ਮੁੱਖ ਸਕੱਤਰ ਵੱਲੋਂ ਵੱਖ-ਵੱਖ ਸੇਵਾਵਾਂ ਤੱਕ ਬੱਚਿਆਂ ਦੀ ਆਸਾਨ ਪਹੁੰਚ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਆਧਾਰ ਨਾਲ ਜੋੜਨ ਦੀ ਅਪੀਲ

ਦੁਆਰਾ: Punjab Bani ਪ੍ਰਕਾਸ਼ਿਤ :Saturday, 25 January, 2025, 12:38 PM

ਮੁੱਖ ਸਕੱਤਰ ਵੱਲੋਂ ਵੱਖ-ਵੱਖ ਸੇਵਾਵਾਂ ਤੱਕ ਬੱਚਿਆਂ ਦੀ ਆਸਾਨ ਪਹੁੰਚ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਆਧਾਰ ਨਾਲ ਜੋੜਨ ਦੀ ਅਪੀਲ
ਚੰਡੀਗੜ੍ਹ, 25 ਜਨਵਰੀ : ਮੁੱਖ ਸਕੱਤਰ ਪੰਜਾਬ ਸ੍ਰੀ ਕੇ. ਏ. ਪੀ. ਸਿਨਹਾ ਨੇ ਅੱਜ ਇਥੇ ਪੰਜਾਬ ਸਕੱਤਰੇਤ ਵਿਖੇ ਆਧਾਰ ਦੀ ਵਰਤੋਂ ਬਾਰੇ ਵਿਲੱਖਣ ਪਛਾਣ ਲਾਗੂਕਰਨ ਕਮੇਟੀ (ਯੂ.ਆਈ.ਡੀ.ਆਈ.ਸੀ.) ਕਮ ਵਰਕਸ਼ਾਪ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਡਾਇਰੈਕਟਰ ਸ਼ਾਮਲ ਹੋਏ, ਜਿਨ੍ਹਾਂ ਨੇ ਪੰਜਾਬ ਭਰ ਵਿੱਚ 0 ਤੋਂ 5 ਸਾਲ ਉਮਰ ਵਰਗ ਦੇ ਸਾਰੇ ਬੱਚਿਆਂ ਨੂੰ ਆਧਾਰ ਨਾਲ ਜੋੜਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ । ਮੁੱਖ ਸਕੱਤਰ ਨੇ ਬੈਂਕਾਂ ਅਤੇ ਡਾਕ ਵਿਭਾਗ ਸਮੇਤ ਸਾਰੇ ਵਿਭਾਗਾਂ ਨੂੰ ਸਾਰੀਆਂ ਆਧਾਰ ਨਾਮਾਂਕਣ (ਐਨਰੋਲਮੈਂਟ) ਕਿੱਟਾਂ ਨੂੰ ਜਲਦੀ ਤੋਂ ਜਲਦੀ ਐਕਟੀਵੇਟ ਕਰਨ ਅਤੇ ਟੀਚੇ ਦੀ ਪ੍ਰਾਪਤੀ ਲਈ ਉਪਲਬਧ ਸਰੋਤਾਂ ਦੀ ਸਰਬੋਤਮ ਵਰਤੋਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ । ਬਿਨਾਂ ਕਿਸੇ ਪਰੇਸ਼ਾਨੀ ਦੇ ਕਾਰਣ ਆਧਾਰ ਦੀ ਵਰਤੋਂ ਲਈ ਮੁੱਖ ਸਕੱਤਰ ਨੇ ਬੱਚਿਆਂ ਨੂੰ ਆਧਾਰ ਨਾਲ ਆਪਣੇ ਬਾਇਓਮੈਟ੍ਰਿਕਸ ਅਪਡੇਟ ਕਰਨ ਦੀ ਅਪੀਲ ਕੀਤੀ ਹੈ ।

ਮੀਟਿੰਗ ਦੌਰਾਨ ਡੀਡੀਜੀ ਯੂ. ਆਈ. ਡੀ. ਏ. ਆਈ. ਆਰਓ, ਚੰਡੀਗੜ੍ਹ ਸ੍ਰੀਮਤੀ ਭਾਵਨਾ ਗਰਗ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ 0-5 ਸਾਲ ਦੀ ਉਮਰ ਵਰਗ ਦੇ ਬੱਚਿਆਂ ਵਾਸਤੇ ਆਧਾਰ ਨਾਮਾਂਕਣ ਦੀ ਪ੍ਰਕਿਰਿਆ ਨੂੰ ਸੁਖਾਲਾ ਅਤੇ ਬਿਹਤਰ ਬਣਾਉਣ ਲਈ ਵਿਸ਼ੇਸ਼ ਯਤਨਾਂ ਦੀ ਲੋੜ ਹੈ । ਇਸ ਉਦੇਸ਼ ਦੀ ਪੂਰਤੀ ਲਈ ਉਨ੍ਹਾਂ ਨੇ ਟੀਕਾਕਰਨ ਕੇਂਦਰਾਂ ‘ਤੇ ਵੀ ਆਧਾਰ ਕਿੱਟਾਂ ਮੁਹੱਈਆ ਕਰਵਾਉਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਪੰਜ ਸਾਲ ਤੱਕ ਉਮਰ ਦੇ ਬੱਚਿਆਂ ਲਈ ਆਧਾਰ ਨਾਮਾਂਕਣ ਦੀ ਸਹੂਲਤ ਵਾਸਤੇ ਸਿਹਤ ਵਿਭਾਗ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਇਸ ਕਾਰਜ ‘ਚ ਪੂਰਨ ਸਹਿਯੋਗ ਦੇਣ ਲਈ ਕਿਹਾ ਤਾਂ ਜੋ ਇਸ ਉਮਰ ਵਰਗ ਦੇ ਸਾਰੇ ਬੱਚਿਆਂ ਨੂੰ ਕਵਰ ਕੀਤਾ ਜਾ ਸਕੇ ।

