ਪਾਵਰਕਾਮ ਠੇਕਾ ਕਾਮਿਆਂ ਨੇ ਪਰਿਵਾਰਾਂ ਸਣੇ ਘੇਰਿਆ ਮੁੱਖ ਦਫ਼ਤਰ

ਪਾਵਰਕਾਮ ਠੇਕਾ ਕਾਮਿਆਂ ਨੇ ਪਰਿਵਾਰਾਂ ਸਣੇ ਘੇਰਿਆ ਮੁੱਖ ਦਫ਼ਤਰ
– ਧਰਨਾ ਦੇ ਕੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ
– ਮੰਗਾਂ ਮੰਨਣ ਤੱਕ ਜਾਰੀ ਰਹੇਗਾ ਕਾਮਿਆਂ ਦਾ ਧਰਨਾ : ਆਗੂ
ਪਟਿਆਲਾ : ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਪਰਿਵਾਰਾਂ ਸਣੇ ਪਾਵਰਕਾਮ ਦੇ ਮੁੱਖ ਦਫ਼ਤਰ ਦਾ ਘਿਰਾਓ ਕਰਕੇ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ । ਇਸ ਮੋਕੇ ਕਰਮਚਾਰੀਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾਂਦੀ ਉਨ੍ਹਾਂ ਚਿਰ ਉਹ ਧਰਨਾ ਜਾਰੀ ਰਹੇਗਾ । ਇਸ ਮੌਕੇ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ, ਸੂਬਾ ਜਨਰਲ ਸਕੱਤਰ ਰਾਜੇਸ਼ ਕੁਮਾਰ ਮੌੜ, ਮੀਤ ਪ੍ਰਧਾਨ ਚੌਧਰ ਸਿੰਘ, ਸਕੱਤਰ ਸ਼ੇਰ ਸਿੰਘ ਆਦਿ ਨੇ ਦੱਸਿਆ ਕਿ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਜੋ ਨਵੀਂ ਭਰਤੀ ਕੀਤੀ ਜਾ ਰਹੀ ਹੈ ਉਸ ਭਰਤੀ ਵਿੱਚ ਆਊਟ-ਸੋਰਸਡ ਠੇਕਾ ਕਾਮਿਆਂ ਨੂੰ ਸ਼ਾਮਿਲ ਕਰਨ ਦੀ ਮੰਗ ਕੀਤੀ ਗਈ, ਨੌਕਰੀ ਦੌਰਾਨ ਮੌਤ ਹੋਣ ਅਤੇ ਅਪੰਗ ਹੋ ਰਹੇ ਕਾਮਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਪੱਕੀ ਨੌਕਰੀ ਦੀ ਵੀ ਮੰਗ ਕੀਤੀ ਗਈ । ਆਗੂਆਂ ਨੇ ਕਿਹਾ ਕਿ ਜੋ ਇਨਸ਼ੋਰਸ ਬਾਹਰੋਂ ਕੰਪਨੀਆਂ ਵੱਲੋ ਕਰਵਾਈ ਜਾਂਦੀ ਹੈ ਉਹ ਘਾਤਕ ਹਾਦਸਾ ਵਾਪਰਨ ‘ਤੇ ਪਰਿਵਾਰਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਕਰਕੇ ਇਸ਼ੋਰਸ ਦੀ ਬਜਾਏ ਐਕਸ ਗਰੇਸ਼ੀਆ ਵਿੱਚ ਹੀ 10 ਲੱਖ ਦੀ ਇਨਸ਼ੋਰਸ ਨੂੰ ਕਵਰ ਕਰ ਦਿੱਤਾ ਜਾਵੇ। ਆਗੂਆਂ ਨੇ ਕਿਹਾ ਕਿ ਲਗਾਤਾਰ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨਾਲ ਮੀਟਿੰਗਾਂ ਹੋਈਆਂ ਹਨ ਪਰ ਸਿੱਟਾ ਕੋਈ ਨਾ ਨਿਕਲਿਆ ਜਿਸ ਦੇ ਰੋਸ ਵਜੋਂ ਸੀ. ਐਚ. ਬੀ. ਤੇ ਡਬਲਿਉ ਠੇਕਾ ਕਾਮਿਆਂ ਨੂੰ ਮੁੜ ਸੜਕਾਂ ਤੇ ਉਤਰਨਾ ਪਿਆ ਹੈ। ਧਰਨੇ ਪ੍ਰਦਰਸ਼ਨ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਮੈਨੇਜਮੈਂਟ ਅਧਿਕਾਰੀਆਂ ਨਾਲ ਮੀਟਿੰਗ ਵੀ ਹੋਈ ਪਰ ਦੇਰ ਸ਼ਾਮ ਤੱਕ ਕੋਈ ਵੀ ਸਿੱਟਾ ਨਹੀਂ ਨਿਕਲਿਆ, ਜਿਸਦੇ ਰੋਸ਼ ਵਜੋਂ ਧਰਨਾਕਾਰੀਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਠੇਕਾ ਕਾਮਿਆਂ ਦੀ ਮੰਗਾਂ ਨਹੀਂ ਮੰਨੀਆਂ ਜਾਂਦੀਆ ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਕਿਸੇ ਵੀ ਅਣ-ਸੁਖਾਈ ਘਟਨਾ ਨੂੰ ਰੋਕਣ ਲਈ ਜ਼ਿਲ੍ਹਾ ਪੁਲਿਸ ਪ੍ਰਸਾਸ਼ਨ ਵੱਲੋਂ ਵੱਡੀ ਗਿਣਤੀ ‘ਚ ਪੁਲਿਸ ਤੈਨਾਤ ਕੀਤੇ ਗਈ ।
