26 ਜਨਵਰੀ ਨੂੰ ਟ੍ਰੈਕਟਰ ਮਾਰਚ ਅਤੇ 29 ਜਨਵਰੀ ਨੂੰ ਸ਼ੰਭੂ ਬਾਰਡਰ 'ਤੇ ਪਹੁੰਚਣਗੇ ਹਜ਼ਾਰਾਂ ਕਿਸਾਨ

ਦੁਆਰਾ: Punjab Bani ਪ੍ਰਕਾਸ਼ਿਤ :Thursday, 23 January, 2025, 11:07 AM

26 ਜਨਵਰੀ ਨੂੰ ਟ੍ਰੈਕਟਰ ਮਾਰਚ ਅਤੇ 29 ਜਨਵਰੀ ਨੂੰ ਸ਼ੰਭੂ ਬਾਰਡਰ ‘ਤੇ ਪਹੁੰਚਣਗੇ ਹਜ਼ਾਰਾਂ ਕਿਸਾਨ
-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜੰਡਿਆਲਾ ਦਾਣਾ ਮੰਡੀ ਵਿੱਚ ਹੋਵੇਗੀ ਵਿਸ਼ਾਲ ਰੈਲੀ
– 26 ਨੂੰ ਵੱਡੇ ਮਾਲਾਂ, ਸਾਏਲੋ ਗੋਦਾਮਾਂ ਅਤੇ ਭਾਜਪਾ ਲੀਡਰਾਂ ਦੇ ਘਰਾਂ ਅੱਗੇ ਜਾਣਗੇ ਹਜ਼ਾਰਾਂ ਟਰੈਕਟਰ
ਪਟਿਆਲਾ : ਕਿਸਾਨ ਮਜ਼ਦੂਰ ਮੋਰਚਾ ਦੇ ਕਨਵੀਨਰ ਸਰਵਨ ਸਿੰਘ ਪੰਧੇਰ ਨੇ ਆਖਿਆ ਹੈ ਕਿ ਕਿਸਾਨ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਕੇਂਦਰ ਸਰਕਾਰ ਨੂੰ ਜਗਾਉਣ ਲਈ 26 ਜਨਵਰੀ ਨੂੰ ਦੇਸ਼ ਭਰ ਵਿਚ ਟਰੈਕਟਰ ਮਾਰਚ ਅਤੇ 29 ਜਨਵਰੀ ਨੂੰ ਸ਼ੰਭੂ ਬਾਡਰ ਮੋਰਚੇ ਵੱਲ ਹਜ਼ਾਰਾਂ ਟਰੈਕਟਰ ਟਰਾਲੀਆਂ ਰਾਹੀਂ ਕੂਚ ਕਰਨਗੀਆਂ । ਉਨ੍ਹਾਂ ਆਖਿਆ ਕਿ ਪ੍ਰੋਗਰਾਮਾਂ ਦੀ ਤਿਆਰੀ ਲਈ 23 ਜਨਵਰੀ ਨੂੰ ਜੰਡਿਆਲਾ ਗੁਰੂ ਦੀ ਦਾਣਾ ਮੰਡੀ ਵਿੱਚ ਵਿਸ਼ਾਲ ਰੈਲੀ ਕੀਤੀ ਜਾਵੇਗੀ, ਜਿਸ ਵਿੱਚ ਜਿਲ੍ਹੇ ਦੀਆਂ ਅੱਠ ਜੋਨਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਅਤੇ ਮਾਤਾਵਾਂ ਹਿੱਸਾ ਲੈਣਗੀਆਂ । ਉਹਨਾਂ ਦੱਸਿਆ ਕਿ ਦਿੱਲੀ ਅੰਦੋਲਨ 2 ਦੇ ਐਲਾਨ ਅਨੁਸਾਰ ਦੇਸ਼ ਭਰ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਲੱਖਾਂ ਦੀ ਗਿਣਤੀ ਵਿੱਚ ਟਰੈਕਟਰ ਕੱਢ ਕੇ ਦੇਸ਼ ਭਰ ਵਿਚ ਕਾਰਪੋਰੇਟ ਘਰਾਣਿਆਂ ਦੇ ਸ਼ੌਪਿੰਗ ਮਾਲਾ, ਸੈਲੋ ਗੁਦਾਮਾ ਅਤੇ ਭਾਜਪਾ ਲੀਡਰਾਂ ਦੇ ਘਰਾਂ ਅੱਗੇ ਖੜੇ ਕਰਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ । ਉਹਨਾਂ ਕਿਹਾ ਕਿ ਜਿਸ ਤਰੀਕੇ ਪਰਚੂਨ ਦੁਕਾਨਦਾਰੀ ਨੂੰ ਖਤਮ ਕਰਨ ਲਈ ਜਮੈਟੋ, ਜੈਪਟੋ, ਐਮਾਜੋਨ, ਸਵਿੱਗੀ ਆਦਿ ਆਨਲਾਈਨ ਖਰੀਦੋ ਫਰੋਖਤ ਦੀਆਂ ਕੰਪਨੀਆਂ ਕੰਮ ਕਰ ਰਹੀਆਂ ਹਨ, ਉਹਨਾਂ ਨੇ ਲੋਕਲ ਦੁਕਾਨਦਾਰ ਦੇ ਕਾਰੋਬਾਰ ਨੂੰ ਭਾਰੀ ਸੱਟ ਮਾਰੀ ਹੈ, ਇਸ ਲਈ ਸਾਡਾ ਮੰਨਣਾ ਹੈ ਕਿ 26 ਜਨਵਰੀ ਦੇ ਸਾਡੇ ਐਕਸ਼ਨ ਸਿਰਫ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਉਭਾਰਨ ਵਾਲਾ ਨਾ ਹੋ ਕੇ ਪੂਰੇ ਸਮਾਜ ਦਾ ਬਚਾਅ ਕਰਨ ਵਾਲਾ ਐਕਸ਼ਨ ਹੈ । ਇਸ ਲਈ ਖਾਸ ਕਰਕੇ ਸ਼ਹਿਰੀ ਦੁਕਾਨਦਾਰ ਵਰਗ ਨੂੰ ਇਸ ਐਕਸ਼ਨ ਦੇ ਵਿੱਚ ਖੁੱਲ ਕੇ ਸਪੋਰਟ ਕਰਨੀ ਚਾਹੀਦੀ ਹੈ ।
ਉਹਨਾਂ ਪ੍ਰਵੇਸ਼ ਵਰਮਾ ਭਾਜਪਾ ਆਗੂ ਦੇ ਪੰਜਾਬੀਆਂ ਅਤੇ ਸਿੱਖਾਂ ਬਾਰੇ ਦਿੱਤੇ ਗਏ ਬਿਆਨ ਦੀ ਨਿਖੇਦੀ ਕਰਦਿਆਂ ਕਿਹਾ ਕਿ ਪ੍ਰਵੇਸ਼ ਵਰਮਾ ਵੱਲੋਂ ਸਿੱਖਾਂ ਤੇ ਪੰਜਾਬੀਆਂ ਨੂੰ ਇਸ ਤਰੀਕੇ ਪੇਸ਼ ਕੀਤਾ ਹੈ ਜਿਵੇਂ ਕੋਈ ਅੱਤਵਾਦੀ ਦਿੱਲੀ ਦੇ ਵਿੱਚ ਆ ਗਏ ਹੋਣ, ਸੋ ਭਾਜਪਾ ਨੂੰ ਇਸ ਬਿਆਨ ਬਾਰੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਕੀ ਇਹ ਭਾਜਪਾ ਦਾ ਬਿਆਨ ਹੈ ਜਾਂ ਪ੍ਰਵੇਸ਼ ਵਰਮਾ ਦਾ ਨਿੱਜੀ ਬਿਆਨ ਹੈ ਅਤੇ ਪ੍ਰਵੇਸ਼ ਵਰਮਾ ਨੂੰ ਗਲਤੀ ਦਾ ਅਹਿਸਾਸ ਕਰਦੇ ਹੋਏ ਪੂਰੀ ਸਿੱਖ ਕੌਮ ਅਤੇ ਪੰਜਾਬੀਆਂ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ। ਉਹਨਾਂ ਸਪਸ਼ਟ ਕੀਤਾ ਕਿ ਇਹ ਅੰਦੋਲਨ ਮੰਗਾਂ ਮਨਵਾਉਣ ਤੱਕ ਜਾਰੀ ਰਹੇਗਾ ।