, ਜਿਸ ‘ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ ਅਤੇ ਜਸਬੀਰ ਸਿੰਘ ਪਿੱਦੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਪੁਲਿਸ ਨੇ ਅੱਧੀ ਰਾਤ ਤੋਂ ਬਾਅਦ ਵੱਖ ਵੱਖ ਜਥੇਬੰਦੀਆਂ ਦੇ ਸੀਨੀਅਰ ਆਗੂਆਂ ਦੇ ਘਰੀਂ ਡੇਰੇ ਲਾਏ ਹੋਏ ਹਨ, ਜਿੰਨਾ ਦਾ ਕਾਰਨ ਕੋਈ ਸਪੱਸ਼ਟ ਨਹੀਂ ਹੈ ।
ਦਰਜ਼ਨਾਂ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਅਤੇ ਥਾਣਿਆਂ ਵਿੱਚ ਕੀਤਾ ਗਿਆ ਹੈ ਬੰਦ
ਇਸ ਮੌਕੇ ਆਗੂਆਂ ਕਿਹਾ ਕਿ ਸਰਕਾਰ ਵੱਲੋਂ ਅਜਿਹਾ 3 ਫੋਰਮਾਂ ਵੱਲੋਂ 28 ਮਾਰਚ ਨੂੰ ਡੀ. ਸੀ. ਦਫ਼ਤਰਾਂ ਅਤੇ 31 ਮਾਰਚ ਨੂੰ ਕੈਬਨਿਟ ਮੰਤਰੀਆਂ ਦੇ ਘਰ ਘੇਰਨ ਦੇ ਰੱਖੇ ਗਏ ਪ੍ਰੋਗਰਾਮਾਂ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਅੱਜ ਦਰਜ਼ਨਾਂ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ ਅਤੇ ਥਾਣਿਆਂ ਵਿੱਚ ਬੰਦ ਕੀਤਾ ਗਿਆ ਹੈ । ਉਹਨਾਂ ਕਿਹਾ ਕਿ 28 ਤਰੀਕ ਨੂੰ ਸੰਜੁਕਤ ਕਿਸਾਨ ਮੋਰਚਾ, ਭਾਰਤ ਵੱਲੋਂ ਦਿੱਤੇ ਗਏ ਪ੍ਰੋਗਰਾਮ ਦੀ ਹਮਾਇਤ ਕਰਦੇ ਹੋਏ ਡੀ. ਸੀ. ਦਫ਼ਤਰ ਧਰਨਿਆਂ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ ਅਤੇ 31 ਮਾਰਚ ਨੂੰ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ।
