ਮਾਮਲਾ ਸੈਂਕੜੇ ਦਰੱਖਤਾਂ ਦੀ ਨਜਾਇਜ਼ ਕਟਾਈ ਦੀ ਜਾਂਚ ਉਪਰੰਤ ਕਰਵਾਈ ਬੋਲੀ ਦਾ

ਮਾਮਲਾ ਸੈਂਕੜੇ ਦਰੱਖਤਾਂ ਦੀ ਨਜਾਇਜ਼ ਕਟਾਈ ਦੀ ਜਾਂਚ ਉਪਰੰਤ ਕਰਵਾਈ ਬੋਲੀ ਦਾ
-ਲੱਖਾਂ ਰੁਪਏ ਦੇ ਗਾਇਬ ਹੋਏ ਦਰੱਖਤਾਂ ਦੇ ਨਾਮ ’ਤੇ ਅਲਾਟਾਂ ਦੀ ਬੋਲੀ 55,000 ਰੁਪਏ ’ਚ -ਖਾਨਾਪੂਰਤੀ ਕਰਕੇ ਠੇਕੇਦਾਰਾਂ ਨੂੰ ਬਚਾਉਣ ’ਚ ਸਫਲ ਹੋਏ ਅਧਿਕਾਰੀ
-ਮੈਨੂੰ ਇਸ ਨੀਲਾਮੀ ਬਾਰੇ ਕੁਝ ਨਹੀਂ ਪਤਾ : ਡੀ. ਐਫ. ਓ. ਗੁਲਾਟੀ
-ਜਲਦ ਪਹੁੰਚੇਗਾ ਮਾਮਲਾ ਕਟਾਰੂਚੱਕ ਦੀ ਟੇਬਲ ’ਤੇ
ਪਟਿਆਲਾ : ਜੰਗਲਾਤ ਵਿਭਾਗ ਵੱਲੋਂ ਪਟਿਆਲਾ ਤੋਂ ਸਰਹੰਦ ਰੇਂਜ ਅਧੀਨ ਆਉਂਦੇ ਸੜਕ ਦੇ ਦੋਵੇਂ ਪਾਸਿਓਂ ਕਈ ਸਾਲ ਪੁਰਾਣੇ ਦਰੱਖਤਾਂ ਨੂੰ ਠੇਕੇਦਾਰਾਂ ’ਤੇ ਮੁਲਾਜ਼ਮਾਂ ਨੇ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਲੱਖਾਂ ਰੁਪਏ ਦੇ ਦਰੱਖਤਾਂ ਦੀ ਨਜਾਇਜ਼ ਕਟਾਈ ਕਰ ਦਿੱਤੀ। ਮਾਮਲਾ ਮੀਡੀਆ ਵਿਚ ਉਜਾਗਰ ਹੋਣ ਤੋਂ ਬਾਅਦ ਜਿਉਂ ਹੀ ਮਾਮਲਾ ਭਖਦਾ ਨਜ਼ਰ ਆਇਆ ਜਿਸ ਨੂੰ ਖਾਨਾਪੂਰਤੀ ਵੱਲ ਤੋਰਦੇ ਹੋਏ ਵਿਭਾਗ ਦੇ ਅਧਿਕਾਰੀਆਂ ਨੇ ਸੜਕ ਨੇੜੇ ਲਗਦੇ ਕਲੋਨਾਈਜ਼ਰਾਂ, ਠੇਕੇਦਾਰਾਂ ਤੇ ਮੁਲਾਜ਼ਮਾਂ ਨੂੰ ਬਚਾਉਣ ਲਈ ਜਾਂਚ ਟੀਮ ਦਾ ਗਠਨ ਕੀਤਾ, ਜਿਸ ਵਿਚ ਪਟਿਆਲਾ ਰੇਂਜ ਨਾਲ ਸੰਬੰਧਿਤ ਅਧਿਕਾਰੀਆਂ ਨੂੰ ਹੀ ਜਾਂਚ ਸੌਂਪ ਦਿੱਤੀ। ਜਿਨ੍ਹਾਂ ਨੇ ਸਮੁੱਚੇ ਮਾਮਲੇ ਨੂੰ ਖਾਨਾਪੂਰਤੀ ਕਰਕੇ ਕਲੀਨ ਚਿੱਟ ਜਾਰੀ ਕਰ ਦਿੱਤੀ ਪਰ ਫਿਰ ਆਪਣੇ ਹੀ ਹੁਕਮਾਂ ਨੂੰ ਪਲਟਦੇ ਹੋਏ ਕੱਟੇ ਦਰੱਖਤਾਂ ਦੀ ਬੋਲੀ ਕਰਵਾਉਣ ਦਾ ਨੋਟਿਸ ਜਾਰੀ ਕਰਵਾ ਦਿੱਤਾ, ਜਿਸ ਤਹਿਤ ਅੱਜ ਬੋਲੀ ਕਰਵਾ ਕੇ ਲੱਖਾਂ ਰੁਪਏ ਦੀ ਕੀਮਤ ਦੇ ਦਰੱਖਤ ਮਹਿਜ 55,000 ਰੁਪਏ ਤੱਕ ਹੀ ਸਿਮਟ ਕੇ ਰਹਿ ਗਈ । ਇਸ ਦਾ ਸਪੱਸ਼ਟ ਕਾਰਨ ਇਹ ਰਿਹਾ ਕਿ ਕੱਟੇ ਹੋਏ ਦਰੱਖਤਾਂ ਦੇ ਨੰਬਰ, ਲੋਗ ਨੰਬਰ, ਸਾਈਜ਼ ਤੇ ਵਾਕਾ ਸਪੱਸ਼ਟ ਨਹੀਂ ਸੀ ਅਤੇ ਮੌਕੇ ’ਤੇ ਮੌਜੂਦ ਦਰੱਖਤ, ਕੱਟੇ ਹੋਏ ਦਰੱਖਤਾਂ ਦੀ ਰਹਿੰਦ ਖੂੰਹਦ ਅਤੇ ਟਾਹਣੀਆਂ ਵਰਗਾ ਬਾਲਣ ਹੀ ਸੀ । ਮੌਕੇ ’ਤੇ ਪ੍ਰਾਪਤ ਜਾਣਕਾਰੀ ਅਨੁਸਾਰ ਜੰਗਲਾਤ ਅਧਿਕਾਰੀ ਸਵਰਨ ਸਿੰਘ ਨੇ ਦੱਸਿਆ ਕਿ ਮੈਨੂੰ ਦਰੱਖਤਾਂ ਦੀ ਬੋਲੀ ਕਰਵਾਉਣ ਲਈ ਡਿਊਟੀ ਲੱਗੀ ਸੀ, ਜਿਸ ਨੂੰ ਸਰਕਾਰੀ ਕੀਮਤ ਮੁਤਾਬਕ ਦੋ ਅਲਾਟਾਂ ਵਿਚ ਇਸ ਦੀ ਬੋਲੀ ਕੀਤੀ ਗਈ ਹੈ, ਜਿਸ ਵਿਚ ਇੱਕ ਅਲਾਟ 55,000 ਰੁਪਏ ਅਤੇ ਦੂਜਾ ਅਲਾਟ 50,000 ਰੁਪਏ ਦੀ ਕੀਮਤ ਵਾਲਾ ਸੀ । ਲਿਹਾਜ਼ਾ ਪਟਿਆਲਾ ਜੰਗਲਾਤ ਵਿਭਾਗ ਰੇਂਜ ਦਾ 22 ਕਿਲੋਮੀਟਰ ਦਾ ਏਰੀਆ ਸੀ ਜਿਸ ਵਿਚ ਦੋਵੇਂ ਪਾਸਿਆਂ ਤੋਂ ਸੜਕ ਚੌੜੀ ਕਰਨ ਲਈ 5.3 ਮੀਟਰ ਥਾਂ ਸੜਕ ਨਾਲ ਜੋੜਨੀ ਸੀ, ਜਿਨ੍ਹਾਂ ਅਧੀਨ ਕੱਟੇ ਗਏ ਦਰੱਖਤ ਨਹੀਂ ਆਉਂਦੇ ਸੀ ਪਰ ਵਿਭਾਗ ਨੇ ਕਲੋਨਾਈਜ਼ਰਾਂ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਠੇਕੇਦਾਰਾਂ ਨੂੰ ਲਾਭ ਪਹੁੰਚਾਉਣ ਲਈ ਕਥਿਤ ਮਿਲੀਭੁਗਤ ਨਾਲ 22 ਕਿਲੋਮੀਟਰ ਸੜਕ ਨੂੰ ਚਹੁੰਮਾਰਗੀ ਕਰਨ ਲਈ 7.392 ਪੂਰੇ ਪਲੇ ਹੋਏ ਦਰੱਖਤ ਪਹਿਲਾਂ ਹੀ ਕੱਟੇ ਜਾ ਚੁੱਕੇ ਹਨ । ਇਨ੍ਹਾਂ ਵਿਚ 1.176 ਟਾਹਲੀ ਦੇ ਦਰੱਖਤ, 1850 ਅਰਜਨ (ਮੈਡੀਸਨਲ ਰੁੱਪ), 14.13 ਤੂਤ, 1101 ਸਫੈਦਾ, 33 ਪਿੱਪਲ ਆਦਿ ਦੇ ਦਰੱਖਤ ਸ਼ਾਮਲ ਸਨ ਪਰ ਜਾਂਚ ਵਿਚ ਖਾਨਾਪੂਰਤੀ ਕਰਨ ਲਈ ਨਿਲਾਮੀ ਨੋਟਿਸ ਵਿਚ ਦਿੱਤੇ ਗਏ ਦਰੱਖਤਾਂ ਦੀ ਗਿਣਤੀ ਨਾਮਾਤਰ ਦਰਸਾਈ ਗਈ ਹੈ। ਜਿਸ ਵਿਚ ਸ਼ਰੇਆਮ ਪਤਾ ਚੱਲਦਾ ਹੈ ਕਿ ਵਿਭਾਗ ਦੇ ਬੇਸ਼ਕੀਮਤੀ ਦਰੱਖਤਾਂ ਨੂੰ ਕੱਟ ਕੇ ਭਿ੍ਰਸ਼ਟਾਚਾਰ ਨੂੰ ਵੱਡਾ ਅੰਜ਼ਾਮ ਦਿੱਤਾ ਹੈ । ਇਸ ਸਮੁੱਚੇ ਮਾਮਲੇ ਨੂੰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਉਜਾਗਰ ਕੀਤਾ ਗਿਆ ਸੀ ਪਰ ਮਾਮਲਾ ਇੱਥੇ ਹੀ ਰੁਕ ਨਹੀਂ ਜਾਂਦਾ । ਇਹ ਸਮੁੱਚੀਆਂ ਸੰਸਥਾਵਾਂ ਦੇ ਆਗੂ ਜਲਦ ਹੀ ਪ੍ਰਕਾਸ਼ਿਤ ਹੋਈਆਂ ਖਬਰਾਂ ਸਮੇਤ ਸੰਬੰਧਿਤ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਵਿਭਾਗ ਦੇ ਸਕੱਤਰ ਨੂੰ ਮਿਲਣਗੇ ਤਾਂ ਜੋ ਜੰਗਲਾਤ ਪਟਿਆਲਾ ਰੇਂਜ ਅਤੇ ਸਰਹੰਦ ਰੇਂਜ ਵਿਚ ਮਿਲੀਭੁਗਤ ਵਾਲੇ ਅਧਿਕਾਰੀਆਂ ਦਾ ਪਰਦਾਫਾਸ਼ ਕੀਤਾ ਜਾ ਸਕੇ ਅਤੇ ਇਸ ਦੀ ਉਚਪੱਧਰੀ ਜਾਂਚ ਕਿਸੇ ਵੱਖਰੀ ਏਜੰਸੀ ਤੋਂ ਕਰਵਾਉਣ ਲਈ ਵੀ ਮੰਗ ਕੀਤੀ ਜਾਵੇਗੀ ।
ਵਿਵਾਦਾਂ ਕਾਰਨ ਡੀ. ਐਫ. ਓ. ਮੁੜ ਟਰੇਨਿੰਗ ’ਤੇ
ਪਟਿਆਲਾ ਸਰਹੰਦ ਰੋਡ ’ਤੇ ਦਰੱਖਤਾਂ ਦੀ ਨਜਾਇਜ਼ ਕਟਾਈ ਦਾ ਮਾਮਾ ਭਖਣ ਉਪਰੰਤ ਸਮੁੱਚੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਿਚ ਖਲਬਲੀ ਵਾਲਾ ਮਾਹੌਲ ਚੰਲ ਰਿਹਾ ਸੀ,ਜਿਸ ਨੂੰ ਦੇਖਦੇ ਹੋਏ ਪਹਿਲਾਂ ਲੰਮੀ ਛੁੱਟੀ ’ਤੇ ਜਾਣ ਉਪਰੰਤ ਮੁੜ ਤੋਂਂ ਟਰੇਨਿੰਗ ’ਤੇ ਚਲੇ ਗਏ । ਜਿਕਰਯੋਗ ਹੈ ਕਿ ਇਹ ਬੋਲੀ ਪੁਰਾਣੇ ਡੀ. ਐਫ. ਓ. ਦੇ ਟਰੇਨਿੰਗ ਜਾਣ ਉਪਰੰਤ ਰੱਖੇ ਹੋਣ ਸੰਬੰਧੀ ਲੁਧਿਆਣਾ ਮੰਡਲ ਦੇ ਡੀ. ਐਫ. ਓ. ਰਾਜੇਸ਼ ਗੁਲਾਟੀ ਨੂੰ ਪਟਿਆਲਾ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ, ਜਿਨ੍ਹਾਂ ਨਾਲ ਇਸ ਨੀਲਾਮੀ ਸੰਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਨੀਲਾਮੀ ਬਾਰੇ ਕੁਝ ਨਹੀਂ ਪਤਾ ਹੈ ।
ਜੰਗਲਾਤ ਵਿਭਾਗ ਦੇ ਦੋ ਮੁਲਾਜ਼ਮ ਸਸਪੈਂਡ
ਦਰੱਖਤਾਂ ਦੀ ਨਜਾਇਜ਼ ਕਟਾਈ ਦੇ ਮਾਮਲੇ ਦੇ ਚੱਲਦਿਆਂ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਦਾ ਵਿਲੱਖਣ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਵਿਚ ਬਿਨ੍ਹਾਂ ਕਿਸੇ ਪ੍ਰਵਾਨਗੀ ਤੋਂ ਹੀ ਨਿੱਜੀ ਕੰਪਨੀ ਦੀ ਤਾਰ ਜੰਗਲਾਤ ਵਿਭਾਗ ਦੀ ਜਮੀਨ ਵਿਚੋਂ ਦੀ ਲੰਘਵਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੋ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਜਦੋਂ ਕਿ ਲੱਖਾਂ ਰੁਪਏ ਦਾ ਘਪਲਾ ਸਾਹਮਣੇ ਆਉਣ ਦੇ ਬਾਵਜੂਦ ਵੀ ਕਿਸੇ ਮੁਲਾਜ਼ਮ ਜਾਂ ਠੇਕੇਦਾਰ ’ਤੇ ਕਾਰਵਾਈ ਨਾ ਕਰਨਾ ਸਵਾਲਾ ਦੇ ਘੇਰੇ ’ਚ ਹੈ ਕਿਉਂਕਿ ਇਸ ਵਿਚ ਕਈ ਉਚ ਅਧਿਕਾਰੀਆਂ ਦੇ ਸ਼ਾਮਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ।
