ਪੰਜਾਬੀ ਯੂਨੀਵਰਸਿਟੀ ਵਿਖੇ ਹੋਏ ਫ਼ਿਲਮ ਫ਼ੈਸਟੀਵਲ ਵਿੱਚ ਫ਼ਿਲਮੀ ਗਾਇਕ ਸਵਰਗੀ ਮੁਹੰਮਦ ਰਫ਼ੀ ਨੂੰ ਸਮਰਪਿਤ ਕੀਤਾ ਗਿਆ ਇੱਕ ਵਿਸ਼ੇਸ਼ ਸੈਸ਼ਨ
ਪੰਜਾਬੀ ਯੂਨੀਵਰਸਿਟੀ ਵਿਖੇ ਹੋਏ ਫ਼ਿਲਮ ਫ਼ੈਸਟੀਵਲ ਵਿੱਚ ਫ਼ਿਲਮੀ ਗਾਇਕ ਸਵਰਗੀ ਮੁਹੰਮਦ ਰਫ਼ੀ ਨੂੰ ਸਮਰਪਿਤ ਕੀਤਾ ਗਿਆ ਇੱਕ ਵਿਸ਼ੇਸ਼ ਸੈਸ਼ਨ
ਪਟਿਆਲਾ, 31 ਜਨਵਰੀ
ਪੰਜਾਬੀ ਯੂਨੀਵਰਸਿਟੀ ਵਿਖੇ ਹੋਏ ਫ਼ਿਲਮ ਫ਼ੈਸਟੀਵਲ ਵਿਚ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਮਸ਼ਹੂਰ ਫ਼ਿਲਮੀ ਗਾਇਕ ਸਵਰਗੀ ਮੁਹੰਮਦ ਰਫ਼ੀ ਨੂੰ ਸਮਰਪਿਤ ਇੱਕ ਵਿਸੇਸ਼ ਸੈਸ਼ਨ ਕਲਾ ਭਵਨ ਵਿਖੇ ਕੀਤਾ ਗਿਆ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਵਿਖੇ ਥੀਏਟਰ ਅਤੇ ਫ਼ਿਲਮ ਨਿਰਮਾਣ ਵਿਭਾਗ ਦੇ ਸਹਿਯੋਗ ਨਾਲ਼ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਕਰਵਾਏ ਗਏ ਇਸ ਤਿੰਨ ਦਿਨਾ ਵਾਤਾਵਰਣ ਅਤੇ ਸਿਨੇਮਾ ਉਤਸਵ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।
ਥੀਏਟਰ ਅਤੇ ਫਿਲਮ ਨਿਰਮਾਣ ਵਿਭਾਗ ਦੇ ਮੁਖੀ ਡਾ. ਹਰਜੀਤ ਸਿੰਘ ਅਤੇ ਆਯੋਜਨ ਨਾਲ਼ ਜੁੜੀ ਸੰਸਥਾ ਪਰਦਾ ਵੈਲਫੇਅਰ ਸੋਸਾਇਟੀ ਦੇ ਡਾਇਰੈਕਟਰ ਅਮਨਿੰਦਰ ਸਿੰਘ ਨੇ ਦੱਸਿਆ ਕਿ 2024 ਦਾ ਵਰ੍ਹਾ ਮੁਹੰਮਦ ਰਫ਼ੀ ਦਾ ਜਨਮ ਸ਼ਤਾਬਦੀ ਵਰ੍ਹਾ ਸੀ। ਇਸ ਲਈ ਮੁਹੰਮਦ ਰਫ਼ੀ ਬਾਰੇ ਇੱਕ ਵਿਸ਼ੇਸ਼ ਸੈਸ਼ਨ ਉਲੀਕਿਆ ਗਿਆ।
ਸੰਗੀਤ ਵਿਭਾਗ ਦੇ ਪ੍ਰੋਫ਼ੈਸਰ ਡਾ. ਨਿਵੇਦਿਤਾ ਸਿੰਘ ਨੇ ਪ੍ਰੋਗਰਾਮ ਦੀ ਵਿਉਂਤਬੰਦੀ ਅਤੇ ਸੰਚਾਲਨ ਕਰਦੇ ਹੋਏ ਮੁਹੰਮਦ ਰਫ਼ੀ ਦੇ ਸ਼ੁਰੂਆਤੀ ਜੀਵਨ ਅਤੇ ਸੰਘਰਸ਼ ਬਾਰੇ ਦਿਲਚਸਪ ਢੰਗ ਨਾਲ਼ ਦਰਸ਼ਕਾਂ ਅਤੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ 24 ਦਿਸੰਬਰ,1924 ਵਿਚ ਅਣਵੰਡੇ ਪੰਜਾਬ ਦੇ ਪਿੰਡ ਕੋਟਲਾ ਸੁਲਤਾਨ ਸਿੰਘ ਵਿਚ ਰਫ਼ੀ ਦਾ ਜਨਮ ਹੋਇਆ। 1935 ਵਿਚ ਪਿਤਾ ਲਾਹੌਰ ਵਿਖੇ ਚਲੇ ਗਏ ਤੇ ਰਫ਼ੀ ਨੂੰ ਲਾਹੌਰ ਦਾ ਸੰਗੀਤਕ ਮਾਹੌਲ ਬਹੁਤ ਰਾਸ ਆਇਆ।
