ਮੁੱਖ ਮੰਤਰੀ ਬੰਗਾਲ ਮਮਤਾ ਬੈਨਰਜੀ ਨੇ ਆਰਜੀ ਕਰ ਹਾਦਸੇ ਦੀ ਪੀੜਤਾ ਨੂੰ ਭੈਣ ਦੱਸਦਿਆਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੀ ਕੀਤੀ ਮੰਗ

ਦੁਆਰਾ: Punjab Bani ਪ੍ਰਕਾਸ਼ਿਤ :Monday, 24 February, 2025, 02:36 PM

ਮੁੱਖ ਮੰਤਰੀ ਬੰਗਾਲ ਮਮਤਾ ਬੈਨਰਜੀ ਨੇ ਆਰਜੀ ਕਰ ਹਾਦਸੇ ਦੀ ਪੀੜਤਾ ਨੂੰ ਭੈਣ ਦੱਸਦਿਆਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੀ ਕੀਤੀ ਮੰਗ
ਕੋਲਕਾਤਾ, 24 ਫਰਵਰੀ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਕਤਲ ਕੀਤੀ ਗਈ ਮਹਿਲਾ ਡਾਕਟਰ ਨੂੰ ਆਪਣੀ ‘ਭੈਣ’ ਕਰਾਰ ਦਿੰਦਿਆਂ ਪੀੜਤਾ ਦੇ ਮਾਪਿਆਂ ਪ੍ਰਤੀ ਡੂੰਘੀ ਹਮਦਰਦੀ ਦਾ ਇਜ਼ਹਾਰ ਕੀਤਾ ਤੇ ਨਾਲ ਹੀ ਇਸ ਅਪਰਾਧ ਲਈ ਜਿੰਮੇਵਾਰ ਲੋਕਾਂ ਨੂੰ ਸਖ਼ਤ ਸਜ਼ਾ ਦੀ ਵੀ ਮੰਗ ਕੀਤੀ ਗਈ । ਮਮਤਾ ਬੈਨਰਜੀ ਧੋਨੋ ਧਨਯੋ ਆਡੀਟੋਰੀਅਮ ਵਿੱਚ ਸੀਨੀਅਰ ਅਤੇ ਜੂਨੀਅਰ ਡਾਕਟਰਾਂ ਅਤੇ ਮੈਡੀਕਲ ਵਿਦਿਆਰਥੀਆਂ ਦੀ ਇੱਕ ਖ਼ਾਸ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ ।
ਮੁੱਖ ਮੰਤਰੀ ਬੈਨਰਜੀ ਨੇ ਇਨਸਾਫ਼ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਦੇ ਯਤਨਾਂ ਨੂੰ ਉਜਾਗਰ ਕੀਤਾ ਅਤੇ ਅਪਰਾਜਿਤਾ ਬਿੱਲ ਪੇਸ਼ ਕੀਤੇ ਜਾਣ ਨੂੰ ਉਭਾਰਿਆ, ਜਿਹੜਾ ਜਬਰ-ਜਨਾਹ ਦੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਵਿਵਸਥਾ ਕਰਦਾ ਹੈ । ਬੈਨਰਜੀ ਨੇ ਕਿਹਾ ਕਿ ਮੈਂ ਆਰਜੀ ਕਰ ਹਸਪਤਾਲ ਵਿੱਚ ਮਾਰੀ ਗਈ ਭੈਣ ਦੇ ਪਰਿਵਾਰ ਨਾਲ ਆਪਣੀ ਸੰਵੇਦਨਾ ਪ੍ਰਗਟ ਕਰਦੀ ਹਾਂ। ਅਸੀਂ ਇਸ ਮਾਮਲੇ ਵਿੱਚ ਢੁਕਵੀਂ ਸਜ਼ਾ ਦੀ ਮੰਗ ਕਰਦੇ ਹਾਂ । ਉਨ੍ਹਾਂ ਕਿਹਾ ਕਿ ਮੈਂ ਇਸ ਘਟਨਾ ਦੇ ਵਿਰੋਧ ਵਿੱਚ ਸੜਕਾਂ ‘ਤੇ ਵੀ ਉਤਰੀ ਸੀ । ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਅਪਰਾਜਿਤਾ ਬਿੱਲ ਪਾਸ ਕਰ ਦਿੱਤਾ ਸੀ ਪਰ ਇਹ ਅਜੇ ਵੀ (ਰਾਸ਼ਟਰਪਤੀ ਕੋਲ) ਲਟਕ ਰਿਹਾ ਹੈ । ਦੱਸਣਯੋਗ ਹੈ ਕਿ ਪਿਛਲੇ ਸਾਲ 9 ਅਗਸਤ ਨੂੰ ਕੋਲਕਾਤਾ ਦੇ ਸਰਕਾਰੀ ਹਸਪਤਾਲ ਵਿੱਚ ਇੱਕ 31 ਸਾਲਾ ਜੂਨੀਅਰ ਡਾਕਟਰ ਨਾਲ ਜਬਰ ਜਨਾਹ ਪਿੱਛੋਂ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਨਾਲ ਦੇਸ਼ ਭਰ ਵਿਚ ਰੋਸ ਪੈਦਾ ਹੋ ਗਿਆ ਸੀ ।