ਪੀ. ਟੀ. ਏ. ਅਧਿਆਪਕ ਫਰੰਟ ਨੇ ਯੂਨੀਵਰਸਿਟੀ ਵਿਖੇ ਪੋਸਟਰ ਲੈ ਕੇ ਨਾਅਰੇਬਾਜ਼ੀ ਕਰਦੇ ਹੋਏ ਕਢੀ ਰੈਲੀ

ਪੀ. ਟੀ. ਏ. ਅਧਿਆਪਕ ਫਰੰਟ ਨੇ ਯੂਨੀਵਰਸਿਟੀ ਵਿਖੇ ਪੋਸਟਰ ਲੈ ਕੇ ਨਾਅਰੇਬਾਜ਼ੀ ਕਰਦੇ ਹੋਏ ਕਢੀ ਰੈਲੀ
60ਵੇਂ ਦਿਨ ਯੋਗ ਪੀਟੀਏ ਸਹਾਇਕ ਪ੍ਰੋਫ਼ੈਸਰਾਂ ਦੇ ਧਰਨੇ ਵਿੱਚ ਵੱਖ ਵੱਖ ਜਥੇਬੰਦੀਆਂ ਵੱਲੋਂ ਸਮਰਥਨ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਖ ਵੱਖ ਕਾਂਸਟੀਚੂਐਂਟ ਕਾਲਜਾਂ ਵਿੱਚ ਪੀ. ਟੀ. ਏ. ਮੱਦ ‘ਤੇ ਕੰਮ ਕਰ ਰਹੇ ਸਹਾਇਕ ਪ੍ਰੋਫ਼ੈਸਰਾਂ ਦਾ ਧਰਨਾ ਅੱਜ 60ਵੇਂ ਦਿਨ ਵੀ ਵਿਚ ਪ੍ਰਵੇਸ਼ ਕਰ ਗਿਆ ਹੈ, ਜਿਸਨੂੰ ਅੱਜ ਵੱਖ-ਵੱਖ ਜਥੇਬੰਦੀਆਂ ਵਲੋ ਸਮਰਥਨ ਦਿੱਤਾ ਗਿਆ । ਇਸ ਮੌਕੇ ਪੀਟੀਏ ਅਧਿਆਪਕ ਫਰੰਟ ਵੱਲੋਂ ਅੱਜ ਯੂਨੀਵਰਸਿਟੀ ਵਿਖੇ ਪੋਸਟਰ ਲੈ ਕੇ ਨਾਅਰੇਬਾਜ਼ੀ ਕਰਦੇ ਹੋਏ ਰੈਲੀ ਵੀ ਕੱਢੀ ਗਈ ਅਤੇ ਡੀਨ ਅਕਾਦਮਿਕ ਅਤੇ ਡਾਇਰੈਕਟਰ ਸਾਹਿਬ ਨਾਲ ਮੀਟਿੰਗ ਕੀਤੀ ਅਤੇ ਮੰਗ ਪੱਤਰ ਦਿੱਤਾ ਗਿਆ । ਇਸ ਮੌਕੇ ਧਰਨੇ ਦੌਰਾਨ ਪੀਟੀਏ ਅਧਿਆਪਕ ਫਰੰਟ ਦੇ ਪ੍ਰਧਾਨ ਜਗਜੀਤ ਸਿੰਘਨੇ ਕਿਹਾ ਕਿ ਪਿਛਲੇ ਦਿਨੀਂ ਪੀਟੀਏ ਅਧਿਆਪਕ ਫਰੰਟ ਦੀ ਕੋਰ ਕਮੇਟੀ ਦੇ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ ਅਤੇ ਕਮੇਟੀ ਮੈਂਬਰਾਂ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡੀਨ ਅਕਾਦਮਿਕ ਮੈਡਮ ਨਰਿੰਦਰ ਕੌਰ ਮੁਲਤਾਨੀ, ਰਜਿਸਟਰਾਰ ਡਾ. ਸੰਜੀਵ ਪੁਰੀ ਅਤੇ ਡਾਇਰੈਕਟਰ ਆਫ਼ ਕਾਂਸਟੀਚੂਐਂਟ ਕਾਲਜਾਂ ਡਾ. ਜਸਵਿੰਦਰ ਸਿੰਘ ਬਰਾੜ ਨਾਲ ਕਾਫ਼ੀ ਵਾਰ ਮੀਟਿੰਗਾਂ ਕੀਤੀਆਂ ਗਈਆਂ, ਜਿਸ ਵਿੱਚ ਪੀਟੀਏ ਫਰੰਟ ਵੱਲੋਂ ਉਨ੍ਹਾਂ ਨੂੰ ਗੈਸਟ ਮੱਦ ਵਿਚ ਤਬਦੀਲ ਕਰਨ ਦੀ ਮੁੱਖ ਮੰਗ ਰੱਖੀ ਗਈ, ਜੋ ਕਿ ਹਰ ਵਾਰ ਬੇਸਿੱਟਾ ਹੀ ਰਹੀ । ਪਿਛਲੇ ਸਮੇਂ ਦੌਰਾਨ ਵੀ ਪੰਜਾਬੀ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਵੱਖ ਵੱਖ ਕਾਂਸਟੀਚੂਐਂਟ ਕਾਲਜਾਂ ਦੇ ਪੀਟੀਏ ਮੱਦ ਵਿਚ ਕੰਮ ਕਰ ਰਹੇ ਸਹਾਇਕ ਪ੍ਰੋਫ਼ੈਸਰਾਂ ਨੂੰ ਯੂ. ਜੀ. ਸੀ. ਦੀਆਂ ਸ਼ਰਤਾਂ ਅਨੁਸਾਰ ਆਪਣੀ ਯੋਗਤਾ ਪੂਰੀ ਕਰਨ ਉਪਰੰਤ ਗੈਸਟ ਮੱਦ ਵਿਚ ਤਬਦੀਲ ਕੀਤਾ ਜਾਂਦਾ ਰਿਹਾ ਹੈ ਪਰ ਹੁਣ ਯੂਨੀਵਰਸਿਟੀ ਇਸ ਨੀਤੀ ਤੋਂ ਮੁਨਕਰ ਹੋ ਰਹੀ ਹੈ ।
ਫਰੰਟ ਦੇ ਪ੍ਰਧਾਨ ਜਗਜੀਤ ਸਿੰਘ ਨੇ ਹੋਰ ਕਿਹਾ ਕਿ ਅਸੀਂ ਸਾਰੇ ਯੂਜੀਸੀ ਦੀਆਂ ਜੋ ਸ਼ਰਤਾਂ ਇਕ ਯੋਗ ਸਹਾਇਕ ਪ੍ਰੋਫ਼ੈਸਰ ਲਈ ਨਿਰਧਾਰਿਤ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਅਸੀਂ ਪੀ. ਟੀ. ਏ. ਫੈਕਲਟੀ ਦੇ ਉਮੀਦਵਾਰ ਪੂਰਾ ਕਰਦੇ ਹਾਂ । ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਖ਼ਜ਼ਾਨਚੀ ਲੈਕਚਰਾਰ ਤਰਸੇਮ ਲਾਲ, ਦਵਿੰਦਰ ਸਿੰਘ ਪੂਨੀਆ ਸੂਬਾ ਆਗੂ ਕਿਰਤੀ ਕਿਸਾਨ ਯੂਨੀਅਨ, ਪ੍ਰੋ. ਗੁਰਜੰਟ ਸਿੰਘ ਜਮਹੂਰੀ ਅਧਿਕਾਰ ਸਭਾ ਪੰਜਾਬ, ਰਣਜੀਤ ਸਿੰਘ ਸਵਾਜਪੁਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ, ਪ੍ਰੋ. ਅਰਵਿੰਦਰ ਕੌਰ ਕਾਕੜਾ ਮੀਤ ਪ੍ਰਧਾਨ ਸਾਹਿਤ ਅਕਾਦਮੀ ਲੁਧਿਆਣਾ, ਗੁਰਜੀਤ ਸਿੰਘ ਘੱਗਾ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ, ਗੁਰਸਿੰਦਰ ਸਿੰਘ ਡੈਮੋਕ੍ਰੇਟਿਕ ਸਟੂਡੈਂਟ ਆਰਗੇਨਾਈਜੇਸ਼ਨ ਪੰਜਾਬ, ਰਸਪਿੰਦਰ ਸਿੰਘ ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ, ਡਾ।ਬੇਅੰਤ ਸਿੰਘ ਕਾਂਸਟੀਚੂਐਂਟ ਕਾਲਜ ਅਤੇ ਨੇਬਰਹੂੱਡ ਕੈਂਪਸ ਨੇ ਸੰਬੋਧਨ ਕੀਤਾ । ਮੀਟਿੰਗ ਵਿੱਚ ਡਾਇਰੈਕਟਰ ਸਾਹਿਬ ਨੇ ਭਰੋਸਾ ਦਿਵਾਇਆ ਕਿ ਜਿਵੇਂ ਹੀ ਯੂਨੀਵਰਸਿਟੀ ਵਿਖੇ ਵਾਈਸ ਚਾਂਸਲਰ ਨਿਯੁਕਤ ਕਰ ਦਿੱਤਾ ਜਾਵੇਗਾ ਤਾਂ ਉਨ੍ਹਾਂ ਅੱਗੇ ਤੁਹਾਡੇ ਕੇਸ ਸਕਾਰਾਤਮਕ ਤਰੀਕੇ ਨਾਲ ਰੱਖਿਆ ਜਾਵੇਗਾ ।
