ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ ਦੀ 47ਵੀਂ ਅਥਲੈਟਿਸ ਮੀਟ ਅਤੇ ਇਨਾਮ ਵੰਡ ਸਮਾਰੋਹ ਸੰਪੰਨ

ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ ਦੀ 47ਵੀਂ ਅਥਲੈਟਿਸ ਮੀਟ ਅਤੇ ਇਨਾਮ ਵੰਡ ਸਮਾਰੋਹ ਸੰਪੰਨ
-ਅਕਾਦਮਿਕ ਗਤੀਵਿਧੀਆਂ ਦੇ ਨਾਲ਼-ਨਾਲ਼ ਖੇਡਾਂ ਵਿੱਚ ਭਾਗ ਲੈਣਾ ਸਰੀਰ ਅਤੇ ਮਨ ਨੂੰ ਰਖਦਾ ਹੈ ਤੰਦਰੁਸਤ : ਪ੍ਰੋ. ਸੰਜੀਵ ਪੁਰੀ
ਪਟਿਆਲਾ, 31 ਜਨਵਰੀ : ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ ਦੀ 47ਵੀਂ ਅਥਲੈਟਿਸ ਮੀਟ ਅਤੇ ਇਨਾਮ ਵੰਡ ਸਮਾਰੋਹ ਸੰਪੰਨ ਹੋ ਗਏ।
ਮੁੱਖ ਮਹਿਮਾਨ ਵਜੋਂ ਪੁੱਜੇ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਬਹੁਤ ਮਹੱਤਵਪੂਰਨ ਅੰਗ ਹਨ । ਅਕਾਦਮਿਕ ਗਤੀਵਿਧੀਆਂ ਦੇ ਨਾਲ਼-ਨਾਲ਼ ਖੇਡਾਂ ਵਿੱਚ ਭਾਗ ਲੈਣਾ ਸਰੀਰ ਅਤੇ ਮਨ ਨੂੰ ਤੰਦਰੁਸਤ ਰੱਖਦਾ ਹੈ, ਇਸ ਲਈ ਵਿਦਿਆਰਥੀਆਂ ਨੂੰ ਵਧ ਚੜ੍ਹ ਕੇ ਖੇਡਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ । ਵਿਸ਼ੇਸ਼ ਮਹਿਮਾਨ ਵਿੱਤ ਅਫ਼ਸਰ ਡਾ. ਪਰਮੋਦ ਅਗਰਵਾਲ ਨੇ ਕਿਹਾ ਕਿ ਸੀਨੀਅਰ ਸੈਕੰਡਰੀ ਮਾਡਲ ਸਕੂਲ ਦੇ ਵਿਦਿਆਰਥੀ ਖੇਡਾਂ ਦੇ ਮਹੱਤਵ ਨੂੰ ਬਾਖ਼ੂਬੀ ਸਮਝਦੇ ਹਨ । ਇਸੇ ਲਈ ਸਕੂਲ ਦੀਆਂ ਪ੍ਰਾਪਤੀਆਂ ਸਲਾਹੁਣਯੋਗ ਹਨ । ਵਿਸ਼ੇਸ਼ ਮਹਿਮਾਨ ਡੀਨ ਕਾਲਜ ਵਿਕਾਸ ਪ੍ਰੀਸ਼ਦ ਡਾ. ਬਲਰਾਜ ਸਿੰਘ ਵੱਲੋਂ ਆਪਣੇ ਸੰਬੋਧਨ ਵਿੱਚ ਸਕੂਲ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ।
