ਪੂਰਬ ਅਤੇ ਪੱਛਮ ਦੇ ਸੰਗੀਤ ਸੰਗਮ ਨੇ ਮਹਿਕਾਇਆ ਮਾਹੌਲ

ਦੁਆਰਾ: Punjab Bani ਪ੍ਰਕਾਸ਼ਿਤ :Tuesday, 04 February, 2025, 12:49 PM

ਪੂਰਬ ਅਤੇ ਪੱਛਮ ਦੇ ਸੰਗੀਤ ਸੰਗਮ ਨੇ ਮਹਿਕਾਇਆ ਮਾਹੌਲ
-ਸਕਾਲਰ ਫੀਲਡਜ਼ ਸਕੂਲ ਵਿਖੇ ‘ਮਿਊਜ਼ਿਕੋਨਫਲੂਐਂਸ’ ਪ੍ਰੋਗਰਾਮ ਦਾ ਆਯੋਜਨ
-ਉਸਤਾਦ ਮੁਜਤਬਾ ਹੁਸੈਨ ਅਤੇ ਫਿਲ ਸਕਾਰਫ਼ ਨੇ ਸਰੋਤਿਆਂ ਦੇ ਮਨ ਮੋਹੇ
ਪਟਿਆਲਾ : ਉਸਤਾਦ ਮੁਜਤਬਾ ਹੁਸੈਨ ਦੀਆਂ ਬੰਸਰੀ ‘ਤੇ ਨੱਚਦੀਆਂ ਉਂਗਲਾਂ ਅਤੇ ਸੈਕਸੋਫੋਨ ਰਾਹੀਂ ਸੁਰ ਛੇੜਦੇ ਅਮਰੀਕਾ ਤੋਂ ਆਏ ਫਿਲ ਸਕਾਰਫ਼। ਭਾਰਤੀ ਸੰਗੀਤ ਤੇ ਸਭਿਆਚਾਰ ਦੀ ਪਛਾਣ ਬੰਸਰੀ ਅਤੇ ਪੱਛਮ ਦੇ ਸਾਜ ਸੈਕਸੋਫੋਨ ਦੇ ਇਸ ਸੁਰ ਸੰਗਮ ਨੇ ਮਾਹੌਲ ਨੂੰ ਮਹਿਕਾ ਦਿੱਤਾ । ਮੌਕਾ ਸੀ ਸਕਾਲਰ ਫੀਲਡਜ਼ ਪਬਲਿਕ ਸਕੂਲ ਵਿਖੇ ਆਯੋਜਿਤ ਸੰਗੀਤਕ ਪ੍ਰੋਗਰਾਮ ‘ਮਿਊਜ਼ੀਕੋਨਫਲੂਐਂਸ’ ਦਾ । ਇਸ ਸਮਾਰੋਹ ਵਿਚ ਸਕਾਲਰ ਫੀਲਡਜ਼ ਪਬਲਿਕ ਸਕੂਲ ਅਤੇ ਧੁਨ ਅਕੈਡਮੀ ਆਫ਼ ਮਿਊਜ਼ਿਕ ਐਂਡ ਕਲਚਰ ਵੱਲੋਂ ਪਟਿਆਲਾ ਆਰਟ ਐਂਡ ਕਲਚਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ । ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਸਕੂਲ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਡਾ. ਸੁਰਿੰਦਰ ਸਿੰਘ ਚੱਢਾ ਅਤੇ ਸਕੂਲ ਦੇ ਕਾਨੂੰਨੀ ਸਲਾਹਕਾਰ ਸੀਨੀਅਰ ਐਡਵੋਕੇਟ ਦੀਪਕ ਸੂਦ ਦੀ ਅਗਵਾਈ ਹੇਠ ਆਯੋਜਿਤ ਇਸ ਸਮਾਰੋਹ ਵਿੱਚ ਹਿਮਾਚਲ ਪ੍ਰਦੇਸ਼ ਦੇ ਆਈ. ਪੀ. ਐਸ. ਅਧਿਕਾਰੀ ਖੁਸ਼ਹਾਲ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਸਾਬਕਾ ਆਈਜੀ ਪਰਮਜੀਤ ਸਿੰਘ ਗਰੇਵਾਲ, ਸਾਬਕਾ ਐਸ. ਪੀ. ਦਰਸ਼ਨ ਸਿੰਘ ਘੁੰਮਣ, ਲਕਸ਼ਮੀ ਬਾਈ ਡੈਂਟ ਕਾਲਜ ਦੇ ਚੇਅਰਮੈਨ ਬੀ. ਡੀ. ਗੁਪਤਾ, ਪ੍ਰਸਿੱਧ ਆਰਕੀਟੈਕਟ ਆਰ. ਜੈਸਵਾਲ, ਉਦਯੋਗਪਤੀ ਨੀਰਜ ਖੰਨਾ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਸਾਬਕਾ ਪੀ. ਸੀ. ਐਸ. ਅਧਿਕਾਰੀ ਅਤੇ ਸੰਗੀਤ ਪ੍ਰੇਮੀ ਡਾ. ਸੁਧੀਰ ਬਾਤਿਸ਼ ਨੇ ਬਾਖ਼ੂਬੀ ਮੰਚ ਸੰਚਾਲਨ ਕੀਤਾ ।
