ਮਲਟੀਪਰਪਜ ਸਕੂਲ ਵੱਲੋਂ ਤਿੰਨ ਮੈਮੋਰੀਅਲ ਐਵਾਰਡਾਂ ਦੀ ਸ਼ੁਰੂਆਤ

ਮਲਟੀਪਰਪਜ ਸਕੂਲ ਵੱਲੋਂ ਤਿੰਨ ਮੈਮੋਰੀਅਲ ਐਵਾਰਡਾਂ ਦੀ ਸ਼ੁਰੂਆਤ
– ਸਾਬਕਾ ਪ੍ਰਿੰਸੀਪਲ ਤੋਤਾ ਸਿੰਘ ਚਹਿਲ ਨੇ ਆਪਣੀ ਮਾਤਾ ਦੀ ਯਾਦ ’ਚ ਸ਼ੁਰੂ ਕੀਤਾ ਐਵਾਰਡ
09 ਜੁਲਾਈ 2023, ਪਟਿਆਲਾ।
ਸ਼ਹਿਰ ਦੀ ਨਾਮੀ ਵਿੱਦਿਅਕ ਸੰਸਥਾ ਸਰਕਾਰੀ ਕੋ-ਐਡ ਮਲਟੀਪਰਪਜ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਵਿਦਿਆਰਥੀਆਂ ਨੂੰ ਵਿੱਦਿਅਕ ਖੇਤਰ ’ਚ ਉਤਸ਼ਾਹਿਤ ਕਰਨ ਲਈ ਐਵਾਰਡ ਸਮਾਰੋਹ ਕਰਵਾਇਆ ਗਿਆ। ਜਿਸ ’ਚ ਮੁੱਖ ਮਹਿਮਾਨ ਵਜੋਂ ਅਲੁਮਨੀ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਗਰੇਵਾਲ ਸ਼ਾਮਲ ਹੋਏ ਜਦਕਿ ਇਸ ਐਵਾਰਡ ਸਮਾਰੋਹ ਦੀ ਪ੍ਰਧਾਨਗੀ ਅਲੁਮਨੀ ਚੀਫ ਅਤੇ ਸਾਬਕਾ ਪ੍ਰਿੰਸੀਪਲ ਨੈਸ਼ਨਲ ਐਵਾਰਡੀ ਤੋੋਤਾ ਸਿੰਘ ਚਹਿਲ ਨੇ ਕੀਤੀ। ਇਸ ਦੌਰਾਨ ਕੁਲਦੀਪ ਸਿੰਘ ਗਰੇਵਾਲ ਨੇ ਆਪਣੇ ਮਾਤਾ ਜੀ ਦੀ ਯਾਦ ’ਚ ਆਰਟਸ ਸਟਰੀਮ ਲਈ ਮਾਤਾ ਅਮਰ ਕੌਰ ਮੈਮੋਰੀਅਲ ਐਾਰਡ ਅਤੇ ਸਾਬਕਾ ਪ੍ਰਿੰਸੀਪਲ ਤੋਤਾ ਸਿੰਘ ਚਹਿਲ ਨੇ ਨੇ ਆਪਣੀ ਮਾਤਾ ਜੀ ਦੀ ਯਾਦ ਵਿੱਚ ਮਾਤਾ ਸੁਰਜੀਤ ਕੌਰ ਚਹਿਲ ਮੈਮੋਰੀਅਲ ਵੋਕੇਸ਼ਨਲ ਐਵਾਰਡ ਹਰ ਸਾਲ ਦੇਣ ਦਾ ਐਲਾਨ ਕੀਤਾ। ਉਕਤ ਦੋਨੋਂ ਸਖਸ਼ੀਅਤਾਂ ਨੇ ਮੌਕੇ ’ਤੇ ਹੀ ਸਕੂਲ ਪ੍ਰਿੰਸੀਪਲ ਵਿਜੈ ਕਪੂਰ ਨੂੰ ਇੱਕ-ਇੱਕ ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ। ਸਕੂਲ ਦੇ ਸੀਨੀਅਰ ਲੈਕਚਰਾਰ ਸੁਖਵਿੰਦਰ ਸਿੰਘ ਨੇ ਉਕਤ ਸਖਸ਼ੀਅਤਾਂ ਨੂੰ ਜੀ ਆਇਆਂ ਆਖਿਆ।
