ਪੰਜਾਬੀ ਯੂਨੀਵਰਸਿਟੀ ਗੈਰ ਅਧਿਆਪਨ ਕਰਮਚਾਰੀਆਂ ਦਾ ਧਰਨਾ ਜਾਰੀ ; ਰਜਿਸਟਰਾਰ ਦਫ਼ਤਰ ਬਾਹਰ ਕੀਤੀ ਨਾਅਰੇਬਾਜ਼ੀ

ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੈਰ ਅਧਿਆਪਨ ਕਰਮਚਾਰੀਆਂ ਵੱਲੋਂ ਵੱਖ ਵੱਖ ਮੁਲਾਜ਼ਮ ਸੰਗਠਨਾਂ ਦੇ ਸਹਿਯੋਗ ਨਾਲ ਲਗਾਇਆ ਧਰਨਾ ਲਗਾਤਾਰ ਚੌਥੇ ਦਿਨ ਵਿੱਚ ਦਾਖਲ ਹੋ ਗਿਆ। ਅੱਜ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਨੇ ਰਜਿਸਟਰਾਰ ਦਫ਼ਤਰ ਦੇ ਬਾਹਰ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੋਜੂਦਾ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਵੱਖ ਵੱਖ ਕਰਮਚਾਰੀ ਆਗੂਆਂ ਰਾਜਿੰਦਰ ਸਿੰਘ ਬਾਗੜੀਆਂ, ਗੁਰਜੀਤ ਸਿੰਘ ਗੋਪਾਲਪੁਰੀ, ਗਗਨ ਸ਼ਰਮਾ, ਗੁਰਿੰਦਰਪਾਲ ਸਿੰਘ ਬੱਬੀ, ਅਮਰਜੀਤ ਕੌਰ ਨੇ ਕਰਮਚਾਰੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦਿਆਂ ਮੌਜੂਦਾ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੀ ਨਿਖੇਦੀ ਕੀਤੀ ।
ਪ੍ਰਸ਼ਾਸਨ ਦੇ ਕੰਨਾਂ ਤੇ ਨਹੀਂ ਸਰਕ ਰਹੀ ਜੂੰ
ਆਗੂਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਲਈ ਯੂਨੀਵਰਸਿਟੀ ਦੇ ਗੈਰ ਅਧਿਆਪਨ ਕਰਮਚਾਰੀਆਂ ਵਲੋਂ ਪਿਛਲੇ ਚਾਰ ਦਿਨਾਂ ਤੋਂ ਰਜਿਸਟਰਾਰ ਦਫ਼ਤਰ ਵਿਖੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਪ੍ਰੰਤੂ ਪ੍ਰਸ਼ਾਸਨ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ । ਆਗੂਆਂ ਨੇ ਵਾਇਸ ਚਾਂਸਲਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਯੂਨੀਵਰਸਿਟੀ ਦੇ ਅਹਿਮ ਗੈਰ ਅਧਿਆਪਨ ਅਹੁਦਿਆਂ ਤੇ ਮੋਜੂਦਾ ਰਜਿਸਟਰਾਰ ਅਤੇ ਡੀਨ ਅਕਾਦਮਿਕ , ਵਿੱਤ ਅਫ਼ਸਰ ਨੂੰ ਹਟਾ ਕੇ ਬਾਹਰੋਂ ਇਸ਼ਤਿਹਾਰ ਦੇ ਕੇ ਸੁਲਝੇ ਹੋਏ ਵਿਅਕਤੀਆਂ ਨੂੰ ਇਨ੍ਹਾਂ ਅਹੁਦਿਆਂ ਤੇ ਨਿਯੁਕਤ ਕੀਤਾ ਜਾਵੇ। ਅੱਜ ਸਾਰਾ ਦਿਨ ਕਰਮਚਾਰੀਆਂ ਨੇ ਹੱਕੀ ਮੰਗਾਂ ਵਰਕਚਾਰਜ ਤੋਂ ਰੈਗੂਲਰ ਕਰਨ, ਸਕੱਤਰੇਤ ਪੇਅ, ਫਿਕਸ ਤੋ ਐਡਹਾਕ ਕਰਨਾ ਆਦਿ ਤੇ ਇਕੱਠੇ ਹੋ ਕੇ ਪਹਿਰਾ ਦਿੱਤਾ ।
ਦੋ ਵਾਰ ਪ੍ਰਸ਼ਾਸਨ ਵੱਲੋਂ ਮੁਲਜ਼ਮ ਆਗੂਆਂ ਨਾਲ ਗੱਲਬਾਤ ਰਹੀ ਬੇਸਿੱਟਾ
ਅੱਜ ਦੋ ਵਾਰ ਪ੍ਰਸ਼ਾਸਨ ਵੱਲੋਂ ਮੁਲਜ਼ਮ ਆਗੂਆਂ ਨਾਲ ਗੱਲਬਾਤ ਬੇਸਿੱਟਾ ਰਹੀ, ਜਿਸਦਾ ਮੁੱਖ ਕਾਰਨ ਯੂਨੀਵਰਸਿਟੀ ਦੇ ਮੌਜੂਦਾ ਪ੍ਰਸ਼ਾਸਨ ਕੋਲ ਵਾਇਸ ਚਾਂਸਲਰ ਦੀ ਗੈਰ-ਮੌਜੂਦਗੀ ਵਿੱਚ ਸਪੱਸ਼ਟ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੈ। ਅੱਜ ਦੇ ਧਰਨੇ ਨੂੰ ਪ੍ਰਕਾਸ਼ ਧਾਲੀਵਾਲ, ਗੁਰਪ੍ਰੀਤ ਸਿੰਘ ਜੋਨੀ, ਨਵਦੀਪ ਸਿੰਘ, ਤੇਜਿੰਦਰ ਸਿੰਘ, ਉਂਕਾਰ ਸਿੰਘ ਬਾਦਲ, ਅਮਨਦੀਪ ਸਿੰਘ,ਸੁਖਵਿੰਦਰ ਸਿੰਘ ਸੁੱਖੀ, ਜਗਤਾਰ ਸਿੰਘ, ਪ੍ਰਭਜੋਤ ਸਿੰਘ, ਪਰਮਜੀਤ ਸਿੰਘ ਢਿੱਲੋਂ,ਕਰਨੈਲ ਸਿੰਘ,ਧਰਮਿੰਦਰ ਸਿੰਘ ਪੰਨੂ, ਕੰਵਲਜੀਤ ਸਿੰਘ, ਰੇਖਾਂ, ਗੁਰਜੀਤ ਕੌਰ,ਨਾਨਕੀ, ਪ੍ਰਿਅੰਕਾ, ਸ਼ਰਨਜੀਤ ਕੌਰ, ਨੀਲਮ,ਦੀਪਾ, ਬਲਜਿੰਦਰ ਕੌਰ, ਸੁਰੇਸ਼ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਨੇ ਧਰਨੇ ਨੂੰ ਸੰਬੋਧਨ ਕੀਤਾ ।
