ਡਲੇਵਾਲ ਦਾ ਮਰਨ ਵਰਤ 71ਵੇਂ ਦਿਨ 'ਚ

ਡਲੇਵਾਲ ਦਾ ਮਰਨ ਵਰਤ 71ਵੇਂ ਦਿਨ ‘ਚ
ਮਹਾ ਪੰਚਾਇਤਾਂ ਲਈ ਕਿਸਾਨਾਂ ਨੇ ਵਿੱਢੀਆਂ ਤਿਆਰੀਆਂ
-ਕਿਸਾਨ ਵਿਰੋਧੀ ਬਜਟ ਪੇਸ਼ ਕਰਕੇ ਕੇਂਦਰ ਨੇ ਕਿਸਾਨਾਂ ਦੇ ਜਖਮਾਂ ‘ਤੇ ਨਮਕ ਛਿੜਕਿਆ
ਪਟਿਆਲਾ : ਖਨੌਰੀ ਕਿਸਾਨ ਮੋਰਚੇ ਉੱਪਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 71ਵੇਂ ਦਿਨ ਵੀ ਜਾਰੀ ਰਿਹਾ ਤੇ ਉਨ੍ਹਾ ਦੇ ਹਾਲਾਤ ਚਿੰਤਾਜਨਕ ਹਨ । ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਫੋਰਮਾਂ ਦੀ ਸ਼ੰਭੂ ਮੋਰਚੇ ਉੱਪਰ ਕੱਲ ਦੇਰ ਰਾਤ ਮੀਟਿੰਗ ਹੋਈ, ਜਿਸ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਬਾਰਡਰਾਂ ਉੱਪਰ ਲੜੇ ਜਾ ਰਹੇ ਅੰਦੋਲਨ ਦੇ ਇੱਕ ਸਾਲ ਪੂਰਾ ਹੋਣ ਸਮੇਂ 11 ਫਰਵਰੀ ਰਤਨਪੁਰਾ, 12 ਫਰਵਰੀ ਖਨੌਰੀ ਅਤੇ 13 ਫਰਵਰੀ ਨੂੰ ਸ਼ੰਭੂ ਕਿਸਾਨ ਮੋਰਚੇ ਉੱਪਰ ਹੋ ਰਹੀਆਂ ਕਿਸਾਨ ਮਹਾਂ ਪੰਚਾਇਤਾਂ ਦੇ ਪ੍ਰਬੰਧਾਂ ਸੰਬੰਧੀ ਡਿਊਟੀਆਂ ਲਗਾਈਆਂ ਗਈਆਂ ਅਤੇ ਮੋਰਚੇ ਦੀ ਅੱਗੇ ਦੀ ਰਣਨੀਤੀ ਅਤੇ ਅੱਗੇ ਦੇ ਪ੍ਰੋਗਰਾਮਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ । ਕਿਸਾਨ ਨੇਤਾ ਸਰਵਨ ਸਿੰਘ ਪੰਧੇਰ, ਕਾਕਾ ਸਿੰਘ ਕੋਟੜਾ, ਅਭਿਮਯੂ ਕੋਹਾੜ ਨੇ ਦੱਸਿਆ ਕਿ 14 ਫਰਵਰੀ ਨੂੰ ਸਰਕਾਰ ਨਾਲ ਹੋਣ ਵਾਲੀ ਗੱਲਬਾਤ ਸੰਬੰਧੀ ਰਣਨੀਤੀ ਉਡੀਕਣ ਵਾਸਤੇ ਜਲਦ ਹੀ ਦੋਨੋਂ ਫੋਰਮਾਂ ਦੀ ਮੀਟਿੰਗ ਦੁਬਾਰਾ ਤੋ ਕੀਤੀ ਜਾਵੇਗੀ ਅਤੇ ਉਸ ਮੀਟਿੰਗ ਵਿੱਚ ਸਰਕਾਰ ਨਾਲ ਗੱਲਬਾਤ ਲਈ ਜਾਣ ਵਾਲੇ ਡੈਲੀਗੇਸ਼ਨ ਦੇ ਨਾਮ ਤੈਅ ਕੀਤੇ ਜਾਣਗੇ । ਕਿਸਾਨ ਆਗੂ ਦੱਸਿਆ ਕਿ ਰਤਨਪੁਰਾ ਮੋਰਚੇ ਉੱਪਰ 11 ਫਰਵਰੀ ਨੂੰ ਹੋਣ ਵਾਲੀ ਮਹਾਂ ਪੰਚਾਇਤ ਵਿੱਚ ਜਾਣ ਵਾਸਤੇ ਪੰਜਾਬ ਅਤੇ ਹਰਿਆਣਾ ਵਿੱਚ, ਰਤਨਪੁਰਾ ਕਿਸਾਨ ਮੋਰਚੇ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੀਟਿੰਗਾਂ ਕਰਕੇ ਮੋਰਚਿਆਂ ਵੱਲੋਂ ਡਿਊਟੀਆਂ ਲਗਾਈਆ ਜਾ ਰਹੀਆਂ ਹਨ ਅਤੇ ਵੱਡੀ ਗਿਣਤੀ ਦੇ ਵਿੱਚ 11 ਤਰੀਕ ਨੂੰ ਰਤਨਪੁਰਾ (ਰਾਜਸਥਾਨ) ਮਹਾਂ ਪੰਚਾਇਤ ਵਿੱਚ ਕਿਸਾਨ ਪਹੁੰਚਣਗੇ ।
