ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਨੇ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਕ੍ਰਿਕਟ (ਮਹਿਲਾ) ਚੈਂਪੀਅਨਸ਼ਿਪ ਜਿੱਤੀ

ਦੁਆਰਾ: Punjab Bani ਪ੍ਰਕਾਸ਼ਿਤ :Wednesday, 05 February, 2025, 04:13 PM

ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਨੇ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਕ੍ਰਿਕਟ (ਮਹਿਲਾ) ਚੈਂਪੀਅਨਸ਼ਿਪ ਜਿੱਤੀ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ ਵਿਖੇ ਸੰਪੰਨ ਹੋਏ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਕ੍ਰਿਕਟ (ਮਹਿਲਾ) ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੀ ਟੀਮ ਨੇ ਐਲ.ਬੀ.ਐਸ. ਆਰਿਆ ਕਾਲਜ, ਬਰਨਾਲਾ ਦੀ ਟੀਮ ਨੂੰ ਹਰਾ ਕੇ ਚੈਂਪੀਅਨਸ਼ਿਪ ਜਿੱਤ ਲਈ ਹੈ । ਫਾਇਲ ਮੈਚ ਵਿੱਚ ਐਲ. ਬੀ. ਐਸ. ਆਰਿਆ ਕਾਲਜ ਦੀ ਟੀਮ ਨੇ ਪਹਿਲਾਂ ਬੈਟਿੰਗ ਕਰਦੇ ਹੋਏ 10 ਓਵਰਾਂ ਵਿੱਚ 3 ਵਿਕੇਟਾਂ ਖੋ ਕੇ 45 ਦੌੜਾਂ ਬਣਾਈਆਂ । ਇਸ ਦੇ ਜਵਾਬ ਵਿਚ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੀ ਟੀਮ ਨੇ 3 ਓਵਰਾਂ ਵਿੱਚ ਹੀ ਬਿਨਾ ਕੋਈ ਵਿਕੇਟ ਖੋਏ, 250 ਦੀ ਸਟ੍ਰਾਈਕ ਰੇਟ ਨਾਲ ਲੋੜੀਂਦਾ ਦੌੜਾਂ ਬਣਾ ਕੇ ਮੈਚ ਵਿੱਚ ਜਿੱਤ ਹਾਸਿਲ ਕੀਤੀ । ਇਸ ਫਾਇਨਲ ਮੈਚ ਵਿੱਚ ਮੋਦੀ ਕਾਲਜ ਦੀ ਖਿਡਾਰਣ ਵੰਸ਼ਿਕਾ ਮਹਾਜਨ ਨੂੰ 32 ਦੌੜਾਂ ਬਣਾਉਣ ਲਈ ਬੈਸਟ ਪਲੇਅਰ ਆਫ਼ ਦਾ ਮੈਚ ਅਵਾਰਡ ਦਿੱਤਾ ਗਿਆ । ਵੰਸ਼ਿਕਾ ਨੇ ਇਸ ਇੰਟਰ-ਕਾਲਜ ਟੂਰਨਾਮੈਂਟ ਦੇ ਸੈਮੀ-ਫਾਇਨਲ ਮੈਚ ਵਿੱਚ ਵੀ 261 ਦੇ ਸਟ੍ਰਾਈਕ ਰੇਟ ਨਾਲ 60 ਦੌੜਾਂ ਬਣਾਈਆਂ ਸਨ । ਟੀਮ ਦੀ ਕਪਤਾਨ ਹਿਮਾਂਸ਼ੀ ਸੈਣੀ ਨੇ ਵੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਸ਼ਰੁਤੀ ਯਾਦਵ ਅਤੇ ਆਸਥਾ ਵੀ ਬਹੁਤ ਵਧੀਆ ਖੇਡੀਆਂ । ਉਨ੍ਹਾਂ ਤੋਂ ਇਲਵਾ ਜੇਤੂ ਟੀਮ ਵਿੱਚ ਰੂਹੀ, ਸੁਰਜੀਤ, ਕੰਵਲ, ਇਕਮਨਪ੍ਰੀਤ, ਜਸਪ੍ਰੀਤ, ਲਵਪ੍ਰੀਤ, ਪਾਯਲ, ਅਰਾਧਨਾ, ਅੰਜੂ ਅਤੇ ਯਾਸ਼ਮੀਨ ਵੀ ਸ਼ਾਮਿਲ ਸਨ । ਇਥੇ ਇਹ ਵੀ ਜ਼ਿਕਰਯੋਗ ਹੈ ਕਿ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੀ ਮਹਿਲਾ ਕ੍ਰਿਕੇਟ ਟੀਮ ਨੇ ਇਸ ਟੂਰਨਾਮੈਂਟ ਵਿੱਚ ਪਹਿਲਾ ਵਾਰ ਭਾਗ ਲਿੱਤਾ ਹੈ । ਟੀਮ ਦੇ ਕਾਲਜ ਪੰਹੁਚਣ ਤੇ ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ, ਡੀਨ ਸਪੋਰਟਸ ਡਾ. ਸੁਮੀਤ ਕੁਮਾਰ, ਡੀਨ ਅਕਾਮਿਕ ਡਾ. ਰੋਹਿਤ ਸਚਦੇਵਾ ਤੇ ਖੇਡ ਵਿਭਾਗ ਦੇ ਮੁਖੀ ਡਾ. ਨਿਸ਼ਾਨ ਸਿੰਘ, ਡਾ. ਹਰਨੀਤ ਸਿੰਘ ਅਤੇ ਪ੍ਰੋ. ਮਿਸ ਮਨਦੀਪ ਕੌਰ ਨੇ ਖਿਡਾਰੀਆਂ ਦਾ ਭਰਪੂਰ ਸਵਾਗਤ ਕੀਤਾ ਤੇ ਮੁਬਾਰਕਬਾਦ ਦਿੱਤੀ ।