ਕਾਰ ਸੇਵਾ ਨੂਰਜੀ ਵਲੋਂ ਗੁਰੂਘਰਾਂ ਦੇ ਪਾਠੀ ਸਿੰਘਾਂ ਲਈ ਵੱਡਾ ਉਪਰਾਲਾ

ਕਾਰ ਸੇਵਾ ਨੂਰਜੀ ਵਲੋਂ ਗੁਰੂਘਰਾਂ ਦੇ ਪਾਠੀ ਸਿੰਘਾਂ ਲਈ ਵੱਡਾ ਉਪਰਾਲਾ
ਘੱਟ ਤਨਖਾਹ ਵਾਲੇ ਪਾਠੀ ਸਿੰਘਾਂ ਨੂੰ ਪੱਲਿਓਂ 21 ਹਜ਼ਾਰ ਰੁਪਏ ਤਨਖਾਹ ਦੇਣ ਦਾ ਐਲਾਨ
– ਵੱਧ ਆਮਦਨ ਵਾਲੇ ਗੁਰੂਘਰਾਂ ਦੀਆਂ ਕਮੇਟੀਆਂ ਪਾਠੀ ਸਿੰਘਾਂ ਦੀ ਤਨਖਾਹ ਐਨੀ ਕਰਨ : ਸੋਢੀ
– ਕਿਹਾ ਪਾਠੀ ਸਿੰਘਾਂ ਨੂੰ ਸੰਭਾਲਣਾ ਸਾਡਾ ਸਭ ਦਾ ਫਰਜ
ਪਟਿਆਲਾ : ਕਾਰ ਸੇਵਾ ਨੂਰ ਜੀ ਲੁਧਿਆਣਾ ਵਲੋਂ ਅੱਜ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਕਿਹਾ ਕਿ ਗੁਰੂਘਰਾਂ ਦੇ ਪਾਠੀ, ਰਾਗੀ ਸਿੰਘਾਂ ਦੀ ਤਨਖਾਹ ਘੱਟੋ ਘੱਟੋ 21 ਹਜ਼ਾਰ ਰੁਪਏ ਕੀਤੀ ਜਾਵੇ । ਇਸ ਮੌਕੇ ਚੇਅਰਮੈਨ ਭੁਪਿੰਦਰ ਸਿੰਘ ਸੋਢੀ ਚੇਅਰਮੈਨ ਨੇ ਐਲਾਨ ਕੀਤਾ ਕਿ ਜਿਹੜੇ ਗੁਰੂਘਰਾਂ ਦੀ ਆਮਦਨ ਘੱਟ ਹੈ ਤੇ ਉਹ ਗੁਰੂਘਰਾਂ ਦੇ ਪਾਠੀ ਸਿੰਘਾਂ ਨੂੰ ਇੰਨੀ ਤਨਖਾਹ ਨਹੀਂ ਦੇ ਸਕਦੇ, ਉਨ੍ਹਾਂ ਗੁਰੂਘਰਾਂ ਦੀ ਵਿੱਤੀ ਸਹਾਇਤਾ ਸਾਡੀ ਸੰਸਥਾ ਕਰੇਗੀ । ਉਨ੍ਹਾਂ ਕਿਹਾ ਕਿ ਸੌ ਜਾਂ ਹਜ਼ਾਰ ਹੀ ਨਹੀਂ ਚਾਹੇ ਜਿੰਨੇ ਮਰਜ਼ੀ ਗੁਰੂਘਰ ਹੋਣ ਉਹ ਸਭ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਲਈ ਸੇਵਾ ਕਰਨ ਨੂੰ ਤਿਆਰ ਹਨ। ਇਹ ਵਿੱਤੀ ਮੱਦਦ ਸਿਰਫ ਤੇ ਸਿਰਫ ਪਾਠੀ ਸਿੰਘਾਂ ਲਈ ਹੋਵੇਗੀ । ਇਸ ਲਈ ਗੁਰਦੁਆਰਾ ਸਾਹਿਬ ਦੀ ਕਮੇਟੀ ਉਨ੍ਹਾਂ ਨਾਲ ਸੰਪਰਕ ਕਰ ਸਕਦੀ ਹੈ । ਭੁਪਿੰਦਰ ਸਿੰਘ ਸੋਢੀ ਨੇ ਕਿਹਾ ਕਿ ਪਾਠੀ ਸਿੰਘ ਸਾਨੂੰ ਜਿਥੇ ਸ਼ਬਦ ਗੁਰਬਾਣੀ ਨਾਲ ਜੋੜਦੇ ਹਨ, ਉਥੇ ਹੀ ਮਾਮੂਲੀ ਜਿਹੀ ਤਨਖਾਹ ’ਤੇ ਜੀਵਨ ਬਸਰ ਕਰ ਰਹੇ ਹਨ, ਇਸ ਲਈ ਉਨ੍ਹਾਂ ਦਾ ਆਰਥਿਕ ਤੌਰ ’ਤੇ ਜੀਵਨ ਪੱਧਰ ਉੱਚਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ, ਜੇਕਰ ਅਸੀਂ ਹੁਣ ਕਥਾਵਾਚਕ, ਰਾਗੀ-ਪਾਠੀ ਸਿੰਘਾਂ ਨੂੰ ਨਾ ਸੰਭਾਲਿਆ ਤਾਂ ਆਉਣ ਵਾਲੇ ਸਮੇਂ ਵਿਚ ਸੰਗਤ ਇਸ ਸੇਵਾ ਤੇ ਕਾਰਜ ਤੋਂ ਮੂੰਹ ਮੌੜ ਲਵੇਗੀ, ਇਸ ਲਈ ਸਾਡੀ ਸੰਸਥਾ ਵਲੋਂ ਪੰਜਾਬ ਭਰ ਦੇ ਪਾਠੀ ਸਿੰਘਾਂ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ । ਕਿਸੇ ਵੀ ਗੁਰਦੁਆਰਾ ਸਾਹਿਬ ਦੇ ਕਮੇਟੀ ਇਕ ਪਾਠੀ ਸਿੰਘ ਨੂੰ ਜਿੰਨੀ ਮਰਜ਼ੀ ਤਨਖਾਹ ਦਿੰਦੀ ਹੈ, ਅਸੀਂ ਹਰਇਕ ਪਾਠੀ ਸਿੰਘ ਨੂੰ 21 ਹਜ਼ਾਰ ਰੁਪਏ ਤਨਖਾਹ ਦੇਣ ਲਈ ਬਚਨਵੱਧ ਹਾਂ। ਇਸ ਤੋਂ ਬਿਨ੍ਹਾਂ ਕਾਰ ਸੇਵਾ ਨੂਰ ਜੀ ਵਲੋਂ 5 ਫਰਵਰੀ ਨੂੰ ਆਰਥਿਕ ਤੌਰ ’ਤੇ ਗਰੀਬ ਧੀਆਂ ਦੇ ਵਿਆਹ ਵੀ ਕਰਵਾਏ ਜਾਣਗੇ, ਜਿਸ ਦਾ ਸਾਰਾ ਖਰਚਾ ਉਨ੍ਹਾਂ ਵਲੋਂ ਕੀਤਾ ਜਾਵੇਗਾ ।