ਵਿਸ਼ੇਸ਼ ਮਹਿਮਾਨ ਡਾ. ਰਮਨ ਮੈਨੀ, ਡਾਇਰੈਕਟਰ ਯੂ. ਜੀ. ਸੀ.-ਐਮ. ਐਮ. ਟੀ. ਟੀ. ਸੀ. ਅਤੇ ਡਾ. ਰਗੀਨਾ ਮੈਨੀ, ਸੀਨੀਅਰ ਮੈਡੀਕਲ ਅਫ਼ਸਰ ਨੇ ਵੀ ਇਸ ਮੌਕੇ ਸੰਬੋਧਨ ਕਰਦਿਆਂ ਖੇਡਾਂ ਦੇ ਮਹੱਤਵ ਦੇ ਹਵਾਲੇ ਨਾਲ਼ ਗੱਲ ਕੀਤੀ । ਸਕੂਲ ਇੰਚਾਰਜ ਸਤਵੀਰ ਸਿੰਘ ਨੇ ਦੱਸਿਆ ਕਿ ਇਸ ਵਿੱਚ ਵਿਦਿਆਰਥੀਆਂ ਨੇ 72 ਟਰੈਕ ਈਵੈਂਟਸ ਅਤੇ 15 ਫੀਲਡ ਈਵੈਂਟਸ ਵਿੱਚ ਹਿੱਸਾ ਲਿਆ । ਉਨ੍ਹਾਂ ਦੱਸਿਆ ਕਿ +1 ਆਰਟਸ ਦੇ ਗੁਰਵੀਰਦਿੱਤਾ ਸਿੰਘ ਅਤੇ ਦੀਆ ਨੂੰ ਕ੍ਰਮਵਾਰ ਮੁੰਡਿਆਂ ਅਤੇ ਕੁੜੀਆਂ ਵਿੱਚੋਂ ਸਰਵੋਤਮ ਐਥਲੀਟ ਐਲਾਨਿਆ ਗਿਆ । ਬਾਬਾ ਫਤਿਹ ਸਿੰਘ ਹਾਊਸ ਨੇ ਓਵਰਆਲ ਟਰਾਫੀ ਜਿੱਤੀ ।
ਮੀਟ ਦੇ ਦੌਰਾਨ ਪੰਜਾਬ ਪੁਲਿਸ ਦੇ ਡੀ. ਐੱਸ. ਪੀ. ਮਨੋਜ ਗੌਰਸੀ ਜੀ (ਪਟਿਆਲਾ ਦਿਹਾਤੀ) ਦੀ ਅਗਵਾਈ ਹੇਠ ਸਾਂਝ ਕੇਂਦਰ ਦੇ ਇੰਚਾਰਜ ਸਬ ਇੰਸਪੈਕਟਰ ਜਸਪਾਲ ਸਿੰਘ ਅਤੇ ਏ. ਐਸ. ਆਈ ਭੂਪਿੰਦਰ ਸਿੰਘ ਦੇ ਟੀਮ ਨੇ ਬੱਚਿਆਂ ਨੂੰ ਟਰੈਕ ਸੂਟ, ਰਜਿਸਟਰ, ਪਾਣੀ ਦੀਆ ਬੋਤਲਾ ਅਤੇ ਖਾਣ ਲਈ ਕੇਲੇ, ਬਿਸਕੂਟ ਅਤੇ ਚਾਕਲੇਟ ਆਦਿ ਸਮਾਨ ਮੁਹਈਆ ਕਰਵਾਇਆ । ਪ੍ਰੋਫੈਸਰ ਅਨਿਲ ਸ਼ਰਮਾ, ਯੂ. ਸੀ. ਓ. ਈ., ਪੀ. ਟੀ. ਏ. ਪ੍ਰਧਾਨ ਕਸ਼ਮੀਰ ਸਿੰਘ ਅਤੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵੱਖ- ਵੱਖ ਉੱਚ ਅਧਿਕਾਰੀ ਵੀ ਮੌਜੂਦ ਸਨ । ਅੰਤ ਵਿੱਚ ਸਕੂਲ ਇੰਚਾਰਜ ਸਤਵੀਰ ਸਿੰਘ ਨੇ ਸਾਰੇ ਮਹਿਮਾਨਾਂ ਅਤੇ ਸਟਾਫ਼ ਦਾ ਧੰਨਵਾਦ ਕੀਤਾ ।
