ਸਰਕਾਰੀ ਵੂਮੈਨ ਕਾਲਜ 'ਚ ਦਾਖਲਾ ਫਾਰਮ ਦੇ ਨਾਮ 'ਤੇ ਵਿਦਿਆਰਥੀਆਂ ਨੂੰ ਲੱਗ ਰਿਹਾ ਹੈ ਰਗੜਾ

ਬਿਨਾ ਪ੍ਰਾਸਪੈਕਟਸ ਤੋਂ ਦਾਖਲਾ ਫਾਰਮ ਦੀ 1 ਰੁਪਏ ਵਾਲੀ ਫੋਟੋ ਕਾਪੀ ਵੇਚ ਰਹੇ 20 ਰੁਪਏ ‘ਚ
– ਵਿਦਿਆਰਥੀ ਤੇ ਮਾਪੇ ਦੋਵੇਂ ਪਰੇਸ਼ਾਨ
ਪਟਿਆਲਾ, 6 ਜੁਲਾਈ : ਇਸ ਸਮੇਂ ਸਮੁੱਚੇ ਕਾਲਜਾਂ ਵਿੱਚ ਚੱਲ ਰਹੇ ਦਾਖਲਿਆਂ ਵਿੱਚ ਪਟਿਆਲਾ ਦੇ ਸਰਕਾਰੀ ਵੁਮੈਨ ਕਾਲਜ ਵਿੱਚ ਵਿਦਿਆਰਥੀਆਂ ਨੂੰ ਦਾਖਲਾ ਫਰਮ ਦੇ ਨਾਮ ‘ਤੇ ਵੱਡਾ ਰਗੜਾ ਲਗਾਇਆ ਜਾ ਰਿਹਾ ਹੈ, ਜਿਸਤੋ ਵਿਦਿਆਰਥੀ ਤੇ ਮਾਪੇ ਦੋਵੇਂ ਪਰੇਸ਼ਾਨ ਹਨ ਪਰ ਕਾਲਜ ਦੀ ਮੈਨੇਜਮੈਂਟ ਕੁੰਭ ਕਰਨੀ ਨੀਂਦ ਸੁਤੀ ਪਈ ਹੈ।
ਸਰਕਾਰੀ ਕਾਲਜ ਵੱਲੋਂ ਹਰ ਸਾਲ ਹੀ ਇੱਕ ਪ੍ਰਾਸਪੈਕਟ ਤਿਆਰ ਕਰਵਾਇਆ ਜਾਂਦਾ ਹੈ, ਜਿਹੜਾ ਕਿ ਵਿਦਿਆਰਥੀਆਂ ਨੂੰ ਮਿਲਦਾ ਹੈ ਪਰ ਇਸ ਵਾਰ ਇੱਕ ਫਾਰਮ ਦੀਆਂ ਫੋਟੋ ਕਾਪੀ ਕਰਵਾ ਕੇ ਵੰਡੀਆਂ ਜਾ ਰਹੀਆਂ ਹਨ। ਇਹ ਫੋਟੋ ਕਾਪੀ ਇੱਕ ਰੁਪਏ ਵਿੱਚ ਹੋ ਜਾਂਦੀ ਹੈ ਪਰ ਵਿਦਿਆਰਥੀਆਂ ਨੂੰ ਕਾਲਜ ਦਾ ਇੱਕ ਅਧਿਆਪਕ 20 ਰੁਪਏ ਵਿੱਚ ਵੰਡ ਰਿਹਾ ਹੈ। ਜੇਕਰ ਕੋਈ ਗਲਤੀ ਹੋ ਜਾਵੇ ਤਾਂ ਫਿਰ 20 ਰੁਪਏ ਲੈਂਦਾ ਹੈ। ਇਸ ਤਰ੍ਹਾਂ ਸਿੱਧੇ ਤੌਰ ‘ਤੇ ਵਿਦਿਆਰਥੀ ਨਾਲ ਧੋਖਾ ਕੀਤਾ ਜਾ ਰਿਹਾ ਹੈ।
ਹਾਲਾਂਕਿ ਜਦੋਂ ਪ੍ਰਾਸਪੈਕਟ ਤਿਆਰ ਹੁੰਦਾ ਹੈ ਤਾਂ ਉਸਦੀ ਕੀਮਤ 50 ਕੁ ਰੁਪਏ ਹੁੰਦੀ ਹੈ ਪਰ ਉਸ ਪ੍ਰਾਸਪੈਕਟ ਵਿੱਚ ਕਾਲਜ ਸਬੰਧੀ, ਸਮੁਚੇ ਕੋਰਸਾਂ ਸਬੰਧੀ ਸਮੁਚੀ ਮੈਨੇਜਮੈਂਟ ਸਬੰਧੀ ਬਹੁਤ ਕੁੱਝ ਛਪਿਆ ਹੁੰਦਾ ਹੈ ਤੇ ਪ੍ਰਾਸਪੈਕਟ ਅੰਦਰ ਦਾਖਲਾ ਫਾਰਮ, ਐਂਟੀਰੈਗਿੰਗ ਫਾਰਮ ਅਤੇ ਹੋਸਟਲ ਫਾਰਮ ਹੁੰਦਾਂ ਹੈ। ਇਹ ਫਾਰਮ ਪ੍ਰਾਸਪੈਕਟ ਦੀ ਕੀਮਤ ਵਿਚ ਹੀ ਹੁੰਦੇ ਹਨ।
ਜਾਣਕਾਰੀ ਅਨੁਸਾਰ ਇਸ ਵਾਰ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਦੀ ਮੇਨਜਮੈਟ ਨੇ ਆਪਣਾ ਕੋਈ ਪ੍ਰਾਸਪੈਕਟਸ ਤਿਆਰ ਨਹੀਂ ਕਰਵਾਇਆ। ਸੂਤਰਾਂ ਮੁਤਾਬਿਕ ਦਾਖਲੇ ਖੁਲਣ ਤੋਂ ਲੈ ਕੇ ਅੱਜ ਤੱਕ ਫਾਰਮ ਦੀਆਂ ਫੋਟੋ ਕਾਪੀਆਂ ਹੀ ਦਿੱਤੀਆਂ ਜਾ ਰਹੀਆਂ ਹਨ। ਇਹ 1 ਰੁਪਏ ਵਿਚ ਹੋਣ ਵਾਲੀ ਫੋਟੋ ਕਾਪੀ 20 ਰਪਏ ਵਿਚ ਦਿੱਤੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਕਾਲਜ ਵਿਚ ਕਰੀਬ 2500 ਦੇ ਆਸ ਪਾਸ ਵਿਦਿਆਰਥੀਆਂ ਦੀ ਗਿਣਤੀ ਹੈ, ਜਦਕਿ ਫਾਰਮ ਸਿਰਫ 100 ਦੇ ਕਰੀਬ ਹੀ ਛਪਵਾਏ ਸਨ, ਜਿਹੜੇ ਕੇ ਬਿਨਾ ਪ੍ਰਾਸਪੈਕਟਸ ਤੋਂ ਸਨ।
ਇਹ ਵੀ ਜਾਣਕਾਰੀ ਮਿਲੀ ਹੈ ਕੇ ਫੋਟੋ ਕਾਪੀਆਂ ਵੇਚੇ ਜਾ ਰਹੇ ਫਾਰਮਾਂ ਦੀ ਵਿਕਰੀ ਕਰਨ ਲਈ ਟੀਚਰ ਦੀ ਅਹਿਮ ਭੂਮਿਕਾ ਹੈ। ਹੁਣ ਇਹ 1 ਰੁਪਏ ਦੀ ਫੋਟੋ ਕਾਪੀ 20 ਰੁਪਏ ਵਿਚ ਦਿੱਤੀ ਜਰੂਰ ਜਾ ਰਹੀ ਹੈ, ਪਰ ਇਸ ਦਾ ਕੋਈ ਵੀ ਰਿਕਾਰਡ ਨਹੀਂ ਰੱਖਿਆ ਜਾ ਰਿਹਾ। ਜਿਸ ਨੂੰ ਵੀ ਇਹ ਫਾਰਮ ਦੇ ਕੇ 20 ਰੁਪਏ ਪ੍ਰਾਪਤ ਕੀਤੇ ਜਾ ਰਹੇ ਹਨ, ਉਸ ਦੀ ਕੋਈ ਵੀ ਰਸੀਦ, ਰਜਿਸਟਰ ਐਂਟਰੀ ਜਾਂ ਕੋਈ ਰਿਕਾਰਡ ਨਹੀਂ ਹੈ। ਗੱਲਬਾਤ ਕਰਨ ਤੇ ਇਸ ਅਧਿਆਪਕ ਨੇ ਤਸੱਲੀ ਬਖਸ ਜਵਾਬ ਨਾ ਦਿੱਤਾ। ਉਨਾ ਦਾ ਸਿਰਫ ਇਹੀ ਤਰਕ ਹੈ ਕੇ 20 ਰੁਪਏ ਵਿਚ ਐਂਟੀਰੈਗਿੰਗ ਫਾਰਮ ਦੀ ਦਿੱਤਾ ਜਾਏਗਾ। ਜਦਕਿ 1 ਰੁਪਏ ਦੀ ਫੋਟੋਸਟੇਟ 20 ਰੁਪਏ ਵਿਚ ਵੇਚ ਕੇ ਵਿਦਿਆਰਥੀਆਂ ਅਤੇ ਸਰਕਾਰ ਨੂੰ ਕਿੰਨਾ ਚੂਨਾ ਲਗਾ ਦਿੱਤਾ ਗਿਆ ਹੈ ਜਾਂ ਲਗਾਇਆ ਜਾ ਰਿਹਾ ਹੈ, ਇਸ ਬਾਰੇ ਪਤਾ ਲਗਾਉਣ ਦੀ ਲੋੜ ਹੈ।
ਇਸ ਸਬੰਧੀ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਦੀ ਪ੍ਰਿੰਸੀਪਲ ਚਰਨਜੀਤ ਕੌਰ ਨੇ ਕਿਹਾ ਕੇ ਸਾਡੇ ਕੋਲ ਫਾਰਮ ਖਤਮ ਹੋ ਗਏ ਹਨ, ਜਿਨਾ ਨੂੰ ਫੋਟੋ ਸਟੇਟ ਫਾਰਮ ਦਿੱਤੇ ਜਾ ਰਹੇ ਹਨ, ਉਨਾਂ ਤੋਂ ਫਾਰਮ ਮੁੜ ਭਰਵਾਏ ਜਾਣਗੇੇ। ਫਾਰਮ ਖਰੀਦਣ ਵਾਲਿਆਂ ਦਾ ਕੋਈ ਵੀ ਰਿਕਾਰਡ ਨਾ ਹੋਣ ਅਤੇ 20 ਰੁਪਏ ਦੀ ਕੋਈ ਰਸੀਦ ਨਾ ਦਿੱਤੇ ਜਾਣ ਸਬੰਧੀ ਪੁਛੇ ਗਏ ਸਵਾਲ ਤੇ ਕੋਈ ਵੀ ਸਪਸਟ ਜਵਾਬ ਨਹੀਂ ਦਿੱਤਾ ਗਿਆ।
