ਕੁਸ਼ਟ ਰੋਗ ਦਾ ਇਲਾਜ ਸਾਰੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫਤ ਕੀਤਾ ਜਾਂਦਾ ਹੈ : ਸਿਵਲ ਸਰਜਨ

ਦੁਆਰਾ: Punjab Bani ਪ੍ਰਕਾਸ਼ਿਤ :Thursday, 06 February, 2025, 04:25 PM

ਕੁਸ਼ਟ ਰੋਗ ਦਾ ਇਲਾਜ ਸਾਰੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫਤ ਕੀਤਾ ਜਾਂਦਾ ਹੈ : ਸਿਵਲ ਸਰਜਨ
ਪਟਿਆਲਾ, 6 ਫਰਵਰੀ : ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਸਪਰਸ਼ ਲੇਪਰੋਸੀ ਅਵੇਅਰਨੈਸ ਕੰਪੇਨ ਐਕਟੀਵਿਟੀ ਤਹਿਤ ਸਰਕਾਰੀ ਹਾਈ ਸਕੂਲ ਗਾਂਧੀ ਕਲੋਨੀ, ਪਟਿਆਲਾ ਵਿਖੇ ਇੱਕ ਸੈਮੀਨਾਰ ਕੀਤਾ ਗਿਆ, ਜਿਸ ਵਿੱਚ ਬੋਲਦਿਆਂ ਸੁਪਰਵਾਈਜ਼ਰ ਕੁਲਦੀਪ ਕੌਰ ਨੇ ਕਿਹਾ ਕਿ ਵਿਸ਼ੇਸ਼ ਜੀਵਾਣੂ ਮਾਈਕਰੋਬੈਕਟੀਰੀਅਮ ਲੈਪਰਾ ਬੈਸੀਲਾਈ ਦੁਆਰਾ ਹੁੰਦਾ ਹੈ । ਇਸ ਬਿਮਾਰੀ ਦਾ ਸਹੀ ਸਮੇਂ ਤੇ ਸਹੀ ਇਲਾਜ ਕਰਵਾਉਣ ਨਾਲ ਸਰੀਰਿਕ ਤੌਰ ਤੇ ਹੋਣ ਵਾਲੀ ਅਪੰਗਤਾ ਤੋ ਬਚਿਆ ਜਾ ਸਕਦਾ ਹੈ । ਮਰੀਜ਼ ਨੂੰ ਬਿਮਾਰੀ ਦੇ ਹਿਸਾਬ ਨਾਲ 6 ਮਹੀਨੇ ਤੋਂ ਲੈ ਕੇ 1 ਸਾਲ ਤੱਕ ਇਲਾਜ ਚਾਲੂ ਰੱਖਣਾ ਪੈਂਦਾ ਹੈ । ਉਨ੍ਹਾਂ ਦੱਸਿਆ ਕਿ ਭਾਵੇ ਕੁਸ਼ਟ ਰੋਗੀਆ ਦੀ ਗਿੱਣਤੀ ਪਹਿਲਾਂ ਨਾਲੋ ਕਾਫੀ ਘਟ ਗਈ ਹੈ ਪ੍ਰੰਤੂ ਅਜੇ ਵੀ ਭਾਰਤ ਵਿਚ ਹੋਰ ਦੇਸ਼ਾਂ ਨਾਲੋ ਕੁਸ਼ਟ ਰੋਗ ਦੇ ਮਰੀਜਾਂ ਦੀ ਗਿੱਣਤੀ ਕਾਫੀ ਜਿਆਦਾ ਹੈ। ਜੇਕਰ ਕਿਸੇ ਵੀ ਵਿਅਕਤੀ ਦੀ ਚਮੜੀ ਉੱਤੇ ਹਲਕੇ ਤਾਂਬੇ ਰੰਗ ਦੇ ਸੁੰਨ ਧੱਬੇ ਹੋਣ, ਚਮੜੀ ਦੇ ਕਿਸੇ ਹਿੱਸੇ ਤੇ ਠੰਡੇ-ਤੱਤੇ ਦਾ ਪਤਾ ਨਾ ਲੱਗੇ, ਨਸਾਂ ਮੋਟੀਆਂ ਅਤੇ ਸਖਤ ਹੋ ਜਾਣ ਤਾਂ ਨੇੜੇ ਦੀ ਸਿਹਤ ਸੰਸਥਾ ਦੇ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ । ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ, ਸਿਹਤ ਕੇਦਰਾਂ ਅਤੇ ਸਰਕਾਰੀ ਡਿਸਪੈਂਸਰੀਆਂ ਵਿੱਚ ਮਲਟੀ ਡਰੱਗ ਥਰੈਪੀ(ਐਮ. ਡੀ. ਟੀ.) ਰਾਹੀ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ । ਇਸ ਮੌਕੇ ਅਨਿਤਾ ਰਾਨੀ ਐਲ. ਐਚ. ਵੀ., ਰਣਧੀਰ ਕੌਰ ਏ .ਐਨ.ਐਮ, ਸ਼ਮਿੰਦਰ ਅਤੇ ਮੀਨਾ ਰਾਨੀ ਆਸ਼ਾ ਵਰਕਰ ਅਤੇ ਸਕੂਲ ਦੇ ਸਟਾਫ ਮੈਂਮਬਰ ਸ਼ਾਮਲ ਸਨ।