12 ਫਰਵਰੀ ਨੂੰ ਖਨੌਰੀ ਵਿਖੇ ਅਤੇ 13 ਫਰਵਰੀ ਨੂੰ ਸੰਭੂ ਮੋਰਚੇ ਵਿਖੇ ਹੋਣਗੀਆਂ ਕਿਸਾਨ ਮਹਾ ਪੰਚਾਇਤਾਂ

ਦੁਆਰਾ: Punjab Bani ਪ੍ਰਕਾਸ਼ਿਤ :Wednesday, 29 January, 2025, 11:45 AM

12 ਫਰਵਰੀ ਨੂੰ ਖਨੌਰੀ ਵਿਖੇ ਅਤੇ 13 ਫਰਵਰੀ ਨੂੰ ਸੰਭੂ ਮੋਰਚੇ ਵਿਖੇ ਹੋਣਗੀਆਂ ਕਿਸਾਨ ਮਹਾ ਪੰਚਾਇਤਾਂ
– ਕਿਸਾਨਾਂ ਨੂੰ 14 ਫਰਵਰੀ ਦੀ ਮੀਟਿੰਗ ਤੋਂ ਵੱਡੀਆਂ ਆਸਾਂ
ਪਟਿਆਲਾ : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਪ੍ਰਧਾਨ ਜਗਜੀਤ ਸਿੰਘ ਡਲੇਵਾਲ ਆਪਣੀ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਵੀ ਲੰਬੇ ਸਮੇਂ ਬਾਅਦ ਉਨ੍ਹਾਂ ਨੇ ਸਮੁਚੇ ਦੇਸ ਦੇ ਨਾਮ ਇਕ ਸੰਦੇਸ਼ ਜਾਰੀ ਕਰਦਿਆਂ ਸਮੁਚੇ ਕਿਸਾਨਾਂ ਦਾ ਲੋਕਾਂ ਦਾ, ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ, ਜਿਨਾ ਨੇ ਇਸ ਮੋਰਚੇ ਨੂੰ ਅੱਜ ਤੱਕ ਕਾਮਯਾਬ ਕੀਤਾ ਹੈ । ਜਿਕਰਯੋਗ ਹੈ ਕਿ ਕਿਸਾਨਾਂ ਵਲੋ 12 ਫਰਵਰੀ ਨੂੰ ਖਨੌਰੀ ਵਿਖੇ ਅਤੇ 13 ਫਰਵਰੀ ਨੂੰ ਸੰਭੂ ਮੋਰਚਾ ਵਿਖੇ ਕਿਸਾਨ ਮਹਾ ਪੰਚਾਇਤਾਂ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ । ਅੱਜ ਖਨੌਰੀ ਮੋਰਚੇ ਉੱਪਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਏ ਅਤੇ 30 ਜਨਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਜਿਸ ਦਿਨ ਕਿਸਾਨ ਵੱਡੀ ਗਿਣਤੀ ਵਿੱਚ ਮੋਰਚੇ ਵਿੱਚ ਪਹੁੰਚਣਗੇ । ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੈਂਨੂੰ ਮੇਰਾ ਸਰੀਰ ਸਰੀਰਕ ਤੌਰ ‘ਤੇ 14 ਫਰਵਰੀ ਨੂੰ ਕੇਂਦਰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦੇ ਰਿਹਾ ਪਰ ਸਾਰਿਆਂ ਦੀਆਂ ਭਾਵਨਾਵਾਂ ਅਨੁਸਾਰ ਮੈਂ ਖੁਦ ਮੀਟਿੰਗ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਾਂਗਾ ਅਤੇ ਮੈਂ ਸਮੂਹ ਕਿਸਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਮੋਰਚੇ ਦੇ 1 ਸਾਲ ਪੂਰੇ ਹੋਣ ‘ਤੇ 12 ਫਰਵਰੀ ਨੂੰ ਦਾਤਾ ਸਿੰਘਵਾਲਾ-ਖਨੌਰੀ ਮੋਰਚੇ ਵਿੱਚ ਹੋਣ ਵਾਲੀ ਕਿਸਾਨ ਮਹਾ-ਪੰਚਾਇਤ ਵਿੱਚ ਪਹੁੰਚ ਕੇ ਮੈਂਨੂੰ ਆਪਣੇ ਦਰਸ਼ਨ ਦੇਣ ਤਾਂ ਜੋ ਮੈਨੂੰ ਊਰਜਾ ਮਿਲ ਸਕੇ ਤਾਂ ਜੋ ਅਸੀਂ ਸਾਰੇ ਮਿਲ ਕੇ ਕੇਂਦਰ ਸਰਕਾਰ ਦਾ ਨਾਲ 14 ਫਰਵਰੀ ਨੂੰ ਗੱਲਬਾਤ ਵਿੱਚ ਕਿਸਾਨਾਂ ਦਾ ਪੱਖ ਜ਼ੋਰਦਾਰ ਢੰਗ ਨਾਲ ਰੱਖ ਸਕੀਏ। 11 ਫਰਵਰੀ ਨੂੰ ਰਤਨਾਪੁਰਾ ਮੋਰਚੇ ਉੱਪਰ 12 ਫਰਵਰੀ ਨੂੰ ਦਾਤਾ ਸਿੰਘ ਵਾਲਾ-ਖਨੌਰੀ ਮੋਰਚੇ ਉੱਪਰ ਅਤੇ 13 ਫਰਵਰੀ ਨੂੰ ਸ਼ੰਭੂ ਮੋਰਚੇ ਉੱਪਰ ਕਿਸਾਨ ਮਹਾਂਪੰਚਾਇਤਾਂ ਕੀਤੀਆਂ ਜਾਣਗੀਆਂ, ਜਿਸ ਵਿੱਚ ਦੇਸ਼ ਭਰ ਤੋਂ ਲੱਖਾਂ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ ।