ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਿਸਟੈਂਸ ਐਜ਼ੂਕੇਸ਼ਨ ਵਿਭਾਗ ਵਿਚ ਦਾਖਲੇ ਸ਼ੁਰੂ ਨਾ ਹੋਣ ਕਾਰਨ ਵਿਦਿਆਰਥੀਆਂ ਵਿਚ ਰੋਸ

ਦੁਆਰਾ: Punjab Bani ਪ੍ਰਕਾਸ਼ਿਤ :Tuesday, 28 January, 2025, 04:17 PM

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਿਸਟੈਂਸ ਐਜ਼ੂਕੇਸ਼ਨ ਵਿਭਾਗ ਵਿਚ ਦਾਖਲੇ ਸ਼ੁਰੂ ਨਾ ਹੋਣ ਕਾਰਨ ਵਿਦਿਆਰਥੀਆਂ ਵਿਚ ਰੋਸ
ਡੀਨ ਅਕਾਦਮਿਕ ਮਾਮਲੇ ਪਿਛਲੇ ਪੰਦਰਾਂ ਦਿਨਾਂ ਤੋਂ ਆਪਣੇ ਦਫਤਰ ਵਿਚੋਂ ਗੈਰ-ਹਾਜ਼ਰ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਵਿਭਾਗ ਇਸ ਵਾਰ ਜਨਵਰੀ ਤੋਂ ਸ਼ੁਰੂ ਹੋਣ ਵਾਲੇ ਦਾਖਲੇ ਲੇਟ ਹੋਣ ਕਾਰਨ ਇੱਕ ਵਾਰ ਦੁਬਾਰਾ ਤੋਂ ਸੁਰਖੀਆਂ ਵਿਚ ਹੈ । ਇਸ ਵਿਭਾਗ ਵਿਚ ਜਨਵਰੀ ਦੇ ਪਹਿਲੇ ਹਫਤੇ ਦਾਖਲੇ ਸ਼ੁਰੂ ਹੋਣੇ ਸਨ ਪਰੰਤੂ ਜਨਵਰੀ ਖਤਮ ਹੋਣ ਤੇ ਹੈ ਪਰ ਵਿਭਾਗ ਨੇ ਦਾਖਲੇ ਹਾਲੇ ਤਕ ਸ਼ੁਰੂ ਨਹੀਂ ਕੀਤੇ । ਇਸ ਕਾਰਨ ਵਿਭਾਗ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਖਜਲ-ਖੁਆਰ ਹੋਣਾ ਪੈ ਰਿਹਾ ਹੈ । ਜ਼ਿਕਰਯੋਗ ਹੈ ਕਿ ਹਰ ਸਾਲ ਇਸ ਵਿਭਾਗ ਵਿਚ ਹਜਾਰਾਂ ਵਿਦਿਆਰਥੀ ਦਾਖਲੇ ਲੈਂਦੇ ਹਨ ਪਰ ਯੂਨੀਵਰਸਿਟੀ ਪ੍ਰਸ਼ਾਸ਼ਨ ਇਸ ਵਿਭਾਗ ਨੂੰ ਲੈਕੇ ਸੁਹਿਰਦ ਨਹੀਂ ਹੈ । ਅੱਜ ਸਾਂਝੇ ਵਿਦਿਆਰਥੀ ਮੋਰਚੇ ਵਲੋਂ ਜਦੋਂ ਡੀਨ ਅਕਾਦਮਿਕ ਦਫਤਰ ਪਹੁੰਚ ਕੀਤੀ ਗਈ ਤਾਂ ਉਥੇ ਦੇਖਿਆ ਕਿ ਇਹ ਦਫਤਰ ਪਿਛਲੇ ਕਈ ਦਿਨਾਂ ਤੋਂ ਬੰਦ ਪਿਆ ਹੈ । ਇਸ ਤੋਂ ਬਾਅਦ ਮੋਰਚੇ ਨੂੰ ਪਤਾ ਲੱਗਿਆ ਕਿ ਡੀਨ ਅਕਾਦਮਿਕ ਮਾਮਲੇ ਵਾਈਸ ਚਾਂਸਲਰ ਦਫਤਰ ਦੇ ਸਿੰਡੀਕੇਟ ਰੂਮ ਤੋਂ ਆਪਣਾ ਕੰਮ ਚਲਾ ਕਰੇ ਹਨ। ਵਿਦਿਆਰਥੀਆਂ ਦੇ ਡੀਨ ਨਾਲ ਰਾਬਤਾ ਕਾਇਮ ਕਰਨ ਤੇ ਡੀਨ ਸਾਹਿਬਾ ਨੇ ਇਸ ਮਾਮਲੇ ਸੰਬੰਧੀ ਸੁਹਿਰਦਤਾ ਨਾ ਦਿਖਾਉਂਦੇ ਹੋਏ ਗੰਭੀਰ ਮਸਲੇ ਨੂੰ ਅਣਗੌਲਿਆ ਕਰ ਦਿੱਤਾ । ਜ਼ਿਕਰਯੋਗ ਹੈ ਕਿ ਪ੍ਰਸ਼ਾਸ਼ਨਿਕ ਅਤੇ ਵਿਭਾਗੀ ਨਲਾਇਕੀਆਂ ਕਾਰਨ ਇਹ ਵਿਭਾਗ 2023-24 ਸ਼ੈਸ਼ਨ ਦੌਰਾਨ ਵੀ ਦਾਖਲਿਆਂ ਤੋਂ ਸਖਣਾ ਰਿਹਾ ਹੈ, ਜਿਸ ਕਾਰਨ ਯੂਨੀਵਰਸਿਟੀ ਨੂੰ ਕਰੋੜਾਂ ਰੁਪਏ ਦੇ ਵਿਤੀ ਘਾਟੇ ਦਾ ਸਾਹਮਣਾ ਵੀ ਕਰਨਾ ਪਿਆ ਸੀ । ਧਿਆਨਦੇਣਯੋਗ ਹੈ ਕਿ ਦਾਲਖੇ ਲੇਟ ਹੋਣ ਕਾਰਨ ਕਾਫੀ ਵਿਦਿਆਰਥੀ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਰੁੱਖ ਕਰਦੇ ਹਨ, ਜਿਸ ਕਾਰਨ ਯੂਨੀਵਰਸਿਟੀ ਦੇ ਇਸ ਵਿਭਾਗ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀ ਦੀ ਗਿਣਤੀ ਘੱਟ ਹੋ ਜਾਂਦੀ ਹੈ । ਵਿਦਿਆਰਥੀਆਂ ਵਲੋਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਜੇਕਰ ਇਸ ਵਿਭਾਗ ਵਿਚ ਜਲਦ ਤੋਂ ਜਲਦ ਦਾਖਲੇ ਨਾ ਸ਼ੁਰੂ ਕੀਤੇ ਗਏ ਤਾਂ ਪ੍ਰਸ਼ਾਸ਼ਨ ਨੂੰ ਵੱਡੇ ਰੋਸ ਦਾ ਸਾਹਮਣਾ ਕਾਰਨਾ ਪਵੇਗਾ । ਇਸ ਮੌਕੇ ਪੀ. ਐਸ. ਐਫ ਤੋਂ ਗਗਨਦੀਪ ਸਿੰਘ, ਪੀ. ਐਸ. ਯੂ. ਤੋਂ ਅਮਨਦੀਪ ਖਿਉਵਾਲੀ, ਐਸ. ਐਫ. ਆਈ. ਤੋਂ ਜਤਿੰਦਰ, ਗੁਰਕੀਰਤ ਸਿੰਘ, ਏ. ਆਈ. ਐਸ. ਐਫ. ਤੋਂ ਗੁਰਜੰਟ ਸਿੰਘ ਅਤੇ ਪੀ. ਆਰ. ਐਸ. ਯੂ. ਤੋਂ ਕਰਨਵੀਰ ਸਿੰਘ ਆਦਿ ਵਿਦਿਆਰਥੀ ਆਗੂ ਸ਼ਾਮਲ ਸਨ ।