ਪੰਜਾਬੀ ਯੂਨੀਵਰਸਿਟੀ ਗੈਰ -ਅਧਿਆਪਨ ਕਰਮਚਾਰੀਆਂ ਨੇ ਲਾਇਆ ਪੱਕਾ ਮੋਰਚਾ

ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੈਰ ਅਧਿਆਪਨ ਕਰਮਚਾਰੀਆਂ ਦਾ ਪ੍ਰਸ਼ਾਸਨ ਨਾਲ ਮੰਗਾਂ ਉਤੇ ਸਹਿਮਤੀ ਨਾ ਬਣਨ ਕਾਰਨ ਟਕਰਾਅ ਵੱਧਦਾ ਨਜ਼ਰ ਆ ਰਿਹਾ ਹੈ। ਵਰਕਚਾਰਜ ਤੋਂ ਰੈਗੂਲਰ ਕਰਨ, ਮਾਨਯੋਗ ਹਾਈਕੋਰਟ ਤੋਂ ਸਕੱਤਰੇਤ ਪੇਅ ਸਬੰਧੀ ਫੈਸਲਾ ਲਾਗੂ ਕਰਨ ਨੂੰ ਲੈ ਕੇ ਯੂਨੀਵਰਸਿਟੀ ਦੇ ਵੱਖ ਵੱਖ ਕਰਮਚਾਰੀ ਸੰਗਠਨਾਂ ਵੱਲੋਂ ਮੁਲਾਜ਼ਮਾਂ ਦੀ ਅਗਵਾਈ ਹੇਠ ਲਗਾਇਆ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਕਰਮਚਾਰੀਆਂ ਵਲੋਂ ਵੱਡੀ ਗਿਣਤੀ ਵਿੱਚ ਧਰਨੇ ਵਿੱਚ ਪਹੁੰਚ ਕੇ ਕਈ ਵਿਭਾਗਾਂ ਦਾ ਕੰਮਕਾਜ ਮੁਕੰਮਲ ਠੱਪ ਕੀਤਾ ਗਿਆ ।
ਵਰਕਚਾਰਜ ਤੋਂ ਰੈਗੂਲਰ, ਸਕੱਤਰੇਤ ਪੇਅ ਸਿੰਡੀਕੇਟ ਦੀ ਆਸ ਵਿੱਚ ਤੁਰੰਤ ਲਾਗੂ ਕਰੇ ਪ੍ਰਸ਼ਾਸਨ : ਆਗੂ
ਜਾਣਕਾਰੀ ਦਿੰਦਿਆਂ ਕਰਮਚਾਰੀ ਆਗੂ ਰਾਜਿੰਦਰ ਸਿੰਘ ਬਾਗੜੀਆਂ, ਗੁਰਜੀਤ ਸਿੰਘ ਗੋਪਾਲਪੁਰੀ, ਗਗਨ ਸ਼ਰਮਾ, ਗੁਰਿੰਦਰਪਾਲ ਸਿੰਘ ਬੱਬੀ, ਤੇਜਿੰਦਰ ਸਿੰਘ ਨੇ ਦੱਸਿਆ ਕਿ ਮਾਨਯੋਗ ਹਾਈਕੋਰਟ ਦੇ ਡਬਲ ਬੈਂਚ ਵਲੋਂ ਸਕੱਤਰੇਤ ਪੇਅ ਲਾਗੂ ਕਰਨ ਸਬੰਧੀ ਫੈਸਲਾ ਗੈਰ ਅਧਿਆਪਨ ਕਰਮਚਾਰੀਆਂ ਦੇ ਹੱਕ ਵਿੱਚ ਕੀਤਾ ਗਿਆ ਹੈ, ਪ੍ਰੰਤੂ ਯੂਨੀਵਰਸਿਟੀ ਪ੍ਰਸ਼ਾਸਨ ਦੀ ਨਲਾਇਕੀ ਕਾਰਨ ਲਗਭਗ 1800 ਮੁਲਾਜ਼ਮ ਸਕੱਤਰੇਤ ਪੇਅ ਸਬੰਧੀ ਰੁਕੇ ਫੈਸਲੈ ਕਾਰਨ ਖੱਜਲ ਖੁਆਰ ਹੋ ਰਹੇ ਹਨ । ਰਜਿਸਟਰਾਰ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕਰਦਿਆਂ ਗੈਰ ਅਧਿਆਪਨ ਕਰਮਚਾਰੀਆਂ ਨੇ ਯੂਨੀਵਰਸਿਟੀ ਦੇ ਮੋਜੂਦਾ ਵਿੱਤ ਅਫ਼ਸਰ ਨੂੰ ਅਹੁਦੇ ਤੋਂ ਹਟਾਉਣ ਦੀ ਜ਼ੋਰਦਾਰ ਆਵਾਜ਼ ਉਠਾਈ ਗਈ। ਧਰਨੇ ਨੂੰ ਵੱਖ ਵੱਖ ਕਰਮਚਾਰੀ ਸੰਗਠਨਾਂ ਤੋਂ ਇਲਾਵਾ ਗੈਰ ਅਧਿਆਪਨ ਕਰਮਚਾਰੀਆਂ ਨੇ ਵੀ ਸੰਬੋਧਨ ਕੀਤਾ ।
ਵਿੱਤ ਅਫ਼ਸਰ ਭਜਾਉ ਯੂਨੀਵਰਸਿਟੀ ਬਚਾਓ ਦੇ ਲੱਗੇ ਨਾਅਰੇ
ਅੱਜ ਦੇ ਧਰਨੇ ਵਿੱਚ ਪ੍ਰੀਖਿਆ ਸ਼ਾਖਾ, ਡਿਸਟੇਸ ਐਜੂਕੇਸ਼ਨ ਵਿਭਾਗ, ਅਮਲਾ ਸ਼ਾਖਾ ਅਤੇ ਕਈ ਹੋਰ ਵਿਭਾਗਾਂ ਦੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ । ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਦੁਪਹਿਰ ਬਾਅਦ ਧਰਨੇ ਦੀ ਅਗਵਾਈ ਕਰ ਰਹੇ ਕਰਮਚਾਰੀ ਆਗੂਆਂ ਨੂੰ ਮੰਗਾਂ ਤੇ ਗੱਲਬਾਤ ਕਰਨ ਦਾ ਸੱਦਾ ਦਿੱਤਾ, ਪ੍ਰੰਤੂ ਵਾਇਸ ਚਾਂਸਲਰ ਦੇ ਯੂਨੀਵਰਸਿਟੀ ਵਿਖੇ ਅੱਜ ਨਾਂ ਹੋਣ ਕਾਰਨ ਰਜਿਸਟਰਾਰ ਅਤੇ ਡੀਨ ਅਕਾਦਮਿਕ ਕੋਈ ਠੋਸ ਫ਼ੈਸਲਾ ਗੈਰ-ਅਧਿਆਪਨ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਨਾ ਲੈ ਸਕੇ ।
ਮੰਗਾਂ ਲਾਗੂ ਕਰਨ ਸਬੰਧੀ ਪੱਤਰ ਜਾਰੀ ਨਾਂ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤੇਜ਼
ਆਗੂਆਂ ਨੇ ਤਿੱਖੇ ਸ਼ਬਦਾਂ ਵਿਚ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਮੰਗਾਂ ਲਾਗੂ ਕਰਨ ਸਬੰਧੀ ਪੱਤਰ ਜਾਰੀ ਨਾਂ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਤੇਜ਼ ਕਰਦੀਆਂ ਬਾਹਰਲੇ ਸੈਂਟਰਾਂ, ਕਾਲਜਾਂ ਵਿੱਚ ਮੁਕੰਮਲ ਹੜਤਾਲ ਦਾ ਸੱਦਾ ਦਿੱਤਾ ਜਾਵੇਗਾ, ਜਿਸ ਦੀ ਜ਼ਿਮੇਵਾਰੀ ਮੋਜੂਦਾ ਯੂਨੀਵਰਸਿਟੀ ਪ੍ਰਸ਼ਾਸਨ ਦੀ ਹੋਵੇਗੀ । ਧਰਨੇ ਦੌਰਾਨ ਪ੍ਰਕਾਸ਼ ਧਾਲੀਵਾਲ, ਅਮਰਜੀਤ ਕੌਰ,ਗੁਰਪ੍ਰੀਤ ਸਿੰਘ ਜੋਨੀ, ਨਵਦੀਪ ਸਿੰਘ ਪ੍ਰਭਜੋਤ ਸਿੰਘ, ਮੁਹੰਮਦ ਜ਼ਹੀਰ, ਸੁਖਵਿੰਦਰ ਸਿੰਘ ਸੁੱਖੀ, ਗੁਰਪਿਆਰ ਸਿੰਘ, ਧਰਮਿੰਦਰ ਸਿੰਘ ਪੰਨੂ , ਰੇਖਾ, ਜਗਤਾਰ ਸਿੰਘ,ਲੱਖੀ ਰਾਮ, ਕੰਵਲਜੀਤ ਸਿੰਘ, ਕਰਨੈਲ ਸਿੰਘ, ਅਮਨਦੀਪ ਸਿੰਘ, ਉਂਕਾਰ ਸਿੰਘ, ਭੁਪਿੰਦਰ ਸਿੰਘ, ਪ੍ਰਦੀਪ ਕੁਮਾਰ ਮਹਿਤਾ, ਸੁਰਿੰਦਰ ਕੌਰ, ਨੀਲਮ ਰਾਣੀ, ਸ਼ਰਨਜੀਤ ਕੌਰ ਆਦਿ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਮੰਗਾਂ ਸਬੰਧੀ ਨਾਅਰੇਬਾਜ਼ੀ ਕੀਤੀ ।
