ਗੁਰਪ੍ਰਤਾਪ ਸਿੰਘ ਵਡਾਲਾ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਵਿਚ ਆਬਜਰਵਰ

ਗੁਰਪ੍ਰਤਾਪ ਸਿੰਘ ਵਡਾਲਾ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਵਿਚ ਆਬਜਰਵਰ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਪਾਰਟੀ ਦੀ 20 ਜਨਵਰੀ ਤੋਂ ਸ਼ੁਰੂ ਹੋਈ ਫਰੀਦਕੋਟ ਮੈਂਬਰਸਿ਼ਪ ਭਰਤੀ ਦੀ ਨਿਗਰਾਨੀ ਵਾਸਤੇ ਬਤੌਰ ਆਬਜ਼ਰਵਰ ਸ਼ਾਮਲ ਕੀਤਾ ਹੈ । ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਬਾਰੇ ਫੈਸਲਾ ਪਾਰਟੀ ਦੇ ਪਾਰਲੀਮਾਨੀ ਬੋਰਡ ਦੀ ਮੀਟਿੰਗ ਵਿਚ ਲਿਆ ਗਿਆ, ਜਿਸਦੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕੀਤੀ । ਪਾਰਲੀਮਾਨੀ ਬੋਰਡ ਨੇ ਫੈਸਲਾ ਲਿਆ ਕਿ ਵਰਿੰਦਰ ਸਿੰਘ ਬਾਜਵਾ ਜਿਨ੍ਹਾਂ ਨੂੰ ਪਹਿਲਾਂ ਨਵਾਂਸ਼ਹਿਰ ਦੀ ਜਿੰਮੇਵਾਰੀ ਦਿੱਤੀ ਗਈ ਸੀ, ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਰਲ ਕੇ ਹੁਸਿ਼ਆਰਪੁਰ ਜਿ਼ਲ੍ਹੇ ਵਿਚ ਭਰਤੀ ਦੀ ਨਿਗਰਾਨੀ ਕਰਨਗੇ ਜਦੋਂ ਕਿ ਜਰਨੈਲ ਸਿੰਘ ਵਾਹਿਦ ਨਵਾਂਸ਼ਹਿਰ ਜਿ਼ਲ੍ਹੇ ਦੀ ਨਿਗਰਾਨੀ ਕਰਨਗੇ । ਸ਼ੋ੍ਰਮਣੀ ਅਕਾਲੀ ਦਲ ਦੇ ਸੀਨਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬੋਰਡ ਨੇ ਇਹ ਫੈਸਲਾ ਵੀ ਲਿਆ ਹੈ ਕਿ ਰਾਜ ਸਿੰਘ ਡਿੱਬੀਪੁਰਾ ਫਿਰੋਜ਼ਪੁਰ ਜਿ਼ਲ੍ਹੇ ਵਿਚ ਜੋਗਿੰਦਰ ਸਿੰਘ ਜਿੰਦੂ ਨਾਲ ਰਲ ਕੇ ਕੰਮ ਕਰਨਗੇ ਅਤੇ ਪ੍ਰੀਤਇੰਦਰ ਸਿੰਘ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਫਾਜਿ਼ਲਕਾ ਜਿ਼ਲ੍ਹੇ ਵਿਚ ਵਰਦੇਵ ਸਿੰਘ ਮਾਨ ਨਾਲ ਮਿਲ ਕੇ ਕੰਮ ਕਰਨਗੇ । ਡਾ. ਚੀਮਾ ਨੇ ਸਪੱਸ਼ਟ ਕੀਤਾ ਕਿ ਜੇਕਰ ਬੀਬੀ ਸਤਵੰਤ ਕੌਰ ਪਾਰਟੀ ਵਿਚ ਸੇਵਾ ਕਰਨੀ ਚਾਹੁੰਦੇ ਹਨ ਤਾਂ ਉਹਨਾਂ ਦਾ ਸਵਾਗਤ ਹੈ । ਉਹਨਾਂ ਕਿਹਾ ਕਿ ਬੀਬੀ ਸਤਵੰਤ ਕੌਰ ਬਹੁਤ ਹੀ ਸਤਿਕਾਰਯੋਗ ਧਾਰਮਿਕ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਉਹਨਾਂ ਦੀ ਪਾਰਟੀ ਵਿਚ ਸ਼ਮੂਲੀਅਤ ਸਾਡੇ ਲਈ ਮਾਣ ਵਾਲੀ ਗੱਲ ਹੋਵੇਗੀ । ਉਹਨਾਂ ਕਿਹਾ ਕਿ ਕਿਉਂਕਿ ਉਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ ਅਤੇ ਕਮੇਟੀ ਤੋਂ ਤਨਖਾਹ ਲੈ ਰਹੇ ਹਨ ਤਾਂ ਲਾਜ਼ਮੀ ਹੈ ਕਿ ਉਹ ਨਿਯਮਾਂ ਮੁਤਾਬਕ ਸਿਆਸੀ ਪਾਰਟੀ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ । ਅਕਾਲੀ ਦਲ ਨੇ ਮੁੜ ਦੁਹਰਾਇਆ ਕਿ ਉਹ ਉਹਨਾਂ ਨੂੰ ਢੁਕਵੀਂ ਜਿੰਮੇਵਾਰੀ ਦੇਣ ਵਿਚ ਕੋਈ ਹਿਚਕਿਚਾਹਟ ਨਹੀਂ ਕਰ ਰਿਹਾ । ਉਹਨਾਂ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਣ ਜਾਂ ਨਾ ਹੋਣ ਦਾ ਫੈਸਲਾ ਬੀਬੀ ਸਤਵੰਤ ਕੌਰ ਜੀ ਦਾ ਆਪਣਾ ਹੈ ।
