ਭਾਸ਼ਾ ਵਿਭਾਗ ਪੰਜਾਬ ਦੇ ਕਵੀ ਦਰਬਾਰ ਦੌਰਾਨ ਚੱਲੀਆਂ ਹਾਸੇ ਦੀਆਂ ਫੁਹਾਰਾਂ

ਭਾਸ਼ਾ ਵਿਭਾਗ ਪੰਜਾਬ ਦੇ ਕਵੀ ਦਰਬਾਰ ਦੌਰਾਨ ਚੱਲੀਆਂ ਹਾਸੇ ਦੀਆਂ ਫੁਹਾਰਾਂ
ਪਟਿਆਲਾ, 22 ਫਰਵਰੀ : ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਹਾਸਰਸ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੌਰਾਨ ਨਾਮਵਰ ਕਵੀਆਂ ਨੇ ਹਾਸੇ ਦੀਆਂ ਫੁਹਾਰਾਂ ਛੱਡੀਆਂ । ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭ ਦੇ ਸਹਿਯੋਗ ਨਾਲ ਹੋਏ ਇਸ ਕਵੀ ਦਰਬਾਰ ਦਾ ਵੱਡੀ ਗਿਣਤੀ ’ਚ ਸਰੋਤਿਆਂ ਨੇ ਅਨੰਦ ਮਾਣਿਆ । ਸਮਾਗਮ ਦੀ ਸ਼ੁਰੂਆਤ ਬਰਜਿੰਦਰ ਠਾਕੁਰ ਨੇ ‘ਆਪਣੀ ਬੋਲੀ ਆਪਣਾ ਵਿਰਸਾ ਨਾ ਭੁੱਲ ਜਾਇਓ..,’ ਕਵਿਤਾ ਨਾਲ ਕੀਤੀ ਅਤੇ ਵਿਆਹੁਤਾ ਜੀਵਨ ਬਾਰੇ ਹਾਸਰਸ ਵਾਲਾ ਕਲਾਮ ਵੀ ਪੇਸ਼ ਕੀਤਾ । ਸਤੀਸ਼ ਭੁੱਲਰ ਨੇ ਸੋਸ਼ਲ ਮੀਡੀਆ ਦੇ ਪ੍ਰਭਾਵਾਂ ’ਤੇ ਵਿਅੰਗ ਕਸਦੀ ਕਵਿਤਾ ‘ਮੈਨੂੰ ਹੋ ਗਿਆ ਏ ਨਸ਼ਾ ਫੇਸਬੁੱਕ ਦਾ’ ਪੇਸ਼ ਕੀਤੀ । ਅਸ਼ਵਨੀ ਗੁਪਤਾ ਮੋਗਾ ਨੇ ‘ਬੋਲਿਆ ਕਰ ਕੁਝ ਘੱਟ ਨਹੀਂ ਤਾਂ ਪਛਤਾਏਗਾ’ ਅਤੇ ‘ਧੂੜ ’ਚ ਟੱਟੂ ਭਜਾਈ ਜਾ’ ਕਵਿਤਾਵਾਂ ਪੇਸ਼ ਕਰਕੇ ਵਾਹ-ਵਾਹ ਖੱਟੀ । ਸਤੀਸ਼ ਵਿਦਰੋਹੀ ਨੇ ਪੁਆਧੀ ਭਾਸ਼ਾ ’ਚ ‘ਕੁਦਰਤ ਨਾਲ ਤਾਲਮੇਲ ਮੈਂ ਐਸਾ ਬਣਾ ਲਿਆ’ ਕਵਿਤਾ ਰਾਹੀਂ ਵਹਿਮਾਂ-ਭਰਮਾਂ ’ਤੇ ਵਿਅੰਗ ਕਸਿਆ ਅਤੇ ‘ਘਰ ਤਾਂ ਫੁਕ ਜਾਏਗਾ ਪਰ ਚੂਹਿਆਂ ਕੀ ਪੂਛਾਂ ਚਕਾ ਦਿਆਂਗੇ’ ਕਵਿਤਾ ਰਾਹੀਂ ਅਜੋਕੇ ਰਾਜਨੀਤਿਕ ਵਰਤਾਰੇ ’ਤੇ ਕਟਾਕਸ਼ ਕੀਤਾ ।
