ਸਿੱਖਿਆ ਦੇ ਮੰਦਰ ਪਟੇਲ ਕਾਲਜ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਵਿੱਚ ਲੋਕਤੰਤਰ ਦੀਆਂ ਉੱਡ ਰਹੀਆਂ ਨੇ ਧੱਜੀਆਂ : ਹਰਦਿਆਲ ਕੰਬੋਜ
ਦੁਆਰਾ: Punjab Bani ਪ੍ਰਕਾਸ਼ਿਤ :Thursday, 27 March, 2025, 07:53 PM

ਰਾਜਪੁਰਾ : ਪਟੇਲ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ 5 ਅਹੁਦੇਦਾਰਾਂ ਦੀ 30 ਮਾਰਚ ਨੂੰ ਚੋਣ ਕਰਵਾਉਣ ਦਾ ਸਮਾਂ ਰੱਖਿਆ ਗਿਆ ਹੈ, ਜਿਸ ਤੇ ਚੱਲਦਿਆਂ 25 ਮਾਰਚ ਨੂੰ ਕਾਂਗਰਸ ਪਾਰਟੀ ਅਤੇ ਸੱਤਾਧਾਰੀ ਪਾਰਟੀ ਦੇ ਕੁਲ 9 ਉਮੀਦਵਾਰਾਂ ਨੇ ਆਪਣੇ ਨਾਮਜੱਦਗੀ ਪੱਤਰ ਦਾਖ਼ਲ ਕੀਤੇ ਸਨ ਤੇ ਹਰਪ੍ਰੀਤ ਸਿੰਘ ਮੋਨੂੰ ਦੂਆ ਬਿਨਾ ਮੁਕਾਬਲੇ ਦੇ ਵਾਈਸ ਪ੍ਰਧਾਨ ਦੀ ਚੋਣ ਜਿੱਤ ਚੁੱਕੇ ਹਨ । ਇਸੇ ਦੋਰਾਨ ਬੀਤੀ ਕੱਲ ਸ਼ਾਮ ਕਾਂਗਰਸ ਪਾਰਟੀ ਵੱਲੋਂ ਜਨਰਲ ਸਕੱਤਰ ਦੇ ਅਹੁਦੇ ਦੇ ਉਮੀਦਵਾਰ ਕਮਲ ਟੰਡਨ ਅਤੇ ਸਕੱਤਰ ਵਿਜੈ ਆਰੀਆ ਨੂੰ ਮੋਜੂਦਾ ਆਮ ਆਦਮੀ ਪਾਰਟੀ ਦੀ ਵਿਧਾਇਕਾ ਦੇ ਕਹਿਣ ਤੇ ਪੁਲਿਸ ਵੱਲੋਂ ਨਾਮਜੱਦਗੀ ਵਾਪਸ ਲੈਣ ਲਈ ਧਮਕਾਇਆ ਜਾ ਰਿਹਾ ਹੈ ਤੇ ਵਿਜੈ ਆਰੀਆ ਦੇ ਘਰ ਅਤੇ ਕਾਰਖਾਨੇ *ਚ ਸਥਾਨਕ ਬਿਜਲੀ ਵਿਭਾਗ ਦੇ ਮੁਲਾਜ਼ਮਾ ਵੱਲੋਂ ਛਾਪੇਮਾਰੀ ਕੀਤੀ ਗਈ, ਜਿਸ ਤੇ ਦੱਸਿਆ ਜਾ ਰਿਹਾ ਹੈ ਕਿ ਕਮਲ ਟੰਡਨ ਨੇ ਤਾਂ ਆਪਣਾ ਨਾਂਅ ਵਾਪਿਸ ਲੈ ਲਿਆ ਹੈ ਤੇ ਵਿਜੈ ਆਰੀਆ ਅਜੇ ਮੈਦਾਨ ਵਿਚ ਡਟੇ ਹੋਏ ਹਨ। ਇਸ ਧੱਕੇਸ਼ਾਹੀ ਦੇ ਵਿਰੋਧ ਦੇ ਵਿੱਚ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪ੍ਰੈਸ ਕਾਨਫਰੰਸ ਕਰਕੇ ਮੋਜੂਦਾ ਵਿਧਾਇਕਾ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੀ ਨਿਖੇਧੀ ਕੀਤੀ ਗਈ ।
