ਅੰਤਰਰਾਸ਼ਟਰੀ ਸ਼ੂਟਿੰਗ ਸੀਜ਼ਨ ਦੀ ਸ਼ੁਰੂਆਤ ਦੱਖਣੀ ਅਮਰੀਕਾ ਵਿੱਚ ਦੋ-ਪੜਾਅ ਦੇ ਵਿਸ਼ਵ ਕੱਪ ਨਾਲ ਹੋਵੇਗੀ

ਅੰਤਰਰਾਸ਼ਟਰੀ ਸ਼ੂਟਿੰਗ ਸੀਜ਼ਨ ਦੀ ਸ਼ੁਰੂਆਤ ਦੱਖਣੀ ਅਮਰੀਕਾ ਵਿੱਚ ਦੋ-ਪੜਾਅ ਦੇ ਵਿਸ਼ਵ ਕੱਪ ਨਾਲ ਹੋਵੇਗੀ
ਨਵੀਂ ਦਿੱਲੀ : ਅੰਤਰਰਾਸ਼ਟਰੀ ਸ਼ੂਟਿੰਗ ਸੀਜ਼ਨ ਦੀ ਸ਼ੁਰੂਆਤ ਦੱਖਣੀ ਅਮਰੀਕਾ ਵਿੱਚ ਦੋ-ਪੜਾਅ ਦੇ ਵਿਸ਼ਵ ਕੱਪ ਨਾਲ ਹੋਵੇਗੀ । ਪਹਿਲਾ ਟੂਰਨਾਮੈਂਟ 1 ਤੋਂ 11 ਅਪ੍ਰੈਲ ਤੱਕ ਅਰਜਨਟੀਨਾ ਦੇ ਬਿਊਨਸ ਆਇਰਸ ਵਿੱਚ ਅਤੇ ਦੂਜਾ 13 ਤੋਂ 22 ਅਪ੍ਰੈਲ ਤੱਕ ਪੇਰੂ ਦੇ ਲੀਮਾ ਵਿੱਚ ਖੇਡਿਆ ਜਾਵੇਗਾ । ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਮਨੂ ਭਾਕਰ ਅਪ੍ਰੈਲ ’ਚ ਦੱਖਣੀ ਅਮਰੀਕਾ ’ਚ ਹੋਣ ਵਾਲੇ ਸੀਜ਼ਨ ਦੇ ਪਹਿਲੇ ਆਈ. ਐਸ. ਐਸ. ਐਫ. ਸ਼ੂਟਿੰਗ ਵਿਸ਼ਵ ਕੱਪ ’ਚ 35 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰੇਗੀ । ਮਨੂ ਭਾਕਰ ਜਿਸ ਨੂੰ ਹਾਲ ਹੀ ’ਚ ਧਿਆਨ ਚੰਦ ਖੇਲ ਰਤਨ ਪੁਰਸਕਾਰ ਮਿਲਿਆ ਹੈ ਨੇ ਪੈਰਿਸ ਓਲੰਪਿਕ ਵਿੱਚ 10 ਮੀਟਰ ਏਅਰ ਪਿਸਟਲ ਵਿਅਕਤੀਗਤ ਅਤੇ ਮਿਕਸਡ ਟੀਮ (ਸਰਬਜੋਤ ਸਿੰਘ ਨਾਲ) ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ । ਉਹ ਵਿਸ਼ਵ ਕੱਪ ਵਿੱਚ ਔਰਤਾਂ ਦੀ ਏਅਰ ਪਿਸਟਲ ਅਤੇ 25 ਮੀਟਰ ਪਿਸਟਲ ਵਿੱਚ ਹਿੱਸਾ ਲਵੇਗੀ । ਉਨ੍ਹਾਂ ਨਾਲ ਪੈਰਿਸ ਓਲੰਪੀਅਨ ਅਨੀਸ਼ ਭਾਨਵਾਲਾ ਅਤੇ ਵਿਜੇਵੀਰ ਸਿੱਧੂ (ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਪਿਸਟਲ), ਆਇਸ਼ਾ ਸਿੰਘ (ਮਹਿਲਾਵਾਂ ਦੀ 25 ਮੀਟਰ ਪਿਸਟਲ), ਐਸ਼ਵਰਿਆ ਪ੍ਰਤਾਪ ਸਿੰਘ ਤੋਮਰ (ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੋਜੀਸ਼ਨ), ਸਿਫਤ ਕੌਰ ਸਮਰਾ ਅਤੇ ਸ਼੍ਰੇਅੰਕਾ ਸਦੰਗੀ (ਮਹਿਲਾਵਾਂ ਦੀ 50 ਮੀਟਰ ਰਾਈਫਲ 3 ਪੋਜੀਸ਼ਨ), ਅਰਜੁਨ ਬਾਬੂਤਾ (ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ), ਪ੍ਰਿਥਵੀਰਾਜ ਟੋਂਡਾਈਮਨ (ਟ੍ਰੈਪ), ਅਨੰਤਜੀਤ ਸਿੰਘ ਨਾਰੂਕਾ (ਸਕੀਟ) ਅਤੇ ਰੀਜ਼ਾ ਢਿੱਲੋਂ (ਮਹਿਲਾਵਾਂ ਦੀ ਸਕੀਟ) ਸ਼ਾਮਲ ਹਨ । ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਨੇ 14 ਮਾਰਚ ਤੋਂ ਇੱਥੇ ਟੀਮ ਲਈ ਇੱਕ ਸਿਖ਼ਲਾਈ ਕੈਂਪ ਦਾ ਆਯੋਜਨ ਕੀਤਾ ਹੈ । ਐਨ. ਆਰ. ਏ. ਆਈ. ਨੇ ਇੱਕ ਬਿਆਨ ਵਿੱਚ ਕਿਹਾ ਕਿ ਹਰੇਕ ਸ਼੍ਰੇਣੀ ਵਿੱਚ ਤਿੰਨ ਵਿਸ਼ਵ ਕੱਪ ਪੜਾਅ ਹੋਣਗੇ ਜਦੋਂ ਕਿ ਦੋ ਜੂਨੀਅਰ ਵਿਸ਼ਵ ਕੱਪ ਵੀ ਖੇਡੇ ਜਾਣਗੇ । ਵਿਸ਼ਵ ਕੱਪ ਦਾ ਦੂਜਾ ਪੜਾਅ ਸਤੰਬਰ ਵਿੱਚ ਦਿੱਲੀ ਵਿੱਚ ਹੋਵੇਗਾ । ਅਗਸਤ ਵਿੱਚ ਕਜ਼ਾਕਿਸਤਾਨ ਵਿੱਚ 16ਵੀਂ ਏਸ਼ੀਅਨ ਚੈਂਪੀਅਨਸ਼ਿਪ ਵੀ ਹੈ । ਐਨ. ਆਰ. ਏ. ਆਈ. ਨੇ ਹਾਲ ਹੀ ਵਿੱਚ ਮਨੂ ਦੇ ਕੋਚ ਜਸਪਾਲ ਰਾਣਾ ਨੂੰ 25 ਮੀਟਰ ਪਿਸਟਲ ਕੋਚ ਨਿਯੁਕਤ ਕੀਤਾ ਹੈ ਜਦੋਂ ਕਿ ਜੀਤੂ ਰਾਏ 10 ਮੀਟਰ ਏਅਰ ਪਿਸਟਲ ਕੋਚ ਹੋਣਗੇ । ਦਰੋਣਾਚਾਰੀਆ ਪੁਰਸਕਾਰ ਜੇਤੂ ਦੀਪਾਲੀ ਦੇਸ ਪਾਂਡੇ ਜੋ ਪੈਰਿਸ ਓਲੰਪਿਕ ਦੇ ਕਾਂਸੀ ਤਗਮਾ ਜੇਤੂ ਸਵਪਨਿਲ ਕੁਸਾਲੇ ਦੀ ਕੋਚ ਹੈ, ਨੂੰ ਰਾਈਫਲ ਵਿੱਚ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ ।
