ਡੀ.ਟੀ.ਐੱਫ. ਵੱਲੋਂ ਦਫ਼ਤਰੀ ਕਰਮਚਾਰੀਆਂ ਤੇ ਆਈ.ਈ.ਆਰ.ਟੀ. ਦੇ 'ਕਲਮ ਛੋੜ' ਸੰਘਰਸ਼ ਦੀ ਹਮਾਇਤ

ਦੁਆਰਾ: News ਪ੍ਰਕਾਸ਼ਿਤ :Saturday, 08 July, 2023, 07:00 PM

ਡੀ.ਟੀ.ਐੱਫ. ਵੱਲੋਂ ਦਫ਼ਤਰੀ ਕਰਮਚਾਰੀਆਂ ਤੇ ਆਈ.ਈ.ਆਰ.ਟੀ. ਦੇ ‘ਕਲਮ ਛੋੜ’ ਸੰਘਰਸ਼ ਦੀ ਹਮਾਇਤ
*ਸਾਰੇ ਕੱਚੇ ਮੁਲਾਜ਼ਮ ਪੂਰੇ ਲਾਭਾਂ ਸਹਿਤ ਪੱਕੇ ਕੀਤੇ ਜਾਣ: ਡੀ.ਟੀ.ਐੱਫ.

ਪਟਿਆਲਾ ( ) -ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਨੇ 6 ਜੁਲਾਈ ਤੋਂ ਅਣਮਿਥੇ ਸਮੇਂ ਲਈ ਕਲਮ ਛੋੜ ਹੜਤਾਲ ‘ਤੇ ਗਏ ਸਮੱਗਰਾ ਸਿੱਖਿਆ ਅਭਿਆਨ, ਮਿਡ ਡੇ ਮੀਲ ਦਫ਼ਤਰੀ ਕਰਮਚਾਰੀਆਂ, ਇਨਕਲੁਸਿਵ ਐਜੂਕੇਸ਼ਨ ਰਿਸੋਰਸ ਟੀਚਰਜ਼ (ਆਈ.ਈ.ਆਰ.ਟੀ.) ਅਤੇ ਸਪੈਸ਼ਲ ਟੀਚਰਜ਼ (ਐੱਸ.ਟੀ.) ਦੇ ਸੰਘਰਸ਼ ਨਾਲ ਇੱਕਜੁੱਟਤਾ ਪ੍ਰਗਟ ਕਰਦਿਆਂ ਡਟਵੀਂ ਹਮਾਇਤ ਦਾ ਐਲਾਨ ਕੀਤਾ ਹੈ।
ਇਸ ਸਬੰਧੀ ਵਧੇਰੇ ਗੱਲਬਾਤ ਕਰਦਿਆਂ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕੇ ਪਿਛਲੇ ਇੱਕ ਦਹਾਕੇ ਤੋਂ ਠੇਕਾ ਅਧਾਰਿਤ ਨੌਕਰੀਆਂ ਤਹਿਤ ਆਰਥਿਕ ਤੇ ਮਾਨਸਿਕ ਸ਼ੋਸਣ ਦਾ ਸ਼ਿਕਾਰ ਹੋ ਰਹੇ ਇਹਨਾਂ ਕੱਚੇ ਮੁਲਾਜ਼ਮਾਂ ਵੱਲੋਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਪ੍ਰੰਤੂ ਪਹਿਲਾਂ ਰਾਜ ਕਰਦੀਆਂ ਸਿਆਸੀ ਧਿਰਾਂ ਵਾਂਗ, ਮੌਜੂਦਾ ‘ਆਪ’ ਸਰਕਾਰ ਵੀ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰਾਈਜੇਸ਼ਨ ਰਾਹੀਂ ਸੁਰੱਖੀਅਤ ਕਰਕੇ, ਲੋਕ ਭਲਾਈ ਨਾਲ ਸਬੰਧਿਤ ਸਰਕਾਰੀ ਵਿਭਾਗਾਂ ਨੂੰ ਮਜਬੂਤ ਕਰਨ ਦੀ ਥਾਂ, ਨਿੱਜੀਕਰਨ ਦੀ ਨੀਤੀ ‘ਤੇ ਹੀ ਧੜੱਲੇ ਨਾਲ ਅੱਗੇ ਵਧ ਰਹੀ ਹੈ। ਡੀ.ਟੀ.ਐੱਫ. ਪੰਜਾਬ ਦੇ ਸੂਬਾਈ ਆਗੂਆਂ ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਜਸਵਿੰਦਰ ਔਜਲਾ, ਰਘਬੀਰ ਭਵਾਨੀਗੜ੍ਹ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਇਹਨਾਂ ਕਰਮਚਾਰੀਆਂ ਸਮੇਤ ਸਿੱਖਿਆ ਵਿਭਾਗ ਦੇ ਕੁੱਲ 8786 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਚਲਾਈ ਪ੍ਰਕ੍ਰਿਆ ਕੇਵਲ ਇਸ਼ਤਿਹਾਰਾਂ ਤੱਕ ਸੀਮਤ ਰਹਿਣ ਵਾਲੀ ਹਵਾਈ ਕਾਰਵਾਈ ਸਾਬਤ ਹੋਈ ਹੈ। ਜਿਸ ਤੋਂ ਖ਼ਫ਼ਾ ਹੁੰਦਿਆਂ ਇਹਨਾਂ ਕਰਮਚਾਰੀਆਂ ਨੇ ਪੰਜਾਬ ਸਰਕਾਰ ਦੇ ਕੱਚੇ/ਠੇਕਾ ਅਧਾਰਿਤ ਕਰਚਾਰੀਆਂ ਨੂੰ ਰੈਗੂਲਰ ਕਰਨ ਸੰਬੰਧੀ ਕੀਤੇ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ ਕਲਮ ਛੋੜ ਹੜਤਾਲ ਅਤੇ ਹੋਰ ਵੱਡੇ ਸੰਘਰਸ਼ਾਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ, ਜਿਸ ਦੀ ਡੀ.ਟੀ.ਐੱਫ. ਵੱਲੋਂ ਡੱਟਵੀ ਹਮਾਇਤ ਕਰਦੇ ਹੋਏ ਸਕੂਲੀ ਸਿੱਖਿਆ ਵਿਭਾਗ ਦੇ ਸਮੂਹ 14 ਹਜ਼ਾਰ ਕੱਚੇ ਅਧਿਆਪਕਾਂ ਅਤੇ ਨਾਨ ਟੀਚਿੰਗ ਕਰਮਚਾਰੀਆਂ ਨੂੰ ਸਿਵਲ ਸਰਵਿਸ ਰੂਲਾਂ ਤਹਿਤ ਪੂਰੇ ਤਨਖਾਹ ਸਕੇਲਾਂ ਤੇ ਭੱਤਿਆਂ ਸਹਿਤ ਰੈਗੂਲਰ ਕਰਨ ਦੀ ਮੰਗ ਨੂੰ ਲੈਕੇ ਇਸ ਸੰਘਰਸ਼ ਵਿੱਚ ਭਰਵਾਂ ਸਹਿਯੋਗ ਕਰਨ ਦਾ ਫੈਸਲਾ ਕੀਤਾ ਗਿਆ ਹੈ।



Scroll to Top