ਮੁੱਖ ਮੰਤਰੀ ਨੇ ਬਾਰਸ਼ ਕਾਰਨ ਲੋਕਾਂ ਦੀ ਮਦਦ ਲਈ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਰਹਿਣ ਲਈ ਕਿਹਾ

ਦੁਆਰਾ: News ਪ੍ਰਕਾਸ਼ਿਤ :Sunday, 09 July, 2023, 07:32 PM

ਨੀਵੇਂ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਰਾਹਤ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼
* ਡੀ.ਸੀਜ਼ ਅਤੇ ਐਸ.ਐਸ.ਪੀਜ਼ ਨੂੰ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਰਾਹਤ ਅਤੇ ਸੁਰੱਖਿਆ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼
* ਸੂਬੇ ਵਿੱਚ ਭਾਰੀ ਮੀਂਹ ਕਾਰਨ ਪੈਦਾ ਹੋਈ ਸਥਿਤੀ ਦੀ ਨਿਯਮਤ ਤੌਰ ‘ਤੇ ਨਿਗਰਾਨੀ
* ਨੀਵੀਆਂ ਥਾਵਾਂ ਅਤੇ ਨਦੀਆਂ ਦੇ ਆਸ-ਪਾਸ ਦੇ ਖੇਤਰਾਂ ਵਿੱਚ ਅਲਰਟ ਜਾਰੀ
ਚੰਡੀਗੜ੍ਹ, 9 ਜੁਲਾਈ:
ਸੂਬੇ ਭਰ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਨੂੰ ਇਸ ਸੰਕਟ ਦੀ ਘੜੀ ਵਿੱਚ ਆਪਣੇ-ਆਪਣੇ ਖੇਤਰਾਂ ਵਿੱਚ ਰਹਿਣ ਅਤੇ ਲੋੜਵੰਦਾਂ ਤੱਕ ਪਹੁੰਚ ਕਰਨ ਲਈ ਕਿਹਾ।
ਕੁਦਰਤ ਦੇ ਕਹਿਰ ਦੇ ਮੱਦੇਨਜ਼ਰ ਸਥਿਤੀ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰ ਰਹੇ ਮੁੱਖ ਮੰਤਰੀ ਨੇ ਕਿਹਾ ਕਿ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਹੜ੍ਹਾਂ ਤੋਂ ਬਚਾਅ ਵਾਸਤੇ ਵਿਆਪਕ ਕਾਰਜ ਯੋਜਨਾ ਨੂੰ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਇਲਾਕੇ ਦੇ ਲੋਕਾਂ ਵਿੱਚ ਜਾ ਕੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਰਾਹਤ ਦੇਣ ਨੂੰ ਯਕੀਨੀ ਬਣਾਉਣ। ਭਗਵੰਤ ਮਾਨ ਨੇ ਕਿਹਾ ਕਿ ਡਿਪਟੀ ਕਮਿਸ਼ਨਰ (ਡੀ.ਸੀ.) ਅਤੇ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀਜ਼) ਨੂੰ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਨੀਵੇਂ ਇਲਾਕਿਆਂ ਖ਼ਾਸ ਕਰਕੇ ਦਰਿਆਵਾਂ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਕਿਸੇ ਜ਼ਰੂਰੀ ਕੰਮ ਲਈ ਹੀ ਘਰਾਂ ਤੋਂ ਬਾਹਰ ਨਿਕਲਣ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਲਗਾਤਾਰ ਹੋ ਰਹੀ ਬਰਸਾਤ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ ਪਰ ਸੂਬਾ ਸਰਕਾਰ ਵੱਲੋਂ ਸਥਿਤੀ ’ਤੇ ਬਾਕਾਇਦਾ ਨਜ਼ਰ ਰੱਖੀ ਜਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਚਾਹੀਦਾ ਹੈ ਕਿ ਉਹ ਆਪੋ-ਆਪਣੇ ਹਲਕਿਆਂ ਖ਼ਾਸ ਕਰਕੇ ਨੀਵੇਂ ਅਤੇ ਹੜ੍ਹਾਂ ਵਾਲੇ ਇਲਾਕਿਆਂ ਦਾ ਦੌਰਾ ਕਰਨ ਤਾਂ ਜੋ ਲੋੜਵੰਦਾਂ ਦੀ ਮਦਦ ਯਕੀਨੀ ਬਣਾਈ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਕਿਉਂਕਿ ਸੂਬੇ ਭਰ ਵਿੱਚ ਭਾਰੀ ਮੀਂਹ ਪੈ ਰਿਹਾ ਹੈ, ਇਸ ਲਈ ਕੁਝ ਥਾਵਾਂ ‘ਤੇ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਡੀ.ਸੀਜ਼, ਐਸ.ਐਸ.ਪੀਜ਼, ਐਸ.ਡੀ.ਐਮਜ਼ ਅਤੇ ਫੀਲਡ ਸਟਾਫ਼ ਚੌਕਸ ਰਹੇ ਅਤੇ ਜ਼ਿਆਦਾ ਪਾਣੀ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਪਹਿਲ ਦੇ ਆਧਾਰ ‘ਤੇ ਜ਼ਰੂਰੀ ਕੰਮ ਕਰਨ। ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਵਾਟਰ ਵਰਕਸ ਦੇ ਪਾਣੀ ਵਿੱਚ ਡੁੱਬਣ ਤੋਂ ਰੋਕਣ ਲਈ ਹਰ ਥਾਂ ‘ਤੇ ਵਾਟਰ ਵਰਕਸ ਦੇ ਪੰਪ ਹਾਊਸਾਂ ਦੇ ਆਲੇ-ਦੁਆਲੇ ਰੇਤ ਦੀਆਂ ਬੋਰੀਆਂ ਲਾ ਕੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਗੰਭੀਰ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਨੂੰ ਤੁਰੰਤ ਰਾਹਤ ਅਤੇ ਮਦਦ ਪ੍ਰਦਾਨ ਕਰਨ ਲਈ ਆਪਣੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਈ। ਭਗਵੰਤ ਮਾਨ ਨੇ ਕਿਹਾ ਕਿ ਭਾਰੀ ਬਰਸਾਤ ਕਾਰਨ ਪੈਦਾ ਹੋਈ ਇਸ ਸਥਿਤੀ ਵਿੱਚ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨਾ ਸੂਬਾ ਸਰਕਾਰ ਦਾ ਫ਼ਰਜ਼ ਬਣਦਾ ਹੈ।
ਇਸ ਦੌਰਾਨ ਮੁੱਖ ਮੰਤਰੀ ਦੇ ਨਿਰਦੇਸ਼ਾਂ ਤੋਂ ਬਾਅਦ ਹਰਕਤ ਵਿੱਚ ਆਉਂਦਿਆਂ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੇ ਲੋਕਾਂ ਨੂੰ ਰਾਹਤ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕੀਤਾ ਹੈ। ਮੰਤਰੀ ਅਤੇ ਵਿਧਾਇਕ ਨੀਵੇਂ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕਾਂ ਨੂੰ ਇਨ੍ਹਾਂ ਖੇਤਰਾਂ ਤੋਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਭਾਰੀ ਮੀਂਹ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਠੋਸ ਉਪਰਾਲੇ ਕਰਨ ਦੇ ਨਿਰਦੇਸ਼ ਵੀ ਦਿੱਤੇ।
ਇਸ ਦੌਰਾਨ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਾਂ ਨੇ ਸੰਕਟ ਦੀ ਘੜੀ ਵਿੱਚ ਲੋਕਾਂ ਦੀ ਮਦਦ ਲਈ ਹੜ੍ਹ ਕੰਟਰੋਲ ਰੂਮ ਸਥਾਪਤ ਕੀਤੇ ਹਨ। ਕੰਟਰੋਲ ਰੂਮ ਦੇ ਨੰਬਰਾਂ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੀ ਸੇਵਾ ਲਈ ਇਨ੍ਹਾਂ ਕੰਟਰੋਲ ਰੂਮਾਂ ਵਿੱਚ 24 ਘੰਟੇ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹੰਗਾਮੀ ਹਾਲਾਤ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਬਾਰੇ ਫ਼ੋਨ ਆਉਣ ‘ਤੇ ਤੁਰੰਤ ਕਾਰਵਾਈ ਯਕੀਨੀ ਬਣਾਉਣ।
ਬਾਕਸ
ਭਾਰੀ ਬਰਸਾਤ : ਘੱਗਰ ਅਤੇ ਬਾਕੀ ਨਦੀਆਂ ਡੇਂਜਰ ਲੈਵਲ ਤੋਂ ਉਪਰ ਪੁੱਜੀਆਂ
– ਸਿਹਤ ਮੰਤਰੀ ਨੇ ਸਮੁੱਚੇ ਅਧਿਕਾਰੀਆਂ ਨਾਲ ਕੀਤਾ ਪਟਿਆਲਾ ਨਦੀ ਦਾ ਦੌਰਾ
– ਪਟਿਆਲਾ ਨਦੀ ਦੇ ਆਲੇ-ਦੁਆਲੇ ਨੀਚਲੇ ਇਲਾਕਿਆਂ ਵਿੱਚ ਬਸੇ ਲੋਕਾਂ ਨੂੰ ਤੁਰੰਤ ਘਰ ਛੱਡਣ ਦੀ ਸਲਾਹ
– ਪ੍ਰੇਮ ਬਾਗ ਪੈਲੇਸ ਨੂੰ ਬਣਾਇਆ ਟੈਂਪਰੇਰੀ ਰੈਣ ਬਸੇਰਾ
– ਪਟਿਆਲਾ ਜ਼ਿਲੇ ਵਿੱਚ ਅਧਾ ਦਰਜਨ ਤੋਂ ਵੱਧ ਕੰਟਰੋਲ ਰੂਮ ਸਥਾਪਿਤ
ਪਟਿਆਲਾ, 9 ਜੁਲਾਈ : ਲੰਘੇ ਕੱਲਤੋਂ ਪੈ ਰਹੀ ਭਾਰੀ ਬਰਸਾਤ ਕਾਰਨ ਪੰਜਾਬ ਅਤੇ ਪਟਿਆਲਾ ਜ਼ਿਲੇ ਵਿੱਚੋਂ ਨਿਕਲਣ ਵਾਲਾ ਘੱਗਰ ਦਰਿਆ ਅਤੇ ਇਸਦੇ ਨਾਲ ਪੈਂਦੀਆਂ ਨਦੀਆਂ ਟਾਂਗਰੀ, ਮਾਰਕੰਡਾ, ਪਟਿਆਲਾ ਨਦੀ ਫੂੰਕਾਰੇ ਮਾਰਨ ਲੱਗੀਆਂ ਹਨ ਅਤੇ ਇਨ੍ਹਾਂ ਵਿੱਚ ਪਾਣੀ ਦਾ ਵਹਾਅ ਡੇਂਜਰ ਲੈਵਲ ਤੋਂ ਉਪਰ ਚਲ ਰਿਹਾ ਹਨ। ਘੱਗਰ ਇਸ ਸਮੇਂ ਖਤਰੇ ਦੇ ਨਿਸ਼ਾਨ ਤੋਂ ਉਪਰ ਚੱਲ ਰਿਹਾ ਹੈ, ਜਿਸ ਕਾਰਨ ਡੀ.ਸੀ. ਪਟਿਆਲਾ ਕਮ ਜ਼ਿਲਾ ਮੈਜਿਸਟ੍ਰੇਟ ਸਾਕਸੀ ਸਾਹਨੀ ਨੇ ਤਿੰਨ ਦਿਨਾਂ ਲਈ ਹਾਈ ਅਲਰਟ ਦੇ ਹੁਕਮ ਜਾਰੀ ਕੀਤੇ ਹਨ।
ਦੂਸਰੇ ਪਾਸੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਡੀ.ਸੀ. ਸਾਕਸ਼ੀ ਸਾਹਨੀ, ਏਡੀਸੀ ਗੁਰਪ੍ਰੀਤ ਸਿੰਘ ਥਿੰਦ ਨੇ ਆਪਣੇ ਅਧਿਕਾਰੀਆਂ ਦੀ ਪੂਰੀ ਫੌਜ ਨਾਲ ਪਟਿਆਲਾ ਨਦੀ ਅਤੇ ਹੋਰਨਾਂ ਖੇਤਰਾਂ ਦਾ ਦੌਰਾ ਕੀਤਾ ਹੈ ਤੇ ਪਟਿਆਲਾ ਨਦੀ ਦੇ ਦੁਆਲੇ ਵਸਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਉਹ ਨੀਵੇਂ ਖੇਤਰ ਛੱਡ ਕੇ ਸੁਰਖਿਅਤ ਥਾਵਾਂ ‘ਤੇ ਪਹੁੰਚ ਜਾਣ। ਇਸਦੇ ਨਾਲ ਹੀ ਦੇਵੀਗੜ੍ਹ ਰੋਡ ‘ਤੇ ਪੈਂਦੇ ਪ੍ਰੇਮ ਬਾਗ ਪੈਲੇਸ ਨੂੰ ਟੈਂਪਰੇਰੀ ਰੈਣ ਬਸੇਰਾ ਬਣਾ ਦਿੱਤਾ ਗਿਆ ਹੈ। ਸਿਹਤ ਮੰਤਰੀ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਈ ਵੀ ਖਤਰਾ ਮੋਲ ਨਾ ਲੈਣ।
ਘੱਗਰ, ਮਾਰਕੰਡਾ, ਟਾਂਗਰੀ ਤੇ ਪਟਿਆਲਾ ਨਦੀ ਹਮੇਸ਼ਾ ਹੀ ਭਾਰੀ ਬਰਸਾਤਾਂ ਵਿੱਚ ਲੋਕਾਂ ਦਾ, ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਕਰਦੀਆਂ ਹਨ। ਦੇਸ਼ ਦੀ ਅਜਾਦੀ ਤੋਂ ਲੈ ਕੇ ਅੱਜ ਤੱਕ ਸਮੁਚੀਆਂ ਰਾਜਨੀਤਿਕ ਪਾਰਟੀਆਂ ਨੇ ਇਨ੍ਹਾਂ ਦਾ ਵਹਾਅ ਰੋਕਣ ਦੇ ਦਾਅਵੇ ਜਰੂਰ ਕੀਤੇ ਹਨ ਪਰ ਕੋਈ ਵੀ ਅਜੇ ਤੱਕ ਸਫਲ ਨਹੀਂ ਹੋ ਸਕਿਆ।
ਬਾਕਸ
ਘੱਗਰ ਦਾ ਡੇਂਜਰ ਲੈਵਲ 10 ਫੁੱਟ ਤੇ ਪਾਣੀ ਚਲ ਰਿਹਾ ਹੈ 13 ਫੁੱਟ

ਜ਼ਿਲਾ ਪ੍ਰਸ਼ਾਸ਼ਨ ਵੱਲੋਂ ਜਾਰੀ ਰਿਪੋਰਟ ਤਹਿਤ ਘੱਗਰ ਦਰਿਆ ਦਾ ਡੇਂਜਰ ਲੈਵਲ 10 ਫੁੱਟ ਹੈ, ਜਦੋਂ ਕਿ ਇਸ ਸਮੇਂ ਉਹ 13 ਫੁੱਟ ‘ਤੇ ਚਲ ਰਿਹਾ ਹੈ ਤੇ ਉਸ ਵਿਚੋਂ ਇੱਕ ਲੱਖ ਗੇਜ ਦੇ ਕਰੀਬ ਪਾਣੀ ਡਿਸਚਾਰਜ ਹੋ ਰਿਹਾ ਹੈ। ਲਗਭਗ ਸਰਾਲਾ ਕਲਾਂ ਵਿਖੇ ਵੀ ਘੱਗਰ ਦਾਇਹੀ ਹਾਲ ਹੈ ਤੇ ਉਧਰ ਤਾਂ ਘੱਗਰ ਦੇ ਉਪਰ ਬਣੇ ਪੁੱਲ ਤੋਂ ਵੀ ਪਾਣੀ ਚਲ ਰਿਹਾ ਹੈ। ਹਾਲਾਂਕਿ ਟਾਂਗਰੀ ਨਦੀ ਵਿੱਚ ਪਾਣੀ ਦਾ ਲੈਵਲ 9 ਫੁੱਟ ਹੈ, ਮਾਰਕੰਡਾ 17 ਫੁੱਟ ਤੋਂ ਉਪਰ ਪਹੁੰਚ ਗਿਆ ਹੈ, ਪਟਿਆਲਾ ਨਦੀ ਵਿੱਚ ਪਾਣੀ ਦਾ ਲੈਵਲ 7 ਫੁੱਟ ਦੇ ਕਰੀਬ ਹੈ ਅਤੇ ਹੋਰ ਪੈਂਦੀਆਂ ਚਾਰ-ਪੰਜ ਨਦੀਆਂ ਵਿੱਚ ਪਾਣੀ ਖਤਰੇ ਦੇ ਲੈਵਲ ਦੇ ਲਗਭਗ ਬਰਾਬਰ ਚਲ ਰਿਹਾ ਹੈ। ਉਧਰੋਂ ਚੰਡੀਗੜ੍ਹ, ਰੋਪੜ ਅਤੇ ਉਧਰ ਵਾਲੇ ਪਾਸੇ ਭਾਰੀ ਮੀਂਹ ਕਾਰਨ ਪਟਿਆਲਾ ਜ਼ਿਲੇ ਵਿੱਚ ਤਿੰਨ ਦਿਨਾਂ ਲਈ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਬਾਕਸ
ਜ਼ਿਲਾ ਪ੍ਰਸ਼ਾਸ਼ਨ ਦੀ ਟੀਮ ਪੂਰੀ ਤਰ੍ਹਾਂ ਚੌਕਸ, ਸਮੁੱਚੇ ਅਧਿਕਾਰੀਆਂ ਨੂੰ ਕੰਟਰੋਲ ਰੂਮਾਂ ‘ਤੇ ਰਹਿਣ ਦੇ ਹੁਕਮ
ਡੀ.ਸੀ. ਪਟਿਆਲਾ ਸਾਕਸ਼ੀ ਸਾਹਨੀ ਚੜ੍ਹੇ ਪਾਣੀ ਨੂੰ ਦੇਖ ਪੂਰੀ ਤਰ੍ਹਾਂ ਐਕਟਿਵ ਕਾਰਜਸ਼ਾਲੀ ਵਿੱਚ ਨਜ਼ਰ ਆਏ। ਡੀ.ਸੀ. ਪਟਿਆਲਾ ਨੇ ਸਵੇਰ ਤੋਂ ਹੀ ਸਮੁਚੇ ਕੰਟਰੋਲ ਰੂਮਾਂ ‘ਤੇ ਅਧਿਕਾਰੀਆਂ ਨੂੰ ਬੈਠਣ ਦੇ ਹੁਕਮ ਦਿੱਤੇ ਅਤੇ ਪੂਰੇ ਜ਼ਿਲੇ ਵਿੱਚ ਐਸਡੀਐਮ, ਐਸ.ਐਸ.ਪੀ., ਡੇਰੇਜ ਵਿਭਾਗ ਦੇ ਅਧਿਕਾਰੀਆਂ, ਕਾਰਪੋਰੇਸ਼ਨ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਪੱਸਟ ਹੁਕਮ ਦਿੰਤੇ ਕਿ ਉਹ ਆਪਣੇ ਆਪਣੇ ਕਸਬਿਆਂ ਤੇ ਸ਼ਹਿਰਾਂ ਅੰਦਰ ਪੂਰੀ ਤਰ੍ਹਾਂ ਅਲਰਟ ਰਹਿਣ ਤੇ ਪਲ ਪਲ ਦੀ ਰਿਪੋਰਟ ਡੀਸੀ ਪਟਿਆਲਾ ਨੂੰ ਦੇਣ। ਡੀਸੀ ਪਟਿਆਲਾ ਵਰ੍ਹਦੇ ਮੀਂਹ ਵਿੱਚ ਖੁਦ ਪੂਰੇ ਅਧਿਕਾਰੀਆਂ ਦੀ ਟੀਮ ਨਾਲ ਸ਼ਹਿਰ ਵਿੱਚ ਨਿਕਲ ਗਏ ਸਨ।



Scroll to Top