ਥਾਪਰ ਯੂਨੀਵਰਸਿਟੀ ਦੀ ਫਿਜਿਕਸ ਪ੍ਰੋਫੈਸਰ ਡਾ. ਪੂਨਮ ਉਨਿਆਲ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਗਣੇਸ਼ ਅਤੇ ਸਰਸਵਤੀ ਵੰਦਨਾ ਪੇਸ਼ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ । ਜੀਵਨ ਵਿੱਚ ਸੰਗੀਤ ਦੇ ਮਹੱਤਵ ਬਾਰੇ ਦੱਸਦਿਆਂ ਉਸਤਾਦ ਡਾ. ਮੁਜ਼ਤਬਾ ਹੁਸੈਨ ਨੇ ਬੰਸਰੀ ਦੇ ਸੁਰ ਛੇੜੇ । ਉਸਤਾਦ ਹੁਸੈਨ ਨੇ ਰਾਗ ਭੈਰਵੀ ‘ਤੇ ਆਧਾਰਿਤ ਪੰਜਾਬੀ ਲੋਕ ਸੰਗੀਤ ਦੀਆਂ ਧੁਨਾਂ ਵਜਾਈਆਂ । ਇਸ ਤੋਂ ਬਾਅਦ ਫਿਲ ਸਕਾਰਫ਼ ਨੇ ਇੱਕ ਪੱਛਮੀ ਸਾਜ਼ ਸੈਕਸੋਫੋਨ ‘ਤੇ ਭਾਰਤੀ ਸ਼ਾਸਤਰੀ ਸੰਗੀਤ ਦਾ ਰਾਗ ਅਹੀਰ ਭੈਰਵ ਵਜਾ ਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ । ਫਿਰ ਉਸਤਾਦ ਹੁਸੈਨ ਅਤੇ ਫਿਲ ਸਕਾਰਫ਼ ਨੇ ਰਾਗ ਮਦਮਾਦ ਸਾਰੰਗ ਵਿੱਚ ਜੁਗਲਬੰਦੀ ਦੀ ਅਜਿਹੀ ਪੇਸ਼ਕਾਰੀ ਦਿੱਤੀ, ਜਿਸਨੂੰ ਸਰੋਤੇ ਲੰਬੇ ਸਮੇਂ ਤੱਕ ਭੁੱਲ ਨਹੀੰ ਸਕਣਗੇ । ਦਰਸ਼ਕਾਂ ਦੀ ਫਰਮਾਇਸ਼ ‘ਤੇ ਉਸਤਾਦ ਹੁਸੈਨ ਨੇ ਸੁਗਮ ਸੰਗੀਤ ਵੀ ਪੇਸ਼ ਕੀਤਾ । ਜੈਪੁਰ ਘਰਾਣੇ ਦੇ ਯੂਨਸ ਹੁਸੈਨ ਨੇ ਆਪਣੇ ਤਬਲਾ ਵਾਦਨ ਨਾਲ ਦਰਸ਼ਕਾਂ ਦੀ ਪ੍ਰਸ਼ੰਸਾ ਪ੍ਰਾਪਤ ਕੀਤੀ । ਮੁੱਖ ਮਹਿਮਾਨ ਆਈ. ਪੀ. ਐਸ. ਖੁਸ਼ਹਾਲ ਸ਼ਰਮਾ ਨੇ ਵੀ ਅਮਰੀਕੀ ਸੰਗੀਤ ਯੰਤਰ ਯੂਕੋਲੇਲੇ ਤੇ ਪਹਾੜੀ, ਪੰਜਾਬੀ ਅਤੇ ਬਿਹਾਰੀ ਲੋਕ ਸੰਗੀਤ ਗਾ ਕੇ ਮਹਿਫ਼ਿਲ ਨੂੰ ਇੱਕ ਵੱਖਰਾ ਰੰਗ ਦਿੱਤਾ । ਮਸ਼ਹੂਰ ਪੰਜਾਬੀ ਗਾਇਕ ਮਨਦੀਪ ਸੂਫੀ ਨੇ ਵੀ ਆਪਣੀ ਆਵਾਜ਼ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ । ਸਕੂਲ ਦੇ ਪ੍ਰਿੰਸੀਪਲ ਬ੍ਰਜੇਸ਼ ਸਕਸੇਨਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਸਕੂਲ ਦੇ ਵਾਈਸ ਚੇਅਰਮੈਨ ਕਰਨੈਲ ਸਿੰਘ ਅਰੋੜਾ, ਡਾਇਰੈਕਟਰ ਐੱਸ. ਐੱਸ. ਸੋਢੀ, ਐਡਵੋਕੇਟ ਮੂਸਾ ਖਾਨ, ਧੁੰਨ ਅਕੈਡਮੀ ਦੀ ਚੇਅਰਪਰਸਨ ਸਪਨਾ ਹੁਸੈਨ, ਪਟਿਆਲਾ ਆਰਟ ਐਂਡ ਕਲਚਰ ਫਾਊਂਡੇਸ਼ਨ ਦੇ ਕਨਵੀਨਰ ਅਤੇ ਕਲਾ ਸੇਵੀ ਅਮਨ ਅਰੋੜਾ, ਅੰਮ੍ਰਿਤਪਾਲ ਕੌਰ ਅਮਨ, ਹਰਸਿਮਰਨ ਸਿੰਘ, ਸਹਿਜਦੀਪ ਸਿੰਘ ਜੱਗੀ, ਕਮਲ ਚਾਹਲ, ਵਾਈਸ ਪ੍ਰਿੰਸੀਪਲ ਮੀਨਾਕਸ਼ੀ ਸਕਸੈਨਾ, ਸਕੂਲ ਅਧਿਆਪਕ, ਵਿਦਿਆਰਥੀ ਅਤੇ ਹੋਰ ਪਤਵੰਤੇ ਹਾਜ਼ਰ ਸਨ ।