ਉਨ੍ਹਾਂ ਸਕੂਲ ਸਿੱਖਿਆ ਵਿਭਾਗ ਨੂੰ 5 ਅਤੇ 15 ਸਾਲ ਦੀ ਉਮਰ ‘ਚ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ (ਐਮ. ਬੀ. ਯੂ.) ਦੀ ਲੋੜ ਵਾਲੇ ਬੱਚਿਆਂ ਦੀ ਪਛਾਣ ਵਾਸਤੇ ਇੱਕ ਵਿਆਪਕ ਕਾਰਜ ਯੋਜਨਾ ਤਿਆਰ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ । ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀਆਂ ਲਈ ਅੱਗੇ ਜਾ ਕੇ ਸਰਕਾਰੀ ਯੋਜਨਾਵਾਂ, ਸਕਾਲਰਸ਼ਿਪਾਂ ਅਤੇ ਹੋਰ ਵਿਦਿਅਕ ਸਹੂਲਤਾ/ਲਾਭਾਂ ਤੱਕ ਨਿਰਵਿਘਨ ਪਹੁੰਚ ਨੂੰ ਯਕੀਨੀ ਬਣਾਏਗਾ । ਵਰਕਸ਼ਾਪ ਦੌਰਾਨ ਆਧਾਰ ਬੇਸਡ ਫੇਸ ਅਡੈਟੀਫਿਕੇਸ਼ਨ ਦੀ ਵਰਤੋਂ ਦੇ ਸਬੰਧੀ ਵੱਖ-ਵੱਖ ਮਾਮਲਿਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਇਹ ਕਿਵੇਂ ਫਾਇਦੇਮੰਦ ਹੋ ਸਕਦਾ ਹੈ । ਸ੍ਰੀਮਤੀ ਗਰਗ ਨੇ ਵਿਭਾਗਾਂ ਨੂੰ ਆਪਣੀਆਂ ਵੱਖ-ਵੱਖ ਯੋਜਨਾਵਾਂ ਵਿੱਚ ਫੇਸ ਅਡੈਟੀਫਿਕੇਸ਼ਨ ਸਰਵਿਸਿਜ਼ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ । ਮੁੱਖ ਸਕੱਤਰ ਨੇ ਨਿਰਦੇਸ਼ ਦਿੱਤੇ ਕਿ ਵਿਦਿਆਰਥੀਆਂ ਲਈ ਆਧਾਰ ਸੇਵਾਵਾਂ ਤੱਕ ਆਸਾਨ ਪਹੁੰਚ ਯਕੀਨੀ ਬਣਾਉਣ ਲਈ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਕੈਂਪ ਲਗਾਏ ਜਾਣ । ਉਨ੍ਹਾਂ ਨੇ ਆਧਾਰ ਨਾਲ ਸਬੰਧਤ ਵੱਖ-ਵੱਖ ਸੇਵਾਵਾਂ ਪ੍ਰਾਪਤ ਕਰਨ ਲਈ ਐਮ-ਆਧਾਰ ਐਪਲੀਕੇਸ਼ਨ ਅਤੇ ਮਾਈ-ਆਧਾਰ ਪੋਰਟਲ ਬਾਰੇ ਵੱਧ ਤੋਂ ਵੱਧ ਜਾਣਕਾਰੀ ਫੈਲਾਉਣ ‘ਤੇ ਵੀ ਜ਼ੋਰ ਦਿੱਤਾ ।

ਉਨ੍ਹਾਂ ਅੱਗੇ ਕਿਹਾ ਕਿ ਮਾਪਿਆਂ ਅਤੇ ਬੱਚਿਆਂ ਦੀ ਦੇਖ-ਰੇਖ ਕਰ ਰਹੇ ਵਿਅਕਤੀਆਂ (ਗਾਰਡੀਅਨਜ਼) ਨੂੰ ਆਪਣੇ ਬੱਚਿਆਂ ਦੇ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ ਬਾਰੇ ਉਤਸ਼ਾਹਿਤ ਕਰਨ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਗਰੂਕਤਾ ਮੁਹਿੰਮ ਚਲਾਏ ਜਾਣ ਦੀ ਲੋੜ ਹੈ । ਉਨ੍ਹਾਂ ਨੇ ਪੰਜਾਬ ਦੇ ਸਮੂਹ ਵਿਭਾਗਾਂ ਨੂੰ ਈ-ਸੰਪਰਕ ਕੇਂਦਰਾਂ ਅਤੇ ਹੋਰ ਦਫ਼ਤਰਾਂ ਵਿੱਚ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਦੇ ਲਾਭਪਾਤਰੀਆਂ ਦੀ ਆਧਾਰ ਅਧਾਰਤ ਪ੍ਰਮਾਣਿਕਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ । ਉਨ੍ਹਾਂ ਅੱਗੇ ਨਿਰਦੇਸ਼ ਦਿੱਤੇ ਕਿ ਆਧਾਰ ਆਧਾਰ ਬੇਸਡ ਫੇਸ ਅਡੈਟੀਫਿਕੇਸ਼ਨ ਪ੍ਰਣਾਲੀ ਨੂੰ ਸਾਰੇ ਸਰਕਾਰੀ ਵਿਭਾਗਾਂ ਵਿੱਚ ਲਾਗੂ ਕੀਤਾ ਜਾਵੇ ।