ਤਾਲਿਬਾਨ ਨੇ ਟਰੰਪ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਅਮਰੀਕਾ ਨੂੰ ਉਸਦੇ ਆਪਣੇ ਹਥਿਆਰ ਨਾਲ ਜਵਾਬ ਦੇਣ ਦਾ ਆਖਿਆ

ਤਾਲਿਬਾਨ ਨੇ ਟਰੰਪ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਅਮਰੀਕਾ ਨੂੰ ਉਸਦੇ ਆਪਣੇ ਹਥਿਆਰ ਨਾਲ ਜਵਾਬ ਦੇਣ ਦਾ ਆਖਿਆ
ਕਾਬੁਲ : ਸੰਸਾਰ ਪ੍ਰਸਿੱਧ ਅੱਤਵਾਦੀ ਗਰੁੱਪ ਤਾਲਿਬਾਨ ਨੇ ਕਿਹਾ ਹੈ ਕਿ ਜੇਕਰ ਕੋਈ ਅਫਗਾਨਿਸਤਾਨ `ਤੇ ਹਮਲਾ ਕਰਨ ਬਾਰੇ ਸੋਚਦਾ ਹੈ ਤਾਂ ਉਸਨੂੰ ਢੁਕਵਾਂ ਜਵਾਬ ਦਿੱਤਾ ਜਾਵੇਗਾ । ਤਾਲਿਬਾਨ ਦੀ ਇਹ ਧਮਕੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਸ ਚੇਤਾਵਨੀ ਤੋਂ ਬਾਅਦ ਆਈ ਹੈ ਜਿਸ ਵਿੱਚ ਉਨ੍ਹਾਂ ਨੇ ਅਫਗਾਨਿਸਤਾਨ ਵਿੱਚ ਛੱਡੇ ਗਏ ਅਮਰੀਕੀ ਹਥਿਆਰਾਂ ਨੂੰ ਵਾਪਸ ਲਿਆਉਣ ਦੀ ਗੱਲ ਕੀਤੀ ਸੀ । ਦੱਸਣਯੋਗ ਹੈ ਕਿ ਜਦੋਂ ਅਮਰੀਕੀ ਫੌਜਾਂ ਅਗਸਤ 2021 ਵਿੱਚ ਅਫਗਾਨਿਸਤਾਨ ਤੋਂ ਪਿੱਛੇ ਹਟ ਰਹੀਆਂ ਸਨ ਤਾਂ ਉਹ ਆਪਣੇ ਪਿੱਛੇ ਹੈਲੀਕਾਪਟਰਾਂ ਤੋਂ ਲੈ ਕੇ ਬਖਤਰਬੰਦ ਵਾਹਨਾਂ ਤੱਕ, ਵੱਡੀ ਮਾਤਰਾ ਵਿੱਚ ਹਥਿਆਰ ਛੱਡ ਗਏ ਸਨ । ਇਹ ਹਥਿਆਰ ਤਾਲਿਬਾਨ ਨੇ ਕਬਜ਼ੇ ਵਿੱਚ ਲੈ ਲਏ ਹਨ । ਹੁਣ, ਲਗਭਗ ਸਾਢੇ ਤਿੰਨ ਸਾਲ ਬਾਅਦ, ਤਾਲਿਬਾਨ ਇਨ੍ਹਾਂ ਹੀ ਹਥਿਆਰਾਂ ਨਾਲ ਅਮਰੀਕਾ ਨੂੰ ਧਮਕੀ ਦੇ ਰਿਹਾ ਹੈ ।
ਦਰਅਸਲ ਹਰ ਸਾਲ ਤਾਲਿਬਾਨ ਇੱਕ ਪਰੇਡ ਦਾ ਆਯੋਜਨ ਕਰਦਾ ਹੈ ਜਿਸ ਵਿੱਚ ਅਮਰੀਕੀ ਹਥਿਆਰ ਪ੍ਰਦਰਸ਼ਿਤ ਕੀਤੇ ਜਾਂਦੇ ਹਨ, ਜਿਸਨੂੰ ਅਮਰੀਕਾ ਉੱਤੇ ਜਿੱਤ ਵਜੋਂ ਦਰਸਾਇਆ ਜਾਂਦਾ ਹੈ । ਇਹ ਅਮਰੀਕਾ ਲਈ ਸ਼ਰਮਿੰਦਗੀ ਦਾ ਵਿਸ਼ਾ ਹੈ । ਟਰੰਪ ਇਹ ਹਥਿਆਰ ਵਾਪਸ ਚਾਹੁੰਦੇ ਹਨ । ਪਿਛਲੇ ਸ਼ਨੀਵਾਰ ਨੂੰ ਮੈਰੀਲੈਂਡ ਵਿੱਚ ਕੰਜ਼ਰਵੇਟਿਵ ਪੋਲੀਟੀਕਲ ਐਕਸ਼ਨ ਕਾਨਫਰੰਸ ਵਿੱਚ ਬੋਲਦਿਆਂ ਟਰੰਪ ਨੇ ਕਿਹਾ ਕਿ ਅਸੀਂ ਅਫਗਾਨਿਸਤਾਨ ਵਿੱਚ ਬਹੁਤ ਕੁਝ ਪਿੱਛੇ ਛੱਡ ਦਿੱਤਾ ਹੈ। ਇਹ ਤਾਲਿਬਾਨ ਨਾਲ ਹੈ । ਤੁਸੀਂ ਜਾਣਦੇ ਹੋ ਕਿ ਉਨ੍ਹਾਂ ਦੀ ਹਰ ਸਾਲ ਪਰੇਡ ਹੁੰਦੀ ਹੈ ਜਿੱਥੇ ਉਹ ਸਾਡੇ ਫੌਜੀ ਵਾਹਨਾਂ ਨੂੰ ਲੈ ਕੇ ਕਿਸੇ ਛੋਟੀ ਜਿਹੀ ਗਲੀ `ਤੇ ਚਲਾਉਂਦੇ ਹਨ । ਜਿਵੇਂ ਇਹ ਉਨ੍ਹਾਂ ਦੀ ਫੌਜੀ ਪਰੇਡ ਦਾ ਰੂਪ ਹੈ । ਟਰੰਪ ਨੇ ਅੱਗੇ ਕਿਹਾ ਕਿ ਜਦੋਂ ਮੈਂ ਇਹ ਦੇਖਦਾ ਹਾਂ, ਮੈਨੂੰ ਗੁੱਸਾ ਆਉਂਦਾ ਹੈ ।`
