ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਵਾਰ ਵਾਰ ਹੋ ਰਹੀ ਉਲੰਘਣਾ ਦਾ ਨੋਟਿਸ ਲੈਣ ਜਥੇਦਾਰ ਸਾਹਿਬ : ਪ੍ਰੋ. ਚੰਦੂਮਾਜਰਾ

ਦੁਆਰਾ: Punjab Bani ਪ੍ਰਕਾਸ਼ਿਤ :Tuesday, 28 January, 2025, 11:34 AM

ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਵਾਰ ਵਾਰ ਹੋ ਰਹੀ ਉਲੰਘਣਾ ਦਾ ਨੋਟਿਸ ਲੈਣ ਜਥੇਦਾਰ ਸਾਹਿਬ : ਪ੍ਰੋ. ਚੰਦੂਮਾਜਰਾ
– ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੁਣਾਏ ਹੁਕਮਨਾਮੇ ਨੂੰ ਗਲਤ ਢੰਗ ਨਾਲ ਲਾਗੂ ਕਰਵਾਉਣ ਲਈ ਜਥੇਦਾਰਾਂ ‘ਤੇ ਦਬਾਅ ਪਾ ਰਹੇ ਹਨ : ਰੱਖੜਾ
– ਕਾਨੂੰਨੀ ਅੜਚਣ ਦਾ ਬਹਾਨਾ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਤੋਂ ਨਾ ਭੱਜਣ ਸੁਖਬੀਰ ਬਾਦਲ: ਪਰਮਿੰਦਰ ਢੀਂਡਸਾ
ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਵਾਰ ਵਾਰ ਹੋ ਰਹੀ ਉਲੰਘਣਾ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੋਟਿਸ ਲੈਣ । ਉਨ੍ਹਾਂ ਕਿਹਾ ਕਿ ਜਦੋਂ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਫੈਸਲਾ ਸੁਣਾਇਆ ਗਿਆ ਸੀ ਕਿ ਪੰਥਕ ਏਕਤਾ ਦੇ ਲਈ ਜ਼ੂਰਰੀ ਹੈ ਕਿ ਸਾਰੇ ਧੜੇ ਆਪਸੀ ਮਤਭੇਦ ਛੱਡਣ ਅਤੇ ਅਕਾਲੀ ਦਲ ਦੀ ਭਰਤੀ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਪਰ ਬਾਦਲ ਧੜੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਆਪਣੀ ਹੀ ਭਰਤੀ ਕਮੇਟੀ ਬਣਾ ਲਈ ਅਤੇ ਭਰਤੀ ਸ਼ੁਰੂ ਕਰ ਦਿੱਤੀ । ਪਹਿਲਾਂ ਮਾਘੀ ਮੇਲੇ ਦੀ ਕਾਨਫਰੰਸ ਕਰਕੇ ਹੁਕਮਾ ਦੀ ਉਲੰਘਣਾ ਕੀਤੀ ਗਈ ਅਤੇ ਹੁਣ ਭਰਤੀ ਮੁਹਿੰਮ ਸ਼ੁਰੂ ਕਰਕੇ ਹੁਕਮਾਂ ਦੀ ਉਲੰਘਣਾ ਕੀਤੀ । ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਹੁਕਮਾਂ ਦੀ ਉਲੰਘਣਾ ‘ਤੇ ਆਪਣਾ ਫੈਸਲਾ ਸੁਣਾਉਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਵਉਚ ਸੰਸਥਾ ਹੈ ਅਤੇ ਉਥੇ ਸੁਣਾਏ ਹੁਕਮ ਦੀ ਉਲੰਘਣਾ ਕਰਨ ਵਾਲੇ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ।
ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਦੀ ਫਸੀਲ ਤੋਂ ਸੁਣਾਏ ਗਏ ਸਿੰਘ ਸਾਹਿਬ ਦੇ ਹੁਕਮਨਾਮੇ ਨੂੰ ਤੋੜ ਮਰੋੜ ਕੇ ਗਲਤ ਢੰਗ ਨਾਲ ਪੇਸ਼ ਕਰਨ ਲਈ ਜਥੇਦਾਰ ਸਾਹਿਬਾਨਾ ‘ਤੇ ਦਬਾਅ ਨਾ ਬਣਾਉਣ । ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਵੋਟ ਬੈਂਕ ਪੰਥਕ ਸੀ ਜਾਂ ਫੇਰ ਕਿਸਾਨ ਪਰ ਸੁਖਬੀਰ ਸਿੰਘ ਬਾਦਲ ਦੀ ਜਿੱਦ ਦੇ ਕਾਰਨ ਅੱਜ ਅਕਾਲੀ ਦਲ ਨਾਲ ਨਾ ਪੰਥਕ ਵੋਟ ਬੈਂਕ ਰਿਹਾ ਹੈ ਅਤੇ ਨਾ ਹੀ ਕਿਸਾਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਦੀ ਵਾਰ ਵਾਰ ਉਲੰਘਣਾ ਕਰ ਰਹੇ ਹਨ, ਜਿਸ ਨੂੰ ਪੰਥ ਦਰਦੀ ਕਿਸੇ ਵੀ ਕੀਮਤ ‘ਤੇ ਮਨਜੂਰ ਨਹੀਂ ਕਰ ਸਕਦੇ ।
ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਭਰਤੀ ਬਾਰੇ ਕਿਹਾ ਸੁਖਬੀਰ ਸਿੰਘ ਬਾਦਲ ਕਾਨੂੰਨੀ ਅੜਚਣ ਦਾ ਬਹਾਨਾ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਤੋਂ ਭੱਜ ਰਹੇ ਹਨ। ਪਰਮਿੰਦਰ ਸਿੰਘ ਢੀਂਡਸਾ ਨੇ ਮੀਡੀਆ ਨੂੰ ਪੁਰੀ ਉਦਾਹਰਨ ਦੇ ਕੇ ਦੱਸਿਆ ਕਿ ਇਹ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਭੱਜਣ ਦੇ ਬਹਾਨਾ ਤੋਂ ਸਿਵਾਏ ਕੁਝ ਵੀ ਨਹੀਂ ਹੈ ਪਰ ਸਿੱਖ ਜਗਤ ਇਸ ਨੂੰ ਕਿਸੇ ਵੀ ਕੀਮਤ ‘ਤੇ ਪਰਵਾਨ ਨਹੀਂ ਕਰੇਗਾ । ਪਰਮਿੰਦਰ ਢੀਡਸਾ ਨੇ ਕਿਹਾ ਕਿ ਇਸ ਸਾਰੇ ਮਾਮਲੇ ਵਿਚ ਭਰਤੀ ਕਮੇਟੀ ਦੇ ਕਨਵੀਨਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਦੋਸ਼ੀ ਹਨ ਅਤੇ ਉਨ੍ਹਾਂ ਨੂੰ ਵੀ ਇਸ ‘ਤੇ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਇਸ ਮੌਕੇ ਪ੍ਰਕਾਸ਼ ਚੰਦ ਗਰਗ ਸਾਬਕਾ ਪਾਰਲੀਮਾਨਾ, ਗੁਰਬਚਨ ਸਿੰਘ ਬਚੀ ਸਾਬਕਾ ਏ. ਐਮ., ਭੁਪਿੰਦਰ ਸਿੰਘ ਸੇਖੁਪੁਰ ਹਲਕਾ ਇੰਚਾਰਜ਼ ਘਨੌਰ, ਰਣਧੀਰ ਸਿੰਘ ਰੱਖੜਾ ਸਾਬਕਾ ਚੇਅਰਮੈਨ, ਤੇਜਿੰਦਰਪਾਲ ਸਿੰਘ ਸੰਧੂ ਸਾਬਕਾ ਚੇਅਰਮੈਨ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਸ਼੍ਰੋਮਣੀ ਕਮੇਟੀ ਮੈਂਬਰ ਤੇਜਾ ਸਿੰਘ ਕਮਾਲਪੁਰ, ਸੁਖਵੰਤ ਸਿੰਘ ਸਰਾਉ ਰਿਟ: ਏ. ਡੀ. ਸੀ., ਕੈਪਟਨ ਖੁਸ਼ਵੰਤ ਸਿੰਘ ਢਿੱਲੋਂ, ਪ੍ਰੋ. ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਜਸਪ੍ਰੀਤ ਸਿੰਘ ਬੱਤਾ, ਜਤਿੰਦਰ ਸਿੰਘ ਪਹਾੜੀਪੁਰ, ਗੁਰਜੀਤ ਸਿੰਘ ਉਪਲੀ, ਗੁਰਜੰਟ ਸਿੰਘ ਨੂਰਖੇੜੀਆਂ, ਕੁਲਦੀਪ ਸਿੰਘ ਸਮਸਪੁਰ, ਜੰਗ ਸਿੰਘ ਰੁੜਕਾ, ਜਸਵਿੰਦਰਪਾਲ ਸਿੰਘ ਚੱਢਾ ਅਤੇ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਰਿੰਕੂ ਆਦਿ ਵੀ ਹਾਜ਼ਰ ਸਨ ।