ਵ੍ਹਾਈਟ ਹਾਊਸ ਨੂੰ ਟਰੱਕ ਨਾਲ ਉਡਾਉਣ ਦੀ ਕੋਸਿ਼ਸ਼ ਕਰਨ ਵਾਲੇ ਭਾਰਤੀ ਨੌਜਵਾਨ ਨੂੰ ਹੋਈ 8 ਸਾਲ ਦੀ ਕੈਦ ਦੀ ਸਜ਼ਾ

ਦੁਆਰਾ: Punjab Bani ਪ੍ਰਕਾਸ਼ਿਤ :Friday, 17 January, 2025, 01:21 PM

ਵ੍ਹਾਈਟ ਹਾਊਸ ਨੂੰ ਟਰੱਕ ਨਾਲ ਉਡਾਉਣ ਦੀ ਕੋਸਿ਼ਸ਼ ਕਰਨ ਵਾਲੇ ਭਾਰਤੀ ਨੌਜਵਾਨ ਨੂੰ ਹੋਈ 8 ਸਾਲ ਦੀ ਕੈਦ ਦੀ ਸਜ਼ਾ
ਅਮਰੀਕਾ : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਦੇ ਵ੍ਹਾਈਟ ਹਾਊਸ ਨੂੰ ਟਰੱਕ ਨਾਲ ਉਡਾਉਣ ਦਾ ਦੋਸ਼ੀ ਪਾਏ ਜਾਣ ਵਾਲੇ ਇਕ ਭਾਰਤੀ ਨੌਜਵਾਨ ਨੂੰ ਅਮਰੀਕੀ ਅਦਾਲਤ ਨੇ 8 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਦੱਸਣਯੋਗ ਹੈ ਕਿ 20 ਸਾਲਾ ਸਾਈਂ ਵਰਸ਼ਿਤ ਕੰਦੂਲਾ ਭਾਰਤੀ ਨੌਜਵਾਨ ਨੇ 22 ਮਈ 2023 ਨੂੰ ਇਸ ਹਮਲੇ ਦੀ ਕੋਸ਼ਿਸ਼ ਕੀਤੀ ਸੀ । ਅਮਰੀਕੀ ਨਿਆਂ ਵਿਭਾਗ ਨੇ ਕਿਹਾ ਹੈ ਕਿ ਇਸ ਹਮਲੇ ਦਾ ਮਕਸਦ ਲੋਕਤਾਂਤਰਿਕ ਤੌਰ ’ਤੇ ਚੁਣੀ ਗਈ ਅਮਰੀਕੀ ਸਰਕਾਰ ਦਾ ਤਖ਼ਤਾ ਪਲਟਣਾ ਸੀ ਤਾਂ ਜੋ ਉਸ ਦੀ ਥਾਂ ’ਤੇ ਨਾਜ਼ੀ ਵਿਚਾਰਧਾਰਾ ਤੋਂ ਪ੍ਰੇਰਿਤ ਤਾਨਾਸ਼ਾਹੀ ਸ਼ਾਸਨ ਸਥਾਪਤ ਕੀਤਾ ਜਾ ਸਕੇ । ਜਾਣਕਾਰੀ ਮੁਤਾਬਕ ਸਾਈਂ ਕੰਦੂਲਾ ਨੇ ਬਾਅਦ ’ਚ ਅਮਰੀਕੀ ਜਾਇਦਾਦ ਨੂੰ ਜਾਣਬੁੱਝ ਕੇ ਨੁਕਸਾਨ ਪਹੁੰਚਾਉਣ ਦੇ ਮਾਮਲੇ ’ਚ ਅਪਣਾ ਜੁਰਮ ਕਬੂਲ ਕਰ ਲਿਆ। ਉਹ ‘ਗ੍ਰੀਨ ਕਾਰਡ’ ਨਾਲ ਅਮਰੀਕਾ ਦਾ ਕਾਨੂੰਨੀ ਪੱਕਾ ਨਿਵਾਸੀ ਹੈ । ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਸਾਈਂ 22 ਮਈ, 2023 ਦੀ ਦੁਪਹਿਰ ਨੂੰ ਸੇਂਟ ਲੁਈਸ, ਮਿਸੂਰੀ ਤੋਂ ਵਾਸ਼ਿੰਗਟਨ ਲਈ ਰਵਾਨਾ ਹੋਈ ਅਤੇ ਸ਼ਾਮ 5:20 ਵਜੇ ਦੇ ਕਰੀਬ ਡਲੇਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਿਆ । ਇੱਥੇ ਉਸ ਨੇ ਸ਼ਾਮ 6.30 ਵਜੇ ਇਕ ਟਰੱਕ ਕਿਰਾਏ ’ਤੇ ਲਿਆ ਅਤੇ ਹਮਲਾ ਕੀਤਾ । ਜਾਣਕਾਰੀ ਮੁਤਾਬਕ ਵਾਸ਼ਿੰਗਟਨ ’ਚ ਰਾਤ ਕਰੀਬ 9 ਵਜੇ ਉਸ ਨੇ ਐਚ ਸਟਰੀਟ, ਨਾਰਥਵੈਸਟ ਅਤੇ 16ਵੀਂ ਸਟਰੀਟ, ਨਾਰਥਵੈਸਟ ਦੇ ਚੌਰਾਹੇ ’ਤੇ ਵ੍ਹਾਈਟ ਹਾਊਸ ਅਤੇ ਰਾਸ਼ਟਰਪਤੀ ਪਾਰਕ ਦੀ ਸੁਰੱਖਿਆ ਕਰ ਰਹੇ ਬੈਰੀਕੇਡਾਂ ’ਚ ਟੱਕਰ ਮਾਰ ਦਿਤੀ । ਉਸ ਨੇ ਟਰੱਕ ਨੂੰ ਫੁੱਟਪਾਥ ’ਤੇ ਚੜ੍ਹਾ ਦਿਤਾ, ਜਿਸ ਕਾਰਨ ਉਥੇ ਮੌਜੂਦ ਲੋਕਾਂ ’ਚ ਹਫੜਾ-ਦਫੜੀ ਮਚ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਈਂ ਟਰੱਕ ਤੋਂ ਉਤਰ ਕੇ ਪਿਛਲੇ ਪਾਸੇ ਚਲਾ ਗਿਆ । ਇੱਥੇ ਉਸ ਨੇ ਅਪਣੇ ਬੈਗ ਵਿਚੋਂ ਨਾਜ਼ੀ ਝੰਡਾ ਕੱਢ ਕੇ ਲਹਿਰਾਇਆ । ਨਿਆਂ ਵਿਭਾਗ ਨੇ ਕਿਹਾ ਕਿ ਯੂਐਸ ਪਾਰਕ ਪੁਲਸ ਅਤੇ ਯੂਐਸ ਸੀਕਰੇਟ ਸਰਵਿਸ ਦੇ ਅਧਿਕਾਰੀਆਂ ਨੇ ਕੰਦੂਲਾ ਨੂੰ ਘਟਨਾ ਸਥਾਨ ’ਤੇ ਗ੍ਰਿਫ਼ਤਾਰ ਕੀਤਾ ਅਤੇ ਉਸਨੂੰ ਹਿਰਾਸਤ ਵਿਚ ਲੈ ਲਿਆ ।