ਇਸ ਐਵਾਰਡ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਸਕੂਲ ਪ੍ਰਿੰਸੀਪਲ ਵਿਜੈ ਕਪੂਰ ਨੇ ਕਿਹਾ ਕਿ ਉਕਤ ਸਖਸ਼ੀਅਤਾਂ ਵੱਲੋਂ ਮੈਮਰੀਅਲ ਐਵਾਰਡ ਸ਼ੁਰੂ ਕਰਨ ਦਾ ਲਿਆ ਗਿਆ ਫੈਸਲਾ ਸ਼ਲਾਘਾਯੋਗ ਹੈ। ਇਸ ਤਰਾਂ ਨਾਲ ਵਿਦਿਆਰਥੀਆਂ ’ਚ ਚੰਗੇ ਅੰਕ ਹਾਸਲ ਕਰਨ ਦੀ ਭਾਵਨਾ ਪੈਦਾ ਹੋਵੇਗੀ ਅਤੇ ਉਨ੍ਹਾਂ ਦਾ ਉਤਸ਼ਾਹ ਵਧੇਗਾ। ਪ੍ਰਿੰਸੀਪਲ ਵਿਜੈ ਕਪੂਰ ਨੇ ਕਿਹਾ ਕਿ ਕੁਲਦੀਪ ਸਿੰਘ ਗਰੇਵਾਲ ਵੱਲੋਂ ਆਪਣੇ ਪਿਤਾ ਜੀ ਦੀ ਯਾਦ ਵਿੱਚ ਤਾਰਾ ਸਿੰਘ ਗਰੇਵਾਲ ਮੈਮੋਰੀਅਲ ਕਮਰਸ ਐਵਾਰਡ ਪਿਛਲੇ ਸਾਲ ਤੋਂ ਹੀ ਸ਼ੁਰੂ ਕਰ ਦਿੱਤਾ ਗਿਆ ਸੀ, ਜੋ ਇਸ ਵਾਰ ਇਸ ਸੈਸ਼ਨ ਦੇ ਟੌਪਰ ਵਿਦਿਆਰਥੀ ਕਰਨਵੀਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਨੂੰ ਕੈਸ਼ ਅਤੇ ਮੋਮੈਂਟੋ ਦੇ ਰੂਪ ਵਿੱਚ ਦਿੱਤਾ ਗਿਆ ਹੈ।
ਸਕੂਲ ਦੇ ਸਾਬਕਾ ਪ੍ਰਿੰਸੀਪਲ ਨੈਸ਼ਨਲ ਐਵਾਰਡੀ ਤੋਤਾ ਸਿੰਘ ਚਹਿਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਐਵਾਰਡਾਂ ਨਾਲ ਵਿਦਿਆਰਥੀਆਂ ਅੰਦਰ ਕੁਝ ਕਰ ਦਿਖਾਉਣ ਲਈ ਉਤਸ਼ਾਹ ਪੈਦਾ ਹੁੰਦਾ ਹੈ, ਉਹ ਪ੍ਰੇਰਿਤ ਹੁੰਦੇ ਹਨ ਅਤੇ ਚੰਗੇ ਅੰਕ ਲੈਣ ਲਈ ਮਿਹਨਤ ਕਰਦੇ ਹਨ। ਉਨ੍ਹਾਂ ਆਖਿਆ ਕਿ ਵਿਦਿਆਰਥੀਆਂ ਦੀ ਹਰ ਛੋਟੀ-ਵੱਡੀ ਪ੍ਰਾਪਤੀ ’ਤੇ ਉਨ੍ਹਾਂ ਦਾ ਸਨਮਾਨ ਕਰਨਾ ਜਰੂਰੀ ਹੈ।
ਇਸ ਸਮਾਗਮ ’ਚ ਕੈਨੇਡਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਮੈਡਮ ਪੁਨੀਤ ਕੌਰ, ਇਕਮੀਤ ਕੌਰ ਅਤੇ ਸੰਦੀਪ ਸਿੰਘ ਨੇ ਸੰਬੋਧਨ ਕੀਤਾ। ਜਦਕਿ ਮੰਚ ਸੰਚਾਲਨ ਦੀ ਭੂਮਿਕਾ ਲੈਕਚਰਾਰ ਜਤਿੰਦਰਪਾਲ ਸਿੰਘ ਨੇ ਬਾਖੂਬੀ ਨਿਭਾਈ।
ਇਸ ਮੌਕੇ ਸਟਾਫ ਮੈਂਬਰ ਤੇਜਿੰਦਰ ਕੌਸ਼ਿਸ, ਬਲਵਿੰਦਰ ਸਿੰਘ, ਮੋਨੀਕਾ, ਭਾਵਨਾ, ਮੁਕੇਸ਼ ਕੁਮਾਰ, ਡਾ. ਪੁਸ਼ਪਿੰਦਰ ਕੌਰ, ਹਿਤੇਸ਼ ਵਾਲੀਆ, ਜਪਿੰਦਰਪਾਲ ਸਿੰਘ, ਰਣਜੀਤ ਸਿੰਘ ਬੀਰੋਕੇ, ਪੂਨਮ ਬਾਂਸਲ, ਰਵਿੰਦਰ ਸਿੰਘ, ਹਰਿੰਦਰ ਕੌਰ ਤੇ ਰਛਪਾਲ ਸਿੰਘ ਆਦਿ ਹਾਜਰ ਸਨ।
