ਕਿਸਾਨ ਨੇਤਾ ਜਗਜੀਤ ਡੱਲੇਵਾਲ ਦੇ ਮਰਨ ਵਰਤ ਨੂੰ ਦੋ ਮਹੀਨੇ ਹੋਏ ਪੂਰੇ, ਭਲਕੇ ਦੇਸ਼ ਭਰ ‘ਚ ਕੱਢੇ ਜਾਣਗੇ ਟਰੈਕਟਰ ਮਾਰਚ

ਦੁਆਰਾ: Punjab Bani ਪ੍ਰਕਾਸ਼ਿਤ :Saturday, 25 January, 2025, 06:09 PM

ਕਿਸਾਨ ਨੇਤਾ ਜਗਜੀਤ ਡੱਲੇਵਾਲ ਦੇ ਮਰਨ ਵਰਤ ਨੂੰ ਦੋ ਮਹੀਨੇ ਹੋਏ ਪੂਰੇ, ਭਲਕੇ ਦੇਸ਼ ਭਰ ‘ਚ ਕੱਢੇ ਜਾਣਗੇ ਟਰੈਕਟਰ ਮਾਰਚ
ਪਟਿਆਲਾ : ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 61ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਦਾਤਾ ਸਿੰਘ ਵਾਲਾ-ਖਨੌਰੀ ਕਿਸਾਨ ਮੋਰਚੇ ’ਤੇ ਚੱਲ ਰਹੇ ਇਸ ਇਤਿਹਾਸਿਕ ਸਤਿਆਗ੍ਰਹਿ ਨੂੰ ਦੋ ਮਹੀਨੇ ਪੂਰੇ ਹੋ ਚੁੱਕੇ ਹਨ । ਕਿਸਾਨ ਨੇਤਾਵਾਂ ਨੇ ਦੱਸਿਆ ਕਿ ਇਹ ਮੋਰਚਾ ਪੂਰੀ ਤਰ੍ਹਾਂ ਕਿਸਾਨਾਂ ਦੀਆਂ ਮੰਗਾਂ ’ਤੇ ਕੇਂਦ੍ਰਿਤ ਹੈ ਅਤੇ ਕਿਸੇ ਹੋਰ ਮੁੱਦੇ ਨਾਲ ਇਸਦਾ ਕੋਈ ਲੈਣਾ-ਦੇਣਾ ਨਹੀਂ ਹੈ । ਉਨ੍ਹਾਂ ਲੋਕਾਂ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਪਵਿੱਤਰ ਅੰਦੋਲਨ ਨੂੰ ਅਪਵਿੱਤਰ ਕਰਨ ਦੀ ਕੋਈ ਵੀ ਕੋਸ਼ਿਸ਼ ਨਾ ਕੀਤੀ ਜਾਵੇ । ਹੁਣ ਡੱਲੇਵਾਲ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਵੇਖਣ ਨੂੰ ਮਿਲ ਰਿਹਾ ਹੈ। ਸੁਪਰੀਮ ਕੋਰਟ ਵੱਲੋਂ ਪੀ. ਜੀ. ਆਈ. ਵਿੱਚ ਇਲਾਜ ਕਰਵਾਉਣ ਦੇ ਸੁਝਾਅ ਨੂੰ ਡੱਲੇਵਾਲ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ, ਇਸ ਦੇ ਨਾਲ ਹੀ, ਬੀਤੇ ਦਿਨ ਡੱਲੇਵਾਲ ਲੰਮੇ ਸਮੇਂ ਬਾਅਦ ਧੂਪ ਵਿੱਚ ਨਿਕਲੇ । ਡਾਕਟਰੀ ਟੀਮ ਦੀ ਕੋਸ਼ਿਸ਼ ਹੈ ਕਿ ਡੱਲੇਵਾਲ ਨੂੰ 14 ਫਰਵਰੀ ਤੱਕ ਪੂਰੀ ਤਰ੍ਹਾਂ ਤੰਦਰੁਸਤ ਕੀਤਾ ਜਾਵੇ, ਤਾਂ ਜੋ ਉਹ ਮੀਟਿੰਗ ਵਿੱਚ ਮੇਜ਼ ’ਤੇ ਬੈਠ ਕੇ ਗੱਲਬਾਤ ਕਰ ਸਕਣ । ਕਿਸਾਨ ਨੇਤਾਵਾਂ ਨੇ ਦੱਸਿਆ ਕਿ 26 ਜਨਵਰੀ ਨੂੰ ਪੂਰੇ ਦੇਸ਼ ਵਿੱਚ ਦੁਪਹਿਰ 12 ਵਜੇ ਤੋਂ 1:30 ਵਜੇ ਤੱਕ ਕਿਸਾਨਾਂ ਦੇ ਟ੍ਰੈਕਟਰ ਸੜਕਾਂ ’ਤੇ ਹੋਣਗੇ ਅਤੇ ਟ੍ਰੈਕਟਰ ਮਾਰਚ ਕੱਢੇ ਜਾਣਗੇ । ਪੰਜਾਬ ਅਤੇ ਹਰਿਆਣਾ ਵਿੱਚ ਸੈਂਕੜੇ ਥਾਂਵਾਂ ’ਤੇ ਵੱਡੇ ਪੱਧਰ ’ਤੇ ਕਿਸਾਨ ਆਪਣੇ ਟ੍ਰੈਕਟਰ ਲੈ ਕੇ ਸੜਕਾਂ ’ਤੇ ਉਤਰਣਗੇ । ਤਮਿਲਨਾਡੂ ਅਤੇ ਕਰਨਾਟਕ ਵਿੱਚ 70 ਤੋਂ ਵੱਧ ਜਗ੍ਹਾਂ ’ਤੇ ਕਿਸਾਨ ਟ੍ਰੈਕਟਰ ਮਾਰਚ ਆਯੋਜਿਤ ਕਰਨਗੇ । ਮੱਧ ਪ੍ਰਦੇਸ਼ ਦੇ ਅਸ਼ੋਕਨਗਰ ਵਿੱਚ ਇੱਕ ਵੱਡੀ ਮੋਟਰਸਾਈਕਲ ਰੈਲੀ ਕੱਢੀ ਜਾਵੇਗੀ ।