ਕਾਂਗਰਸ ਦੇ ਦੋ ਉਮੀਦਵਾਰਾਂ ਦੇ ਘਰ ਬਿਜਲੀ ਵਿਭਾਗ ਦੀ ਛਾਪੇਮਾਰੀ ਅਤੇ ਪੁਲਸ ਵੱਲੋਂ ਡਰਾਉਣ ਅਤੇ ਧਮਕਾਉਣ ਦੇ ਲਗਾਏ ਦੋਸ਼
ਕੰਬੋਜ ਨੇ ਕਿਹਾ ਕਿ ਪਟੇਲ ਕਾਲਜ ਇਕ ਇਲਾਕੇ ਦੀ ਵੱਡੀ ਵਿੱਦਿਅਕ ਸੰਸਥਾ ਹੈ ਤੇ ਇਸ ਨੂੰ ਪੁਰਾਣੇ ਆਗੂਆਂ ਨੇ ਘਰ-ਘਰ ਪੈਸਾ ਇਕੱਠਾ ਕਰਕੇ ਬੱਚਿਆਂ ਦੀ ਸਹੂਲਤ ਲਈ ਉਸਾਰਿਆ ਸੀ, ਜਦੋਂ ਬੱਚਿਆਂ ਨੂੰ ਉਚੇਰੀ ਸਿੱਖਿਆ ਲਈ ਪਟਿਆਲਾ, ਅੰਬਾਲਾ ਜਾਂ ਫੇਰ ਚੰਡੀਗੜ੍ਹ ਜਾਣਾ ਪੈਂਦਾ ਸੀ । ਪਟੇਲ ਕਾਲਜ ਵਿਚ ਹਰ 3 ਸਾਲ ਬਾਅਦ ਪ੍ਰਬੰਧਕੀ ਕਮੇਟੀ ਦੀ ਚੋਣ ਹੁੰਦੀ ਹੈ ਤੇ ਇਸ ਸਿੱਖਿਆ ਦੇ ਮੰਦਰ ਦੀ ਚੋਣ ਲਈ ਕਿਸੇ ਵੀ ਸਿਆਸੀ ਪਾਰਟੀ ਜਾਂ ਆਗੂ ਨੇ ਦਖ਼ਲ ਅੰਦਾਜੀ ਨਹੀ ਸੀ ਕੀਤੀ ਪਰ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਤੇ ਇਹਨਾਂ ਇਸ ਵਿੱਦਿਆ ਦੇ ਮੰਦਰ ਦੀ ਪ੍ਰਬੰਧਕੀ ਚੋਣ ਵਿਚ ਲੋਕਤੰਤਰ ਦਾ ਘਾਣ ਕਰਨਾ ਸ਼ੁਰੂ ਕਰ ਦਿੱਤਾ ਹੈ । ਪਿਛਲੇ ਪ੍ਰਧਾਨ ਗੁਰਿੰਦਰ ਸਿੰਘ ਦੂਆ ਨੂੰ ਵੀ ਜਬਰਦਸਤੀ ਹਟਾ ਕੇ ਆਪਣੀ ਪਾਰਟੀ ਦਾ ਪ੍ਰਧਾਨ ਥਾਪਿਆ ਗਿਆ, ਇਹ ਇਸਦੀ ਇਕ ਉਦਾਹਰਣ ਹੈ । ਇਸ ਵਾਰ ਚੋਣ ਲੜ੍ਹਣ ਲਈ ਖੜ੍ਹੇ ਉਮੀਦਵਾਰਾਂ ਨੂੰ ਨਾਮਜੱਦਗੀ ਪੱਤਰ ਵਾਪਿਸ ਲੈਣ ਲਈ ਡਰਾਉਣਾ ਧਮਕਾਉਣਾ ਲੋਕਤੰਤਰ ਦਾ ਘਾਣ ਨਹੀਂ ਤਾਂ ਫੇਰ ਕੀ ਹੈ ।
ਪਟੇਲ ਕਾਲਜ ਦੀ 10 ਹਜਾਰ ਗੱਜ ਜ਼ਮੀਨ ਹੜਪੱਣ ਲਈ ਮੋਜੂਦਾ ਵਿਧਾਇਕਾ ਵੱਲੋਂ ਚੱਲੀਆਂ ਜਾ ਰਹੀਆਂ ਹਨ ਚਾਲਾਂ
ਉਹਨਾਂ ਦੱਸਿਆ ਕਿ ਸਥਾਨਕ ਗੁਰੂ ਅਰਜਨ ਦੇਵ ਕਾਲੌਨੀ ਵਿਚ ਇਕ ਸਕੂਲ ਖੋਲ੍ਹਣ ਲਈ ਪ੍ਰਬੰਧਕੀ ਕਮੇਟੀ ਨੇ 10 ਹਜਾਰ ਗੱਜ ਜ਼ਮੀਨ ਲਈ ਸੀ ਤੇ ਹੁਣ ਵਿਧਾਇਕਾ ਇਸ ਜ਼ਮੀਨ ਨੂੰ ਹੜੱਪਣ ਲਈ ਚਾਲਾਂ ਚੱਲ ਰਹੀ ਹੈ ਤੇ ਕਈ ਵਪਾਰੀਆਂ ਨਾਲ ਇਸ ਸਬੰਧੀ ਗੱਲਬਾਤ ਵੀ ਚੱਲ ਰਹੀ ਹੈ । ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਨੇੜਲੇ ਪਿੰਡ ਨਲਾਸ ਵਿਖੇ ਕਿਸੇ ਨੇ ਚਲ੍ਹਦਾ ਸਕੂਲ ਕਾਲਜ ਪ੍ਰਬੰਧਕੀ ਕਮੇਟੀ ਨੂੰ ਦਾਨ ਦਿੱਤਾ ਸੀ ਤੇ ਹੁਣ ਉਸ ਸਕੂਲ ਨੂੰ ਵੀ ਘਾਟੇ ਵਾਲਾ ਸੌਦਾ ਕਹਿ ਕੇ ਵਾਪਿਸ ਕਰ ਦਿੱਤਾ ਗਿਆ ਹੈ । ਇਸੇ ਦੋਰਾਨ ਇਹ ਵੀ ਮਾਮਲਾ ਸਾਹਮਣੇ ਆਇਆ ਹੈ ਕਿ ਪਟੇਲ ਕਾਲਜ ਦੇ ਇਕ ਮੁਲਾਜ਼ਮ ਹਰਪ੍ਰੀਤ ਸਿੰਘ ਨੂੰ ਪ੍ਰਿੰਸੀਪਲ ਨੇ ਐੱਮ. ਐੱਲ. ਏ. ਦੇ ਘਰ ਕਲਰਕ ਦਾ ਕੰਮ ਕਰਨ ਲਈ ਲੰਘੇ ਸਾਲ ਦੋ ਵਾਰੀ ਪੱਤਰ ਜਾਰੀ ਕੀਤੇ ਗਏ ਹਨ ।
ਕਾਲਜ ਦੇ ਪ੍ਰਿੰਸੀਪਲ ਨੇ ਕਾਲਜ ਮੁਲਾਜ਼ਮ ਨੂੰ ਦੋ ਵਾਰੀ ਵਿਧਾਇਕ ਦੇ ਘਰ ਕੰਮ ਕਰਨ ਲਈ ਪੱਤਰ ਜਾਰੀ ਕੀਤੇ
ਹਰਦਿਆਲ ਸਿੰਘ ਕੰਬੋਜ ਨੇ ਕਾਲਜ ਪ੍ਰਬੰਧਕੀ ਕਮੇਟੀ ਦੇ 125 ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ 30 ਮਾਰਚ ਨੂੰ ਬਿਨਾ ਕਿਸੇ ਡਰ ਦੇ ਆਪਣੀ ਆਤਮਾ ਦੀ ਅਵਾਜ਼ ਨੂੰ ਸੁਣਦੇ ਹੋਏ ਅਜਿਹੇ ਲੋਕਤੰਤਰ ਦੀਆਂ ਧੱਜੀਆਂ ਉਡਾਉਣ ਵਾਲਿਆਂ ਖ਼ਿਲਾਫ਼ ਵੋਟ ਪਾ ਕੇ ਇਸ ਵਿੱਦਿਆ ਮੰਦਰ ਨੂੰ ਬਚਾਓ । ਇਸ ਮੋਕੇ ਕਾਂਗਰਸ ਦੇ ਬਲਾਕ ਪ੍ਰਧਾਨ ਸ਼ਹਿਰੀ ਨਰਿੰਦਰ ਸ਼ਾਸ਼ਤਰੀ, ਦਿਹਾਤੀ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਰਣਵੀਰ ਸਿੰਘ ਭੰਗੂ, ਪ੍ਰਿਤਪਾਲ ਸਿੰਘ, ਲਖਮੀਰ ਸਿੰਘ ਲੱਖਾ ਸੌਂਟੀ ਸਮੇਤ ਹੋਰ ਹਾਜ਼ਰ ਸਨ ।
