ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਇਆ ਜਾ ਰਿਹਾ ਹੈ ਅੰਤਰਰਰਾਸ਼ਟਰੀ ਬੁਕਰ ਇਨਾਮ ਜੇਤੂ ਲੇਖਿਕਾ ਗੀਤਾਂਜਲੀ ਸ੍ਰੀ ਦਾ ਭਾਸ਼ਣ

ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਇਆ ਜਾ ਰਿਹਾ ਹੈ ਅੰਤਰਰਰਾਸ਼ਟਰੀ ਬੁਕਰ ਇਨਾਮ ਜੇਤੂ ਲੇਖਿਕਾ ਗੀਤਾਂਜਲੀ ਸ੍ਰੀ ਦਾ ਭਾਸ਼ਣ
ਪਟਿਆਲਾ, 18 ਜਨਵਰੀ : ਪੰਜਾਬੀ ਯੂਨੀਵਰਸਿਟੀ ਦੀ ਪ੍ਰੋਫ਼ੈਸਰ ਗੁਰਦਿਆਲ ਸਿੰਘ ਚੇਅਰ ਵੱਲੋਂ ਦੂਜਾ ਪ੍ਰੋਫ਼ੈਸਰ ਗੁਰਦਿਆਲ ਸਿੰਘ ਯਾਦਗਾਰੀ ਭਾਸ਼ਣ 19 ਜਨਵਰੀ ਨੂੰ ਸਵੇਰੇ 10:30 ਵਜੇ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਚ ਕਰਵਾਇਆ ਜਾ ਰਿਹਾ ਹੈ । ਇਹ ਭਾਸ਼ਣ ਹਿੰਦੀ ਸਾਹਿਤ ਦੀ ਪ੍ਰਸਿੱਧ ਲੇਖਿਕਾ ਗੀਤਾਂਜਲੀ ਸ੍ਰੀ ਵੱਲੋਂ ‘ਸਾਹਿਤ, ਸਮਾਜ, ਆਜ਼ਾਦੀ’ ਵਿਸ਼ੇ ’ਤੇ ਦਿੱਤਾ ਜਾਵੇਗਾ । ਗੀਤਾਂਜਲੀ ਸ੍ਰੀ ਅੰਤਰਰਾਸ਼ਟਰੀ ਬੁਕਰ ਇਨਾਮ ਜੇਤੂ ਲੇਖਿਕਾ ਹਨ । ਉਨ੍ਹਾਂ ਦੇ ਨਾਵਲ ‘ਰੇਤ ਸਮਾਧੀ’ ਦੇ ਅੰਗਰੇਜ਼ੀ ਅਨੁਵਾਦ ‘ਟੂੰਬ ਆਫ਼ ਸੈਂਡ’ ਨੂੰ ਸਾਲ 2022 ਦਾ ਬੁਕਰ ਇਨਾਮ ਪ੍ਰਾਪਤ ਹੋਇਆ ਸੀ । ਇਹ ਨਾਵਲ ਹਿੰਦੀ ਜ਼ੁਬਾਨ ਨੂੰ ਨਵਿਆਉਣ ਅਤੇ ਵਿਚਾਰ ਪੱਖੋਂ ਮੌਲਿਕ ਹੋਣ ਕਾਰਨ ਲਗਾਤਾਰ ਸਰਾਹਿਆ ਜਾ ਰਿਹਾ ਹੈ । ‘ਮਾਈ’, ‘ਹਮਾਰਾ ਸ਼ਹਿਰ ਉਸ ਬਰਸ’, ‘ਤਿਰੋਹਿਤ’ ਅਤੇ ‘ਖਾਲੀ ਜਗ੍ਹਾ’ ਗੀਤਾਂਜਲੀ ਸ੍ਰੀ ਦੇ ਚਾਰ ਹੋਰ ਨਾਵਲ ਹਨ । ਸ੍ਰੀ ਨੇ ਪੰਜ ਕਹਾਣੀ ਸੰਗ੍ਰਿਹਾਂ ਦੀ ਰਚਨਾ ਵੀ ਕੀਤੀ ਹੈ । ਹਿੰਦੀ ਅਤੇ ਅੰਗਰੇਜ਼ੀ ਵਿਚ ਬਰਾਬਰ ਦੀ ਮੁਹਾਰਤ ਰੱਖਣ ਵਾਲ਼ੀ ਇਸ ਲੇਖਿਕਾ ਨੂੰ ਬੁਕਰ ਤੋਂ ਬਿਨਾਂ ‘ਬਨਮਾਲੀ ਰਾਸ਼ਟਰੀ ਪੁਰਸਕਾਰ’, ‘ਕ੍ਰਿਸ਼ਨ ਬਲਦੇਵ ਪੁਰਸਕਾਰ’, ‘ਕਥਾ ਯੂ.ਕੇ. ਸਨਮਾਨ’, ‘ਹਿੰਦੀ ਅਕਾਦਮੀ ਸਾਹਿਤਕਾਰ ਸਨਮਾਨ’ ਅਤੇ ‘ਦਵਿਜਦੇਵ ਸਨਮਾਨ’ ਪ੍ਰਾਪਤ ਹੋ ਚੁੱਕੇ ਹਨ । ਪੰਜਾਬੀ ਮੂਲ ਦੀ ਪ੍ਰਸਿੱਧ ਹਿੰਦੀ ਲੇਖਿਕਾ ਕ੍ਰਿਸ਼ਨਾ ਸੋਬਤੀ ਨਾਲ ਗੀਤਾਂਜਲੀ ਸ੍ਰੀ ਦੀ ਡੂੰਘੀ ਸਾਂਝ ਰਹੀ ਹੈ। ਪ੍ਰੋਫ਼ੈਸਰ ਗੁਰਦਿਆਲ ਸਿੰਘ ਚੇਅਰ ਦੇ ਪ੍ਰੋਫ਼ੇਸਰ ਇੰਚਾਰਜ ਡਾ. ਗੁਰਮੁਖ ਸਿੰਘ ਨੇ ਦੱਸਿਆ ਕਿ ਗੀਤਾਂਜਲੀ ਸ੍ਰੀ ਯੂਨੀਵਰਸਿਟੀ ਵਿਚ ਦੋ ਦਿਨ ਬਿਤਾਉਣਗੇ। ਪਹਿਲੇ ਦਿਨ ਉਨ੍ਹਾਂ ਦੇ ਭਾਸ਼ਣ ਦਾ ਪ੍ਰੋਗਰਾਮ ਹੋਵੇਗਾ ਅਤੇ ਦੂਜੇ ਦਿਨ ਮਿਤੀ 20 ਜਨਵਰੀ ਨੂੰ ਪੰਜਾਬੀ ਵਿਭਾਗ ਦੇ ਸੈਮੀਨਾਰ ਹਾਲ ਵਿਚ ਉਹ ਸਰੋਤਿਆਂ ਨਾਲ਼ ਸੰਵਾਦ ਅਤੇ ਵਿਚਾਰ-ਚਰਚਾ ਦੇ ਪ੍ਰੋਗਰਾਮ ਵਿਚ ਹਿੱਸਾ ਲੈਣਗੇ ।