ਉਨ੍ਹਾਂ ਦੱਸਿਆ ਕਿ ਆਪਣੇ ਜੀਵਨ ਕਾਲ ਵਿਚ ਰਫ਼ੀ ਨੂੰ ਛੇ ਫ਼ਿਲਮ ਫ਼ੇਅਰ ਐਵਾਰਡ ਪ੍ਰਾਪਤ ਹੋਏ ਅਤੇ ਇੱਕ ਨੈਸ਼ਨਲ ਐਵਾਰਡ ਹਾਸਿਲ ਹੋਇਆ। ਲਗਭਗ 7000 ਗੀਤਾਂ ਦੀ ਰਿਕਾਰਡਿੰਗ ਕਰਵਾਈ ਜਿਹਨਾਂ ਵਿੱਚੋਂ ਬਹੁਗਿਣਤੀ ਹਿੰਦੁਸਤਾਨੀ, ਉਰਦੂ ਅਤੇ ਪੰਜਾਬੀ ਭਾਸ਼ਾਵਾਂ ਵਿਚ ਹਨ। ਫ਼ਿਲਮਾਂ ਨਾਲ ਸਬੰਧਿਤ ਮਸ਼ਹੂਰ ਰਸਾਲੇ ਸਟਾਰਡਸਟ ਵਲੋਂ ਮੁਹੰਮਦ ਰਫੀ ਨੂੰ ਸਦੀ ਦਾ ਗਾਇਕ ਐਲਾਨਿਆ ਗਿਆ ਜੋ ਸਮੁੱਚੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ।
ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵਲੋਂ ਮੁਹੰਮਦ ਰਫ਼ੀ ਦੇ ਚੋਣਵੇਂ ਗੀਤਾਂ ਦਾ ਗਾਇਨ ਕੀਤਾ ਗਿਆ ਜਿਸਨੇ ਮੌਜੂਦ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਇਸ ਅਵਸਰ ਉੱਤੇ ਮੁਖ ਮਹਿਮਾਨ ਵਜੋਂ ਪਧਾਰੇ ਉੱਘੇ ਫ਼ਿਲਮ ਅਦਾਕਾਰ ਅਤੇ ਲੇਖਕ ਰਾਣਾ ਰਣਬੀਰ ਨੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਵਿਹੜੇ ਵਿਚ ਉਹਨਾਂ ਬਹੁਤ ਕੁੱਝ ਸਿੱਖਿਆ ਹੈ। ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੀ ਜਾਣਕਾਰੀ ਵਿਚ ਬਹੁਤ ਵਾਧਾ ਕਰਦੇ ਹਨ।
ਪ੍ਰੋਗਰਾਮ ਵਿਚ ਉੱਘੇ ਫ਼ਿਲਮ ਅਦਾਕਾਰ ਹਰਜੀਤ ਵਾਲੀਆ, ਬਲਜਿੰਦਰ ਕੌਰ, ਸਵਿੰਦਰ ਵਿੱਕੀ, ਨਵਦੀਪ ਕਲੇਰ, ਦਲਜੀਤ ਡਾਲੀ, ਨਰਿੰਦਰ ਗੱਖੜ, ਅਸ਼ਨੀਨ ਚੌਹਾਨ, ਸਿਮਰਨ ਚੌਹਾਨ ਅਤੇ ਫ਼ਿਲਮ ਲੇਖਕ ਜਗਦੀਪ ਬੜਿੰਗ ਅਤੇ ਜੀਵਾ ਵਿਸ਼ੇਸ਼ ਰੂਪ ਵਿਚ ਹਾਜ਼ਰ ਰਹੇ। ਪ੍ਰੌਗਰਾਮ ਵਿਚ ਭਰਵੀਂ ਗਿਣਤੀ ਵਿਚ ਦਰਸ਼ਕਾਂ ਨੇ ਰਫ਼ੀ ਦੇ ਗੀਤਾਂ ਦਾ ਆਨੰਦ ਮਾਣਿਆ ਅਤੇ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ।