ਸਕੂਲ ਗਾਈਡੈਂਸ ਕਾਊਂਸਲਰਾਂ ਦਾ ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਵੱਲੋਂ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ
ਸਕੂਲ ਗਾਈਡੈਂਸ ਕਾਊਂਸਲਰਾਂ ਦਾ ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਵੱਲੋਂ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ
-ਯੂਨੀਵਰਸਿਟੀ ਅਧਿਕਾਰੀਆਂ ਅਤੇ ਟੀਚਿੰਗ ਫੈਕਲਿਟੀ ਨੇ ਵਿਦਿਆਰਥੀਆਂ ਲਈ ਲਾਹੇਵੰਦ ਜਾਣਕਾਰੀ ਦਿੱਤੀ: ਇੰਦਰਪ੍ਰੀਤ ਸਿੰਘ
-ਸਕੂਲਾਂ ਦੇ ਗਾਈਡੈਂਸ ਕਾਊਂਸਲਰ ਯੂਨੀਵਰਸਿਟੀ ਦੇ ਪ੍ਰੋਗਰਾਮਾਂ ਅਤੇ ਕੋਰਸਾਂ ਬਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਜਾਣਕਾਰੀ ਸਾਂਝੀ ਕਰਕੇ ਮਹੱਤਵਪੂਰਨ ਯੋਗਦਾਨ ਦੇਣ: ਡਾ: ਬਲਜੀਤ ਸਿੰਘ
ਪਟਿਆਲਾ 22 ਜਨਵਰੀ : ਸਕੱਤਰ ਸਕੂਲ ਸਿੱਖਿਆ ਪੰਜਾਬ ਅਤੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਕਮਲ ਕਿਸ਼ੋਰ ਯਾਦਵ ਆਈ. ਏ. ਐਸ ਦੀ ਯੋਗ ਅਗਵਾਈ ਅਤੇ ਡਾ. ਬਲਜੀਤ ਸਿੰਘ ਖਹਿਰਾ ਦੀ ਦੇਖ-ਰੇਖ ਹੇਠ ਜ਼ਿਲ੍ਹਾ ਪਟਿਆਲਾ ਦੇ ਸਕੂਲਾਂ ਵਿੱਚ ਸਕੂਲ ਗਾਈਡੈਂਸ ਕਾਊਂਸਲਰ ਦੀਆਂ ਡਿਊਟੀਆਂ ਨਿਭਾ ਰਹੇ ਅਧਿਆਪਕਾਂ ਦਾ ਇੱਕ ਰੋਜ਼ਾ ਸੈਮੀਨਾਰ ਮਹਿੰਦਰਾ ਕਾਲਜ ਵਿਖੇ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ਆਯੋਜਨ ਕੀਤਾ ਗਿਆ ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਰਜਿਸਟਰਾਰ ਡਾ: ਬਲਜੀਤ ਸਿੰਘ ਖਹਿਰਾ ਅਤੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਸੈਮੀਨਾਰ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਅਤੇ ਡਾ. ਰਵਿੰਦਰਪਾਲ ਸ਼ਰਮਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸੈਮੀਨਾਰ ਦਾ ਉਦੇਸ਼ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਅਤੇ ਪੜ੍ਹਾ ਰਹੇ ਅਧਿਆਪਕਾਂ ਨੂੰ ਪੰਜਾਬ ਰਾਜ ਓਪਨ ਯੂਨੀਵਰਸਿਟੀ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਅਤੇ ਕੋਰਸਾਂ ਬਾਰੇ ਜਾਗਰੂਕ ਕਰਨਾ ਸੀ ।
ਇਸ ਸੈਮੀਨਾਰ ਦੀ ਸ਼ੁਰੂਆਤ ਵਿੱਚ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਬਲਜੀਤ ਸਿੰਘ ਖਹਿਰਾ ਨੇ ਅਧਿਆਪਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਰਾਜ ਓਪਨ ਯੂਨੀਵਰਸਿਟੀ ਨੇ ਸਿੱਖਿਆ ਦਾ ਮਨੋਰਥ ਵਿਦਿਆਰਥੀਆਂ ਅੰਦਰ ਗਿਆਨ ਵਧਾਉਣਾ, ਉਹਨਾਂ ਦੇ ਹੁਨਰ ਨੂੰ ਪ੍ਰਫੁੱਲਿਤ ਕਰਨਾ, ਆਸ਼ਾਵਾਦੀ ਅਤੇ ਸਾਕਾਰਾਤਮਕ ਦ੍ਰਿਸ਼ਟੀਕੋਣ ਬਣਾਉਣ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਦਾ ਵਿਕਾਸ ਕਰਨਾ ਹੈ। ਇਸ ਲਈ ਸਕੂਲਾਂ ਵਿੱਚ ਕੰਮ ਕਰ ਰਹੇ ਅਧਿਆਪਕ ਗਾਈਡੈਂਸ ਕਾਊਂਸਲਰ ਆਪਣਾ ਵਡਮੁੱਲਾ ਯੋਗਦਾਨ ਦੇ ਰਹੇ ਹਨ। ਉਹਨਾਂ ਨੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਇੰਦਰਪ੍ਰੀਤ ਸਿੰਘ ਦੇ ਨਾਲ ਸੈਮੀਨਾਰ ਵਿੱਚ ਪਹੁੰਚੇ ਸਮੂਹ ਅਧਿਆਪਕਾਂ ਨੂੰ ਜੀ ਆਇਆਂ ਕਿਹਾ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ, ਸੇਵਾ ਅਤੇ ਕਿਰਤੀ ਦੇ ਫ਼ਲਸਫ਼ੇ ਨੂੰ ਹਰ ਘਰ ਤੱਕ ਪਹੁੰਚਾਉਣ ਦਾ ਸੰਦੇਸ਼ ਦਿੱਤਾ। ਪ੍ਰੋ. ਖਹਿਰਾ ਨੇ ਕਿਹਾ ਕਿ ਹੁਨਰ ਅਧਾਰਿਤ ਸਿੱਖਿਆ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਮਹੱਤਵਪੂਰਨ ਹੈ। ਸੈਮੀਨੇਰੀਅਨ ਅਧਿਆਪਕਾਂ ਨੂੰ ਆਪਣੇ ਸੰਬੋਧਨ ਵਿੱਚ ਇੰਦਰਪ੍ਰੀਤ ਸਿੰਘ ਜ਼ਿਲ੍ਹਾ ਗਾਈਡੈਂਸ ਕੌਂਸਲਰ ਪਟਿਆਲਾ ਨੇ ਕਿਹਾ ਕਿ ਸਿੱਖਿਆ ਨਾਲ ਸਮਾਜ ਨੂੰ ਇੱਕ ਚੰਗੀ ਸੇਧ ਮਿਲਦੀ ਹੈ। ਸਿੱਖਿਆ ਮਨੁੱਖ ਨੂੰ ਸੱਭਿਅਕ ਅਤੇ ਜਿੰਮੇਵਾਰ ਬਣਾਉਂਦੀ ਹੈ।
ਡਾ. ਸੁਖਪਾਲ ਕੌਰ, ਮੁਖੀ ਦਾਖ਼ਲਾ ਸੈੱਲ ਨੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਅਤੇ ਦਾਖ਼ਲੇ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਯੂਨੀਵਰਸਿਟੀ ਦੇ ਮਾਟੋ ਸੇਵਾ, ਕੌਸ਼ਲ ਨਿਪੁੰਨਤਾ, ਰੋਜ਼ਗਾਰ ਦੇ ਮੌਕਿਆਂ ਨੂੰ ਪੈਦਾ ਕਰਨ ਦੇ ਯੋਗ ਬਣਾਉਣ, ਬੁੱਧੀਮਤਾ ਅਤੇ ਹਰੇਕ ਲੋੜਵੰਦ ਤੱਕ ਪਹੁੰਚ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ‘ਤੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਵਿਦਿਆਰਥੀ ਯੂਨੀਵਰਸਿਟੀ ਵਿੱਚ ਸਾਲ ਵਿੱਚ ਦੋ ਅਕਾਦਮਿਕ ਗੇੜਾਂ (ਜੁਲਾਈ ਅਤੇ ਜਨਵਰੀ) ਵਿੱਚ ਦਾਖ਼ਲਾ ਲੈ ਸਕਦੇ ਹਨ। ਉਹਨਾਂ ਦੁਆਰਾ ਯੂਨੀਵਰਸਿਟੀ ਵਿੱਚ ਚਲ ਰਹੇ ਕੋਰਸਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਯੂ. ਜੀ.ਸੀ. ਦੁਆਰਾ ਅਪ੍ਰੈਲ 2020 ਦੀਆਂ ਜਾਰੀ ਹਦਾਇਤਾਂ ਅਨੁਸਾਰ ਦੋਹਰੀ ਡਿਗਰੀ ਦੀ ਸਹੂਲਤ ਬਾਰੇ ਵੀ ਵਿਸਥਾਰ ਵਿੱਚ ਦੱਸਿਆ । ਡਾ. ਸੁਖਪਾਲ ਨੇ ਯੂਨੀਵਰਸਿਟੀ ਦੀ ਵੈਬਸਾਈਟ, ਆਨ ਲਾਈਨ ਸਿੱਖਿਆ, ਦਾਖ਼ਲੇ ਦੀ ਪ੍ਰਕਿਰਿਆ, ਵੱਖ ਵੱਖ ਵਰਗਾਂ ਦੇ ਵਿਦਿਆਰਥੀਆਂ ਲਈ ਚਲਾਈਆਂ ਜਾ ਰਹੀਆਂ ਲਾਹੇਵੰਦ ਸਕੀਮਾਂ ਨੂੰ ਦੱਸਿਆ । ਉਹਨਾਂ ਕਿਹਾ ਕਿ ਵਿਦਿਆਰਥੀ ਅਪਣੇ ਨਤੀਜੇ ਡਿਜੀਲੌਕਰ ‘ਤੇ ਵੀ ਦੇਖ ਸਕਦੇ ਹਨ।
ਦੀਪਕ ਵਰਮਾ ਯੂਨੀਵਰਸਿਟੀ ਵਿਦਿਆਰਥੀ ਨੇ ਆਪਣੇ ਵਡਮੁੱਲੇ ਤਜ਼ਰਬੇ ਸਾਂਝੇ ਕੀਤੇ ਅਤੇ ਮੌਜੂਦ ਸੈਮੀਨੇਰਅਨ ਨੂੰ ਪ੍ਰੇਰਿਤ ਕੀਤਾ। ਪ੍ਰੋ. ਕੰਵਲਵੀਰ ਸਿੰਘ ਢੀਂਡਸਾ, ਕੰਟਰੋਲਰ ਪ੍ਰੀਖਿਆਵਾਂ ਨੇ ਆਏ ਸਭ ਦਾ ਧੰਨਵਾਦ ਕੀਤਾ। ਡਾ. ਅਮਰਜੀਤ ਸਿੰਘ, ਸਹਾਇਕ ਪ੍ਰੋਫੈਸਰ ਦੁਆਰਾ ਮੰਚ ਸੰਚਾਲਨ ਕੀਤਾ ਗਿਆ ਅਤੇ ਡਾ. ਪਰਮਪ੍ਰੀਤ ਕੌਰ, ਸਹਾਇਕ ਪ੍ਰੋਫੈਸਰ ਇਸ ਸਮਾਗਮ ਦੇ ਕੋਆਰਡੀਨੇਟਰ ਰਹੇ। ਇਸ ਮੌਕੇ ਕੰਵਲਵੀਰ ਸਿੰਘ ਢੀਂਡਸਾ, ਕੰਟਰੋਲਰ ਪ੍ਰੀਖਿਆਵਾਂ, ਗਗਨਦੀਪ ਔਲਖ ਡਿਪਟੀ ਰਜਿਸਟਰਾਰ, ਮਨਪ੍ਰੀਤ ਸਿੱਧੂ ਅਸਿਸਟੈਂਟ ਰਜਿਸਟਰਾਰ, ਵੱਖ-ਵੱਖ ਬਲਾਕਾਂ ਦੇ ਬਲਾਕ ਗਾਈਡੈਂਸ ਕਾਊਂਸਲਰ, ਰਾਜਿੰਦਰ ਸਿੰਘ ਚਾਨੀ ਸਕੂਲ ਕਾਊਂਸਲਰ ਅਤੇ ਯੂਨੀਵਰਸਿਟੀ ਦੇ ਸਮੂਹ ਸਟਾਫ ਮੈਂਬਰ ਵੀ ਮੌਜੂਦ ਰਹੇ ।