ਸਾਧੂ ਰਾਮ ਲੰਗੇਆਣਾ ਨੇ ‘ਡਰਦੀ ਚੋਰਾਂ ਤੋਂ ਰੱਬ ਰੱਬ ਕਰਦੀ ਗੋਲਕ ਬਾਬੇ ਦੀ’ ਕਵਿਤਾ ਰਾਹੀਂ ਅਜੋਕੇ ਦੌਰ ਦੇ ਬਾਬਿਆਂ ਦੇ ਕਿਰਦਾਰ ’ਤੇ ਵਿਅੰਗ ਕਸਿਆ। ਦਵਿੰਦਰ ਗਿੱਲ ਨੇ ‘ਹੀਰ ਆਫਟਰ ਮੈਰਿਜ’ ਕਵਿਤਾ ਰਾਹੀਂ ਅਜੋਕੇ ਦੌਰ ਦੇ ਪ੍ਰੇਮੀਆਂ ਦਾ ਮਜ਼ਾਕ ਉਡਾਇਆ। ਜੰਗ ਸਿੰਘ ਫੱਟੜ ਨੇ ਮਾਡਰਨ ਹੀਰ ਸੁਣਾਈ । ਵਰਿੰਦਰ ਜੇਤਵਾਨੀ ਨੇ ‘ਸੁਪਨਾ ਤਾਂ ਸੁਪਨਾ ਏ ਸੁਪਨੇ ਦਾ ਕੀ ਏ..’ ਕਵਿਤਾ ਰਾਹੀਂ ਸੁਪਨਿਆਂ ਰਾਹੀਂ ਦੁਨੀਆ ਦੀ ਹਰ ਮੰਜ਼ਿਲ ਪਾਉਣ ਦੀ ਤਸਵੀਰ ਪੇਸ਼ ਕੀਤੀ । ਚਰਨ ਪੁਆਧੀ ਨੇ ‘ਮਾਰੇ ਗਾਓਂ ਕੀ ਬੁੜੀਆਂ’ ਅਤੇ ‘ਮਾਰੇ ਗਾਓਂ ਕੇ ਲੋਗ’ ਕਵਿਤਾ ਰਾਹੀਂ ਪੁਆਧੀ ਜਨਜੀਵਨ ਦੀ ਤਸਵੀਰ ਪੇਸ਼ ਕੀਤੀ । ਅੰਮ੍ਰਿਤਪਾਲ ਕੌਫੀ ਨੇ ‘ਲਾਲ ਤਾਬੀਜ਼’ ਕਵਿਤਾ ਰਾਹੀਂ ਅਜੋਕੇ ਭ੍ਰਿਸ਼ਟ ਰਾਜਨੀਤਿਕ ਜੀਵਨ ’ਤੇ ਵਿਅੰਗ ਕਸਿਆ । ਜਗਸੀਰ ਜੀਦਾ ਨੇ ਪੰਜਾਬੀ ਭਾਸ਼ਾ ਦੀ ਸਥਿਤੀ ਨੂੰ ਦਰਸਾਉਂਦੇ ਗੀਤ ਨੂੰ ਤੁਰੰਨਮ ਰਾਹੀਂ ਗਾ ਕੇ ਸਮਾਂ ਬੰਨ ਦਿੱਤਾ । ਫਿਰ ਉਨਾਂ ਆਪਣੀਆਂ ਵਿਅੰਗਮਈ ਬੋਲੀਆਂ ਰਾਹੀਂ ਸਮਾਗਮ ਨੂੰ ਸਿਖਰ ਵੱਲ ਵਧਾ ਦਿੱਤਾ । ਅਖੀਰ ’ਚ ਪੰਡਤ ਸੋਮ ਨਾਥ ਰੋਡਿਆਂ ਵਾਲਿਆਂ ਨੇ ਕਾਵਿ ਦੀ ਅਹਿਮੀਅਤ ਨੂੰ ਦਰਸਾਉਂਦੀ ਕਵਿਤਾ ਨਾਲ ਖੁਬ ਹਾਸੇ ਬਿਖੇਰੇ ਅਤੇ ਆਪਣੀ ਕਵਿਤਾ ਰਾਹੀਂ ਪੂਰੇ ਕਵੀ ਦਰਬਾਰ ਦੀ ਤਸਵੀਰ ਪੇਸ਼ ਕਰ ਦਿੱਤੀ । ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਬਾਖੂਬੀ ਕੀਤਾ । ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਮੁਖ ਸਿੰਘ, ਡਾ. ਗੁਰਸੇਵਕ ਲੰਬੀ, ਡਾ. ਰਾਜਵੰਤ ਕੌਰ ਪੰਜਾਬੀ, ਭਾਸ਼ਾ ਵਿਭਾਗ ਦੇ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਅਤੇ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ ।
